ਮੀਂਹ ਕਾਰਨ ਮੰਡੀਆਂ ਤੇ ਖਰੀਦ ਕੇਂਦਰਾਂ ’ਚ ਲੱਖਾਂ ਕੁਟਿੰਟਲ ਕਣਕ ਭਿੱਜੀ
ਮਹਾਂਵੀਰ ਮਿੱਤਲ
ਜੀਂਦ, 3 ਮਈ
ਖਰੀਦ ਏਜੰਸੀਆਂ ਵੱਲੋਂ ਸਰਕਾਰ ਦੇ ਹੁਕਮਾਂ ਅਨੁਸਾਰ 48 ਘੰਟਿਆਂ ਵਿੱਚ ਕਣਕ ਦੀ ਅਨਾਜ ਮੰਡੀਆਂ ਵਿੱਚੋਂ ਲਿਫਟਿੰਗ ਕਰਵਾਉਣ ਵਿੱਚ ਸਫਲ ਨਾ ਹੋਣ ਦਾ ਖ਼ਮਿਆਜ਼ਾ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਉਦੋਂ ਭੁਗਤਣਾ ਪਿਆ, ਜਦੋਂ ਕਲ੍ਹ ਇੱਥੇ ਅਚਾਨਕ ਬਰਸਾਤ ਹੋ ਗਈ। ਲਿਫਟਿੰਗ ਦੀ ਇੰਤਜ਼ਾਰ ਵਿੱਚ ਖੁੱਲ੍ਹੇ ਅਸਮਾਨ ਹੇਠ ਮੰਡੀਆਂ ਵਿੱਚ ਪਈ ਲੱਖਾਂ ਕੁਇੰਟਲ ਕਣਕ ਬਰਸਾਤ ਦੀ ਭੇਟ ਚੜ੍ਹਦੀ ਵਿਖਾਈ ਦਿੱਤੀ। ਕਿਉਂਕਿ ਜਦੋਂ ਤੱਕ ਮੰਡੀਆ ਤੋਂ ਏਜੰਸੀਆਂ ਵੱਲੋਂ ਕਣਕ ਦੀ ਲਿਫਟਿੰਗ ਨਹੀਂ ਕਰਵਾਈ ਜਾਂਦੀ, ਉਦੋਂ ਤੱਕ ਕਿਸਾਨਾਂ ਦੀ ਫਸਲ ਦੇ ਭੁਗਤਾਨ ਦਾ ਪੈਸਾ ਬੈਂਕਾਂ ਵਿੱਚ ਕਿਸਾਨਾਂ ਦੇ ਖਾਤਿਆਂ ਵਿੱਚ ਵੀ ਨਹੀਂ ਆਉਂਦਾ। ਹੁਣ ਕਣਕ ਦੀ ਫਸਲ ਵਰਖਾ ਦੇ ਪਾਣੀ ਨਾਲ ਭਿੱਜ ਗਈ ਹੈ ਅਤੇ ਜਦੋਂ ਤੱਕ ਫਸਲ ਸੁੱਕ ਨਹੀਂ ਜਾਂਦੀ, ਉਦੋਂ ਤੱਕ ਫਸਲ ਦੀ ਲਿਫਟਿੰਗ ਵੀ ਨਹੀਂ ਹੋ ਸਕਦੀ। ਇਸ ਬਾਰੇ ਦੋ ਦਿਨ ਪਹਿਲਾਂ ਹੀ ਡੀਸੀ ਮਹੁੰਮਦ ਇਮਰਾਨ ਰਜ਼ਾ ਨੇ ਅਧਿਕਾਰੀਆਂ ਦੀ ਮੀਟਿੰਗ ਬੁਲਾ ਕੇ ਕਣਕ ਦੀ ਫਸਲ ਗਿੱਲੀ ਨਾ ਹੋਣ ਦੇ ਆਦੇਸ਼ ਦੇਣ ਦੇ ਨਾਲ-ਨਾਲ ਆੜ੍ਹਤੀਆਂ ਨੂੰ ਵੀ ਖੁੱਲ੍ਹੇ ਅਸਮਾਨ ਹੇਠ ਪਈ ਕਣਕ ਦੀ ਫਸਲ ਨੂੰ ਤਰਪਾਲ ਆਦਿ ਨਾਲ ਢਕ ਕੇ ਪੁਖ਼ਤਾ ਪ੍ਰਬੰਧ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ। ਇਸ ਦੌਰਾਨ ਅਧਿਕਾਰੀਆਂ ਅਤੇ ਆੜ੍ਹਤੀਆਂ ਦੀ ਲਾਪ੍ਰਵਾਹੀ ਕਾਰਨ ਕਣਕ ਦੀ ਫਸਲ ਭਿੱਜ ਗਈ।
ਪੰਜ ਆੜ੍ਹਤੀਆਂ ਦੇ ਲਾਇਸੈਂਸ ਮੁਅੱਤਲ ਕਰਨ ਦੇ ਨੋਟਿਸ ਜਾਰੀ
ਇਸ ਸਬੰਧੀ ਸਖ਼ਤ ਕਾਰਵਾਈ ਕਰਦੇ ਹੋਏ ਤੁਰੰਤ ਐੱਸਡੀਐੰਮ ਸਤਿਆਵਾਨ ਸਿੰਘ ਮਾਨ ਨੇ ਮਾਰਕੀਟ ਕਮੇਟੀ ਟੀਮ ਅਤੇ ਆੜ੍ਹਤੀਆਂ ਦੇ ਨਾਲ ਮੰਡੀਆਂ ਦਾ ਦੌਰਾ ਕੀਤਾ ਤੇ ਆੜ੍ਹਤੀਆਂ ਅਤੇ ਅਧਿਕਾਰੀਆਂ ਦੀ ਲਾਹਪ੍ਰਵਾਹੀ ਵਰਤਣ ਦੇ ਦੋਸ਼ ਵਿੱਚ ਝਾੜਝੰਬ ਕੀਤੀ। ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਪ੍ਰਵੀਨ ਨੇ ਦੱਸਿਆ ਕਿ ਕਣਕ ਦੀ ਫਸਲ ਦੀ ਸਹੀ ਤਰੀਕੇ ਨਾਲ ਸੰਭਾਲ ਨਾ ਕਰਨ ਕਾਰਨ 5 ਆੜ੍ਹਤੀਆਂ ਦੇ ਲਾਇਸੈਂਸ ਮੁਅੱਤਲ ਕਰਨ ਦੇ ਨੋਟਿਸ ਜਾਰੀ ਕੀਤੇ ਗਏ ਹਨ। ਇਸੇ ਪ੍ਰਕਾਰ ਮੀਂਹ ਨੇ ਨਰਵਾਣਾ, ਉਚਾਨਾ, ਜੁਲਾਨਾ ਤੇ ਸਫੀਦੋਂ ਵਿੱਚ ਵੀ ਤਬਾਹੀ ਮਚਾਉਣ ਦੀਆਂ ਖਬਰਾਂ ਹਨ।