ਜੀ-7 ਸਿਖਰ ਸੰਮੇਲਨ ਲਈ ਕੈਨੇਡਾ ਜਾਣਗੇ ਪ੍ਰਧਾਨ ਮੰਤਰੀ ਮੋਦੀ
ਕੈਨੇਡਿਆਈ ਹਮਰੁਤਬਾ ਮਾਰਕ ਕਾਰਨੀ ਨੇ ਫੋਨ ਕਰਕੇ ਦਿੱਤਾ ਸੱਦਾ
ਅਜੈ ਬੈਨਰਜੀ
ਨਵੀਂ ਦਿੱਲੀ, 6 ਜੂਨ
ਪਿਛਲੇ ਕੁਝ ਸਮੇਂ ਤੋਂ ਭਾਰਤ ਤੇ ਕੈਨੇਡਾ ਵਿਚ ਬਣੀ ਕੁੜੱਤਣ ਖ਼ਤਮ ਕਰਕੇ ਰਿਸ਼ਤਿਆਂ ਦੀ ਸੁਰਜੀਤੀ ਦਾ ਸੰੰਕੇਤ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਕੈਨੇਡਿਆਈ ਹਮਰੁਤਬਾ ਮਾਰਕ ਕਾਰਨੀ ਦੇ ਸੱਦੇ ’ਤੇ ਕੈਨੇਡਾ ਜਾਣਗੇ। ਮੋਦੀ ਕੈਨੇਡਾ ਦੀ ਮੇਜ਼ਬਾਨੀ ਵਿਚ 15 ਤੋਂ 17 ਜੂਨ ਨੂੰ ਹੋਣ ਵਾਲੇ ਜੀ7 ਸਿਖਰ ਸੰਮੇਲਨ ਵਿਚ ਸ਼ਾਮਲ ਹੋਣਗੇ। ਸ੍ਰੀ ਮੋਦੀ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ’ਤੇ ਆਪਣੀ ਇਸ ਅਗਾਮੀ ਫੇਰੀ ਬਾਰੇ ਪੋਸਟ ਕੀਤਾ, ਜਿਸ ਨਾਲ ਉਨ੍ਹਾਂ ਅਟਕਲਾਂ ਦਾ ਭੋਗ ਪੈ ਗਿਆ ਕਿ ਪ੍ਰਧਾਨ ਮੰਤਰੀ 2019 ਤੋਂ ਬਾਅਦ ਪਹਿਲੀ ਵਾਰ G-7 ਸਿਖਰ ਵਾਰਤਾ ਵਿੱਚ ਸ਼ਾਮਲ ਨਹੀਂ ਹੋਣਗੇ। ਭਾਰਤ G-7 ਦਾ ਮੈਂਬਰ ਨਹੀਂ ਹੈ, ਪਰ ਵੱਡੇ ਅਰਥਚਾਰਿਆਂ ਵਿੱਚੋਂ ਇੱਕ ਵਜੋਂ ਸੱਦਾ ਦਿੱਤਾ ਗਿਆ ਹੈ।
Glad to receive a call from Prime Minister @MarkJCarney of Canada. Congratulated him on his recent election victory and thanked him for the invitation to the G7 Summit in Kananaskis later this month. As vibrant democracies bound by deep people-to-people ties, India and Canada…
— Narendra Modi (@narendramodi) June 6, 2025
ਸ੍ਰੀ ਮੋਦੀ ਨੇ ਆਪਣੇ ਕੈਨੇਡਿਆਈ ਹਮਰੁਤਬਾ ਨਾਲ ਫੋਨ ’ਤੇ ਹੋਈ ਗੱਲਬਾਤ ਦਾ ਜ਼ਿਕਰ ਕਰਦੇ ਹੋਏ ਕਿਹਾ, ‘‘ਕਾਰਨੀ ਨੂੰ ਉਨ੍ਹਾਂ ਦੀ ਹਾਲੀਆ ਚੋਣ ਜਿੱਤ ’ਤੇ ਵਧਾਈ ਦਿੱਤੀ ਅਤੇ ਇਸ ਮਹੀਨੇ ਦੇ ਅੰਤ ਵਿੱਚ Kananaskis ਵਿੱਚ ਹੋਣ ਵਾਲੇ G7 ਸੰਮੇਲਨ ਲਈ ਸੱਦਾ ਦੇਣ ਵਾਸਤੇ ਉਨ੍ਹਾਂ ਦਾ ਧੰਨਵਾਦ ਕੀਤਾ।’’ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਦੇ ਦੌਰ ਤੋਂ ਹਟ ਕੇ, ਜਦੋਂ ਭਾਰਤ ਤੇ ਕੈਨੇਡਾ ਨੇ ਇਕ ਦੂਜੇ ’ਤੇ ਗੰਭੀਰ ਦੋਸ਼ ਲਗਾਏ ਸਨ, ਸ੍ਰੀ ਮੋਦੀ ਨੇ ਆਪਣੀ ਪੋਸਟ ਵਿਚ ਕਿਹਾ, ‘‘ਲੋਕਾਂ ਦਰਮਿਆਨ ਡੂੰਘੇ ਰਿਸ਼ਤਿਆਂ ਵਿਚ ਬੱਝੀਆਂ ਦੋ ਜੀਵੰਤ ਜਮਹੂਰੀਅਤਾਂ ਦੇ ਰੂਪ ਵਿਚ ਭਾਰਤ ਤੇ ਕੈਨੇਡਾ ਪਰਸਪਰ ਸਨਮਾਨ ਤੇ ਸਾਂਝੇ ਹਿੱਤਾਂ ਦੇ ਮਾਰਗਦਰਸ਼ਨ ਲਈ ਨਵੇਂ ਜੋਸ਼ ਨਾਲ ਮਿਲ ਕੇ ਕੰਮ ਕਰਨਗੇ। ਸਿਖਰ ਸੰਮੇਲਨ (G-7) ਵਿਚ ਸਾਡੀ ਮੁਲਾਕਾਤ ਦੀ ਬੇਸਬਰੀ ਨਾਲ ਉਡੀਕ ਹੈ।’’ ਕਾਰਨੀ ਨੇ ਇਸ ਸਾਲ ਮਾਰਚ ਵਿਚ ਪ੍ਰਧਾਨ ਮੰਤਰੀ ਵਜੋਂ ਜ਼ਿੰਮੇਵਾਰੀ ਸੰਭਾਲੀ ਸੀ।
ਕੌਮਾਂਤਰੀ ਸਿਖਰ ਸੰਮੇਲਨਾਂ ਵਿਚ ਰਵਾਇਤੀ ਤੌਰ ’ਤੇ ਮੇਜ਼ਬਾਨ ਮੁਲਕ ਨੂੰ ਖਾਸ ਕਰਕੇ ਮਹਿਮਾਨ ਸੱਦਣ, ਏਜੰਡਾ ਨਿਰਧਾਰਿਤ ਕਰਨ ਤੇ ਸਿਖਰ ਵਾਰਤਾ ਲਈ ਫੈਸਲੇ ਲੈਣ ਦਾ ਅਧਿਕਾਰ ਹੁੰਦਾ ਹੈ। ਇਹ ਅਧਿਕਾਰ ਮੇਜ਼ਬਾਨ ਨੂੰ ਆਪਣੀਆਂ ਤਰਜੀਹਾਂ ਮੁਤਾਬਕ ਪ੍ਰੋਗਰਾਮ ਤਿਆਰ ਕਰਨ ਤੇ ਆਪਣੀ ਵਿਦੇਸ਼ ਨੀਤੀ ਦੇ ਟੀਚਿਆਂ ਨੂੰ ਉਤਸ਼ਾਹਿਤ ਕਰਨ ਦੀ ਇਜਾਜ਼ਤ ਦਿੰਦਾ ਹੈ।
ਜੀ7 ਵਿਸ਼ਵ ਦੀਆਂ ਸਭ ਤੋਂ ਵੱਧ ਉਦਯੋਗਿਕ ਅਰਥਚਾਰਿਆਂ -ਅਮਰੀਕਾ, ਯੂਕੇ, ਫਰਾਂਸ, ਜਰਮਨੀ, ਇਟਲੀ, ਜਾਪਾਨ ਅਤੇ ਕੈਨੇਡਾ ਦਾ ਇੱਕ ਗੈਰ-ਰਸਮੀ ਸਮੂਹ ਹੈ। ਇਸ ਵਿੱਚ ਯੂਰਪੀਅਨ ਯੂਨੀਅਨ (EU), ਕੌਮਾਂਤਰੀ ਮੁਦਰਾ ਫ਼ੰਡ (IMF), ਵਿਸ਼ਵ ਬੈਂਕ ਅਤੇ ਸੰਯੁਕਤ ਰਾਸ਼ਟਰ ਨੂੰ ਵੀ ਸੱਦਾ ਦਿੱਤਾ ਗਿਆ ਹੈ।
ਜੀ-7 ਸੰਮੇਲਨ ਕੈਨੇਡਾ ਵਿੱਚ ਹੋ ਰਿਹਾ ਹੈ। ਕੈਨੇਡਾ ਵਿਚ ਜੂਨ 2023 ’ਚ ਖਾਲਿਸਤਾਨੀ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਭਾਰਤ ਕੈਨੇਡਾ ਰਿਸ਼ਤਿਆਂ ਵਿਚ ਕੁੜੱਤਣ ਵਧੀ ਹੈ। ਇਸ ਮਾਮਲੇ ਨੇ ਉਦੋਂ ਜ਼ੋਰ ਫੜਿਆ ਜਦੋਂ ਤਤਕਾਲੀਨ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਝਰ ਦੀ ਹੱਤਿਆ ਵਿਚ ਭਾਰਤ ਸਰਕਾਰ ਦੇ ਏਜੰਟਾਂ ਦਾ ਹੱਥ ਹੋਣ ਦਾ ਦਾਅਵਾ ਕੀਤਾ। ਭਾਰਤ ਨੇ ਟਰੂਡੋ ਦੇ ਦੋਸ਼ਾਂ ਨੂੰ ‘ਬੇਬੁਨਿਆਦ’ ਦੱਸਦੇ ਹੋਏ ਸਖ਼ਤੀ ਨਾਲ ਖਾਰਜ ਕਰ ਦਿੱਤਾ ਸੀ।