Vance’s India Visit: ਪਰਿਵਾਰ ਨਾਲ ਆਮੇਰ ਕਿਲ੍ਹਾ ਦੇਖਣ ਪੁੱਜੇ ਉਪ ਰਾਸ਼ਟਰਪਤੀ ਜੇਡੀ ਵੈਂਸ
ਜੈਪੁਰ, 22 ਅਪਰੈਲ
Vance’s India Visit: ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਮੰਗਲਵਾਰ ਸਵੇਰੇ ਜੈਪੁਰ ਦਾ ਆਮੇਰ ਕਿਲ੍ਹਾ ਦੇਖਿਆ। ਵੈਂਸ, ਉਨ੍ਹਾਂ ਦੀ ਭਾਰਤੀ ਮੂਲ ਦੀ ਪਤਨੀ ਊਸ਼ਾ ਚਿਲੁਕੁਰੀ ਤੇ ਤਿੰਨ ਬੱਚੇ ਇਵਾਨ, ਵਿਵੇਕ ਤੇ ਮੀਰਾਬੇਲ ਸਖ਼ਤ ਸੁਰੱਖਿਆ ਪ੍ਰਬੰਧ ਹੇਠ ਜੈਪੁਰ ਦੇ ਰਾਮਬਾਗ਼ ਪੈਲੇੇਸ ਹੋਟਲ ਤੋਂ ਸਵੇਰੇ ਸਾਢੇ ਨੌਂ ਵਜੇ ਦੇ ਕਰੀਬ ਯੂਨੈਸਕੋ ਦੀ ਵਿਸ਼ਵ ਵਿਰਾਸਤ ਵਾਲੀ ਸਾਈਟ ’ਤੇ ਪਹੁੰਚੇ। ਇਥੇ ਉਨ੍ਹਾਂ ਦਾ ਰੈੱਡ ਕਾਰਪੈੱਟ ਸਵਾਗਤ ਕੀਤਾ ਗਿਆ।
ਜਿਵੇਂ ਹੀ ਵੈਂਸ ਪਰਿਵਾਰ ਕਿਲ੍ਹੇ ਵਿਚ ਮੁੱਖ ਦਰਵਾਜ਼ੇ ‘ਜਲੇਬ ਚੌਕ’ ਰਾਹੀਂ ਦਾਖ਼ਲ ਹੋਇਆ ਤਾਂ ਦੋ ਮਾਦਾ ਹੱਥਨੀਆਂ ‘ਚੰਦਾ’ ਤੇ ‘ਮਾਲਾ’ ਨੇ ਆਪਣੀ ਸੂੰਢ ਉੱਤੇ ਚੁੱਕ ਕੇ ਉਨ੍ਹਾਂ ਦਾ ਸਵਾਗਤ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਵੈਂਸ ਪਰਿਵਾਰ ਨੇ ਰਾਜਸਥਾਨ ਦੇ ਜੀਵੰਤ ਸੱਭਿਆਚਾਰ ਦੀ ਝਲਕ ਪੇਸ਼ ਕਰਦੇ ਲੋਕ ਨਾਚ, ਜਿਨ੍ਹਾਂ ਵਿੱਚ ਕੱਚੀ ਘੋੜੀ, ਘੂਮਰ ਅਤੇ ਕਾਲਬੇਲੀਆ ਸ਼ਾਮਲ ਸਨ, ਦਾ ਆਨੰਦ ਮਾਣਿਆ।
ਉਪ-ਰਾਸ਼ਟਰਪਤੀ ਵੈਂਸ ਆਪਣੇ ਪੁੱਤਰਾਂ, ਈਵਾਨ ਅਤੇ ਵਿਵੇਕ ਨੂੰ ਹੱਥ ਫੜ ਕੇ ਰੈੱਡ ਕਾਰਪੇਟ 'ਤੇ ਚੱਲੇ, ਜਦੋਂ ਕਿ ਉਨ੍ਹਾਂ ਦੀ ਪਤਨੀ ਊਸ਼ਾ ਵੈਂਸ ਧੀ ਮੀਰਾਬੇਲ ਨੂੰ ਗੋਦੀ ਚੁੱਕੀ ਰੱਖਿਆ। ਪਰਿਵਾਰ ਪ੍ਰਭਾਵਸ਼ਾਲੀ ਵਿਹੜੇ ਅਤੇ ਵਸਤੂਕਲਾ ਤੋਂ ਪ੍ਰਭਾਵਿਤ ਦਿਖਾਈ ਦਿੱਤਾ। ਵੈਂਸ ਪਰਿਵਾਰ ਦੀ ਫੇਰੀ ਦੀਆਂ ਤਿਆਰੀਆਂ ਲਈ ਸੋਮਵਾਰ ਦੁਪਹਿਰ 12 ਵਜੇ ਤੋਂ ਆਮੇਰ ਫੋਰਟ ਪੈਲੇਸ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਸੀ। ਰਾਮਬਾਗ ਪੈਲੇਸ ਹੋਟਲ ਤੋਂ ਆਮੇਰ ਕਿਲ੍ਹੇ ਤੱਕ ਦਾ ਰਸਤਾ ਸਾਫ਼ ਅਤੇ ਵੀਆਈਪੀ ਆਵਾਜਾਈ ਲਈ ਰਾਖਵਾਂ ਰੱਖਣ ਲਈ ਟ੍ਰੈਫਿਕ ਨੂੰ ਦੂਜੇ ਰੂਟ ਤੋਂ ਚਾਲੂ ਕੀਤਾ ਗਿਆ ਸੀ।