ਗੁਰੂਗ੍ਰਾਮ ’ਚ ਮੀਂਹ ਨੇ ਖੋਲ੍ਹੀ ਪ੍ਰਸ਼ਾਸਨ ਦੀ ਪੋਲ
ਨਵੀਂ ਦਿੱਲੀ, 3 ਮਈ
ਗੁਰੂਗ੍ਰਾਮ ਵਿੱਚ ਰਾਤ ਮੀਂਹ ਪੈਣ ਕਾਰਨ ਸੜਕਾਂ ’ਤੇ ਪਾਣੀ ਭਰ ਗਿਆ। ਇਹ ਮੀਂਹ ਸਵੇਰੇ ਵੀ ਪੈਂਦਾ ਰਿਹਾ । ਕਈ ਫਲਾਈਓਵਰਾਂ ਦੇ ਹੇਠਾਂ ਪਾਣੀ ਖੜ੍ਹ ਗਿਆ। ਇਸ ਕਾਰਨ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਥਾਈਂ ਰਾਹਗੀਰਾਂ ਦੇ ਦੋਪਹੀਆ ਵਾਹਨਾਂ ਵਿੱਚ ਪਾਣੀ ਭਰਨ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੜਕਾਂ ’ਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪ੍ਰਸ਼ਾਸਨ ਦੀ ਪੋਲ ਖੁੱਲ੍ਹ ਗਈ। ਮੀਂਹ ਕਾਰਨ ਰਾਜੀਵ ਚੌਕ ਗੁਰੂਗ੍ਰਾਮ ਦੇ ਸਬਵੇਅ ਵਿੱਚ ਪਾਣੀ ਭਰ ਗਿਆ। ਜਦੋਂ ਪਾਣੀ ਦੀ ਨਿਕਾਸੀ ਹੋਈ ਤਾਂ ਪਲਾਸਟਿਕ ਦਾ ਸਾਮਾਨ ਸੜਕ ’ਤੇ ਪਿਆ ਰਿਹਾ, ਜੋ ਪਾਣੀ ਨਾਲ ਹੜ੍ਹ ਕੇ ਆ ਗਿਆ। ਇਸ ਕਾਰਨ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇਹ ਸਭ ਕੁੱਝ ਪ੍ਰਸ਼ਾਸਨ ਦੀ ਸਫਾਈ ਸਬੰਧੀ ਪੋਲ ਖੋਲ੍ਹ ਰਿਹਾ ਸੀ। ਨੀਵੇਂ ਖੇਤਰਾਂ ਵਿੱਚ ਪਾਣੀ ਦੀ ਨਿਕਾਸੀ ਪ੍ਰਸ਼ਾਸਨ ਦੀ ਪੋਲ ਖੋਲ੍ਹ ਰਹੀ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਬਿਮਾਰੀਆਂ ਫੈਲਣ ਦਾ ਖਦਸ਼ਾ ਹੈ। ਉਧਰ, ਕੌਮੀ ਰਾਜਧਾਨੀ ਵਿੱਚ ਅੱਜ ਘੱਟੋ ਤੋਂ ਘੱਟ ਤਾਪਮਾਨ 22.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਤਾਪਮਾਨ ਇਸ ਮੌਸਮ ਦਾ ਔਸਤ ਨਾਲੋਂ 2.5 ਡਿਗਰੀ ਘੱਟ ਹੈ। ਮੌਸਮ ਵਿਭਾਗ ਨੇ ਦਿਨੇ ਤੇਜ਼ ਹਵਾਵਾਂ ਦੇ ਨਾਲ ਹਲਕ ਅਤੇ ਮੱਧਮ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਦੇ ਅਨੁਸਾਰ ਸਫਦਰਜੰਗ ਮੌਸਮ ਕੇਂਦਰ ਨੇ ਦੇਰ ਰਾਤ ਢਾਈ ਵਜੇ ਤੋਂ ਸਵੇਰੇ ਸਾਢੇ ਅੱਠ ਵਜੇ ਤੱਕ ਸਿਰਫ ਛੇ ਘੰਟਿਆਂ ਵਿੱਚ ਕਰੀਬ 77 ਮਿਮੀ ਮੀਂਹ ਦਰਜ ਕੀਤਾ ਹੈ। ਇਹ ਮਈ ਮਹੀਨੇ ਵਿੱਚ ਦਿੱਲੀ ਵਿੱਚ 24 ਘੰਟਿਆਂ ਵਿੱਚ ਹੋਈ ਦੂਜਾ ਸਭ ਤੋਂ ਵੱਧ ਮੀਂਹ ਦਰਜ ਕੀਤਾ ਗਿਆ ਹੈ, ਜਦੋਂ ਤੋਂ 1901 ਤੋਂ ਰਿਕਾਰਡ ਰੱਖਣਾ ਸ਼ੁਰੂ ਹੋਇਆ ਹੈ। ਹੁਣ ਤੱਕ ਦਾ ਰਿਕਾਰਡ 119.3 ਮਿਲੀਮੀਟਰ ਹੈ ਜੋ ਮਈ 2021 ਵਿੱਚ ਇੱਕ ਦਿਨ ਵਿੱਚ ਦਰਜ ਕੀਤਾ ਗਿਆ ਸੀ। -ਪੀਟੀਆਈ
ਤੇਜ਼ ਹਨੇਰੀ ਅਤੇ ਹੋਈ ਵਰਖਾ ਕਾਰਨ ਦਰਜਨਾਂ ਦਰੱਖ਼ਤ ਡਿੱਗੇ
ਜੀਂਦ (ਪੱਤਰ ਪ੍ਰੇਰਕ): ਪਿਛਲੇ ਦਿਨੀਂ ਜ਼ਿਲ੍ਹੇ ਵਿੱਚ ਆਈ ਤੇਜ਼ ਹਨੇਰੀ ਅਤੇ ਹੋਈ ਵਰਖਾ ਨਾਲ ਦਰਜਨਾਂ ਦਰੱਖਤ ਡਿੱਗ ਗਏ। ਇਸ ਦੇ ਨਾਲ ਹੀ ਦੋ ਮਕਾਨਾਂ ਉੱਤੇ ਅਸਮਾਨੀ ਬਿਜਲੀ ਵੀ ਡਿੱਗ ਗਈ। ਇਨ੍ਹਾਂ ਘਟਨਾਵਾਂ ਵਿੱਚ ਲੱਖਾਂ ਰੁਪਏ ਦੇ ਸਾਮਾਨ ਨਸ਼ਟ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਅਸਮਾਨੀ ਬਿਜਲੀ ਡਿੱਗਣ ਦੀ ਘਟਨਾ ਦੋ ਪਿੰਡਾਂ ਅਕਾਲਗੜ੍ਹ ਅਤੇ ਇੰਟਲ ਵਿੱਚ ਵਾਪਰੀ। ਇਸ ਘਟਨਾ ਨਾਲ ਪੀੜਤ ਪਿੰਡ ਅਕਾਲਗੜ੍ਹ ਵਾਸੀ ਜੈਵੀਰ ਨੇ ਦੱਸਿਆ ਕਿ ਪਿੰਡ ਵਿੱਚ ਬਣੇ ਉਸ ਦੇ ਮਕਾਨ ਉੱਤੇ ਬਰਸਾਤ ਦੇ ਨਾਲ ਬਿਜਲੀ ਡਿੱਗਣ ਦਾ ਧਮਾਕਾ ਹੋਇਆ, ਜਿਸ ਕਾਰਨ ਉਸ ਦੇ ਮਕਾਨ ਦੇ ਦਰਵਾਜ਼ੇ ਅਤੇ ਖਿੜਕੀਆਂ ਦੇ ਸੀਸ਼ੇ ਟੁੱਟ ਗਏ, ਮਕਾਨ ਦੇ ਲੈਂਟਰ ਵਿੱਚ ਤਰੇੜਾਂ ਆ ਗਈਆਂ। ਘਰ ਵਿੱਚ ਰੱਖਿਆ ਫਰਿਜ਼, ਐਲਈਡੀ, ਵਾਸ਼ਿੰਗ ਮਸ਼ੀਨ, ਇੰਨਵਰਟਰ, ਪੱਖਿਆਂ ਦੇ ਨਾਲ-ਨਾਲ ਘਰ ਵਿੱਚ ਲੱਗੀ ਤਾਰ ਦੀ ਫੀਟਿੰਗ ਵੀ ਸੜ੍ਹ ਗਈ। ਉਸ ਦੇ ਮਕਾਨ ਹੇਠਾਂ ਚੱਲ ਰਹੇ ਨਿੱਜੀ ਸਕੂਲ ਦਾ ਰਿਕਾਰਡ ਵੀ ਸੜ੍ਹ ਗਿਆ ਹੈ। ਜੈਵੀਰ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਸ ਸਬੰਧੀ ਮੁਆਵਜ਼ੇ ਦੀ ਮੰਗ ਕੀਤੀ ਹੈ। ਉੱਧਰ, ਪਿੰਡ ਇੰਟਲ ਨਿਵਾਸੀ ਮਕਾਨ ਮਾਲਕ ਨੇ ਦੱਸਿਆ ਕਿ ਉਸ ਦੇ ਮਕਾਨ ਉੱਤੇ ਬਿਜਲੀ ਡਿੱਗਣ ਦਾ ਧਮਾਕਾ ਤਾਂ ਹੋਇਆ ਪਰ ਬਹੁਤਾ ਨੁਕਸਾਨ ਨਹੀਂ ਹੋਇਆ। ਉਸ ਦੇ ਪਸ਼ੂ ਧਮਾਕਾ ਹੁੰਦੇ ਹੀ ਘਰੋਂ ਬਾਹਰ ਭੱਜ ਗਏ। ਇਨ੍ਹਾਂ ਘਟਨਾਵਾਂ ਮਗਰੋਂ ਜੀਂਦ ਦੇ ਵਿਧਾਇਕ ਤੇ ਡਿਪਟੀ ਸਪੀਕਰ ਦੇ ਪ੍ਰਤੀਨਿਧੀ ਰੁਦਰਾਕਸ਼ ਮਿੱਢਾ ਨੇ ਪਹੁੰਚ ਕੇ ਘਟਨਾਵਾਂ ਦਾ ਜਾਇਜ਼ਾ ਲਿਆ ਤੇ ਹੋਏ ਨੁਕਸਾਨ ਦੀ ਭਰਪਾਈ ਕਰਵਾਉਣ ਦਾ ਭਰੋਸਾ ਦਿੱਤਾ।