ਕਾਲਜ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਮਈ
ਸ੍ਰੀ ਗੁਰੂ ਨਾਨਕ ਦੇਵ ਖ਼ਾਲਸਾ ਕਾਲਜ ਦਿੱਲੀ ਯੂਨੀਵਰਸਿਟੀ ਦਾ ਸਾਲਾਨਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪ੍ਰੋ. ਗੁਰਪ੍ਰੀਤ ਸਿੰਘ ਟੁਟੇਜਾ, ਕੰਟਰੋਲਰ ਆਫ਼ ਐਗਜਾਮੀਨੇਸ਼ਨ ਦਿੱਲੀ ਯੂਨੀਵਰਸਿਟੀ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਚੇਅਰਮੈਨ ਸੁਖਬੀਰ ਸਿੰਘ ਕਾਲੜਾ, ਖਜ਼ਾਨਚੀ ਕੁਲਬੀਰ ਸਿੰਘ ਅਤੇ ਕਾਲਜ ਗਵਰਨਿੰਗ ਬਾਡੀ ਦੇ ਹੋਰ ਮੈਂਬਰ ਸਾਹਿਬਾਨ ਵੀ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਕੀਰਤਨ ਨਾਲ ਕੀਤੀ ਗਈ। ਉਪਰੰਤ ਕਾਲਜ ਦੀ ਮੈਗਜ਼ੀਨ ‘ਸੁਰਲੋਕ’ ਰਿਲੀਜ਼ ਕੀਤੀ ਗਈ ਅਤੇ ਮੁੱਖ ਮਹਿਮਾਨ ਨੇ ਗੁਰੂ ਨਾਨਕ ਸਾਹਿਬ ਦੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਸਿਧਾਂਤ ਦੇ ਨਾਲ ਏਆਈ ਯੁੱਗ ਦੇ ਸਮਾਨਾਂਤਰ ਚੱਲਣ ਦੇ ਨਾਲ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੀ ਗੱਲ ’ਤੇ ਵੀ ਜ਼ੋਰ ਦਿੱਤਾ। ਜਗਦੀਪ ਸਿੰਘ ਕਾਹਲੋਂ ਨੇ ਕਾਲਜ ਦੀ ਅਮੀਰ ਵਿਰਾਸਤ ਦੇ ਨਾਲ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੂੰ ਰਾਸ਼ਟਰੀ ਪੱਧਰ ’ਤੇ ਹੋਣ ਵਾਲੀਆਂ ਵੱਡੀਆਂ ਪ੍ਰੀਖਿਆਵਾਂ ਵਿਚ ਵਧ-ਚੜ੍ਹ ਕੇ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਅਤੇ ਯੂਪੀਐੱਸਸੀ ਵਿਚ ਕਾਮਯਾਬ ਹੋਏ ਕਾਲਜ ਦੇ ਵਿਦਿਆਰਥੀਆਂ ਨੂੰ ਵਧਾਈ ਵੀ ਦਿੱਤੀ। ਇਸ ਮੌਕੇ ਕਾਲਜ ਵਿਚ ਅਧਿਆਪਕ ਵਜੋਂ 25 ਸਾਲ ਪੂਰੇ ਕਰ ਚੁੱਕੇ ਡਾ. ਇੰਦਰਪ੍ਰੀਤ ਸਿੰਘ, ਡਾ. ਭਗਵੰਤ ਕੌਰ, ਡਾ. ਮੀਨਾ ਸਿੰਘ ਨੂੰ ਅਤੇ ਕਾਲਜ ਵਿਚ ਸੇਵਾਵਾਂ ਦੇਣ ਲਈ ਨਾਨ-ਟੀਚਿੰਗ ਸਟਾਫ ਵਿੱਚੋਂ ਵਿਜੈ ਕੁਮਾਰ ਨੂੰ 40 ਸਾਲ ਅਤੇ ਜਸਵਿੰਦਰ ਕੌਰ ਨੂੰ 25 ਸਾਲ ਪੂਰੇ ਹੋਣ ’ਤੇ ਅਤੇ ਸੇਵਾਮੁਕਤ ਅਧਿਆਪਕਾਂ ਪ੍ਰੋ. ਬੇਅੰਤ ਕੌਰ ਅਤੇ ਡਾ. ਰਾਜੀਵ ਮਿੱਢਾ ਨੂੰ ਵੀ ਸਨਮਾਨ-ਚਿੰਨ੍ਹ ਅਤੇ ਸ਼ਾਲ ਨਾਲ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਡਾ. ਬਲਜੀਤ ਸਿੰਘ ਨੇ ਆਏ ਮਹਿਮਾਨਾਂ ਤੇ ਸਟਾਫ਼ ਦਾ ਧੰਨਵਾਦ ਕੀਤਾ।