ਦਿੱਲੀ ਵੱਲ ਛੱਡੀ ਪਾਕਿਸਤਾਨੀ ਫ਼ਤਹਿ-2 ਮਿਜ਼ਾਈਲ ਨੂੰ ਸਿਰਸਾ ’ਚ ਡੇਗਿਆ
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 10 ਮਈ
ਭਾਰਤੀ ਰਾਡਾਰ ਨੇ ਅੱਜ ਸਵੇਰੇ ਕੌਮੀ ਰਾਜਧਾਨੀ ਖੇਤਰ ਵੱਲ ਛੱਡੀ ਗਈ ਪਾਕਿਸਤਾਨੀ ਹਾਈਪਰਸੋਨਿਕ ਬੈਲਿਸਟਿਕ ਮਿਜ਼ਾਈਲ ਫ਼ਤਹਿ-2 ਦਾ ਪਤਾ ਲਗਾਇਆ ਅਤੇ ਇਸ ਨੂੰ ਹਰਿਆਣਾ ਦੇ ਸਿਰਸਾ ਉੱਪਰੋਂ ਲੰਘਦਿਆਂ ਫੁੰਡ ਦਿੱਤਾ। ਲੇਅਰਡ ਏਅਰ ਡਿਫੈਂਸ ਇੰਟੈਗ੍ਰੇਟਿਡ ਗਰਿੱਡ ਵਿੱਚ ਇਕ ਭਾਰਤੀ ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀ ਨੇ 450 ਕਿਲੋਮੀਟਰ ਦੀ ਰੇਂਜ ਵਾਲੀ ਮਿਜ਼ਾਈਲ ਨੂੰ ਮਾਰ ਡੇਗਿਆ। ਸੂਤਰਾਂ ਨੇ ਕਿਹਾ ਕਿ ਤਿੰਨ ਪ੍ਰਣਾਲੀਆਂ ਇਸ ਸ਼੍ਰੇਣੀ ਦੀ ਮਿਜ਼ਾਈਲ ਨੂੰ ਮਾਰ ਡੇਗਣ ਵਿੱਚ ਸਮਰੱਥ ਸਨ, ਜਿਨ੍ਹਾਂ ਵਿੱਚ ਰੂਸੀ ਮੂਲ ਦੀ ਐੱਸ-400, ਆਪਣੇ ਦੇਸ਼ ਵਿੱਚ ਬਣੀ ਆਕਾਸ਼ ਐੱਨਜੀ ਅਤੇ ਇਜ਼ਰਾਇਲੀ ਮੂਲ ਦੀ ਐੱਮਆਰ-ਐੱਸਏਐੱਮ ਸ਼ਾਮਲ ਸੀ। ਇਨ੍ਹਾਂ ਤਿੰਨਾਂ ’ਚੋਂ ਇਕ ਨੇ ਕੌਮੀ ਰਾਜਧਾਨੀ ਤੋਂ 220 ਕਿਲੋਮੀਟਰ ਪੱਛਮ ਵਿੱਚ ਸਿਰਸਾ ਨੇੜੇ ਮਿਜ਼ਾਈਲ ਨੂੰ ਨਿਸ਼ਾਨਾ ਬਣਾਇਆ। ਇਸ ਘਟਨਾ ਨੇ ਜਿੱਥੇ ਪਾਕਿਸਤਾਨ ਦੇ ਅਤਿ ਆਧੁਨਿਕ ਫੌਜੀ ਉਪਕਰਨ ਰੱਖਣ ਦੇ ਦਾਅਵਿਆਂ ਨੂੰ ਬੇਪਰਦਾ ਕੀਤਾ ਹੈ, ਉੱਥੇ ਹੀ ਭਾਰਤ ਦੀ ਮਜ਼ਬੂਤ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਵੀ ਸਾਰਿਆਂ ਸਾਹਮਣੇ ਲਿਆਂਦਾ ਹੈ। ਫ਼ਤਹਿ-2 ਪਾਕਿਸਤਾਨ ਵੱਲੋਂ ਵਿਕਸਤ ਨਿਰਦੇਸ਼ਿਤ ਆਰਟਲਰੀ ਰਾਕੇਟ ਪ੍ਰਣਾਲੀ ਹੈ। ਮਿਜ਼ਾਈਲ ਦਾ ਪਹਿਲੀ ਵਾਰ ਅਧਿਕਾਰਤ ਤੌਰ ’ਤੇ ਦਸੰਬਰ 2021 ਵਿੱਚ ਪਾਕਿਸਤਾਨੀ ਫੌਜ ਵੱਲੋਂ ਪਰੀਖਣ ਕੀਤਾ ਗਿਆ ਸੀ। ਇਸ ਨੂੰ ਫ਼ਤਹਿ-1 ਪ੍ਰਣਾਲੀ ਦਾ ਉੱਨਤ ਐਡੀਸ਼ਨ ਮੰਨਿਆ ਜਾਂਦਾ ਹੈ, ਜਿਸ ਦੀ ਰੇਂਜ ਜ਼ਿਆਦਾ ਹੈ ਅਤੇ ਸਟੀਕਤਾ ਵੀ ਬਿਹਤਰ ਹੈ। ਇਹ ਇਕ ਟਰਮੀਨਲ ਗਾਈਡੈਂਸ ਪ੍ਰਣਾਲੀ ਨਾਲ ਲੈਸ ਹੈ।