ਲੋਕਾਂ ’ਚ ਬਹੁਤੀ ਦੇਰ ਨਹੀਂ ਰਹੀ ਖ਼ੁਸ਼ੀ
ਚਰਨਜੀਤ ਭੁੱਲਰ
ਚੰਡੀਗੜ੍ਹ, 10 ਮਈ
ਗੋਲੀਬੰਦੀ ਦੇ ਐਲਾਨ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਪਰ ਕੁੱਝ ਘੰਟਿਆਂ ਬਾਅਦ ਹੀ ਉਹ ਨਿਰਾਸ਼ ਹੋ ਗਏ। ਦੋ ਦਿਨਾਂ ਤੋਂ ਖ਼ਾਸ ਕਰਕੇ ਸਰਹੱਦੀ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਦੇ ਸਾਹ ਸੁੱਕੇ ਪਏ ਸਨ। ਬਲੈਕਆਊਟ ਸਾਇਰਨਾਂ ਨੇ ਸਮੁੱਚੇ ਪੰਜਾਬ ’ਚ ਸਹਿਮ ਵਧਾ ਦਿੱਤਾ ਸੀ। ਸਰਹੱਦੀ ਜ਼ਿਲ੍ਹਿਆਂ ’ਚੋਂ ਲੋਕਾਂ ਨੇ ਹਿਜ਼ਰਤ ਸ਼ੁਰੂ ਕਰ ਦਿੱਤੀ ਸੀ। ਅੱਜ ਜਿਉਂ ਹੀ ਭਾਰਤ ਅਤੇ ਪਾਕਿਸਤਾਨ ’ਚ ਗੋਲੀਬੰਦੀ ਦੀ ਖ਼ਬਰ ਨਸ਼ਰ ਹੋਈ ਤਾਂ ਲੋਕਾਂ ਨੇ ਰਾਹਤ ਮਹਿਸੂਸ ਕੀਤੀ।
ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਇੱਕ ਤਰ੍ਹਾਂ ਨਾਲ ਬਰੂਦ ਦੇ ਢੇਰ ’ਤੇ ਬੈਠਾ ਮਹਿਸੂਸ ਕਰਦਾ ਹੈ। ਸਰਹੱਦੀ ਖੇਤਰ ਦੇ ਕਿਸਾਨ ਆਗੂ ਸੁਰਜੀਤ ਸਿੰਘ ਨੇ ਕਿਹਾ ਕਿ ਦੋ ਦਿਨਾਂ ਤੋਂ ਸਰਹੱਦੀ ਲੋਕਾਂ ਦੀ ਦਿਨ-ਰਾਤ ਦੀ ਚੈਨ ਉੱਡੀ ਹੋਈ ਸੀ ਅਤੇ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ ਸੀ। ਅੱਜ ਜਦੋਂ ਗੋਲੀਬੰਦੀ ਦਾ ਐਲਾਨ ਹੋਇਆ ਤਾਂ ਇਹ ਸਰਹੱਦੀ ਲੋਕਾਂ ਲਈ ਦੂਸਰੇ ਜਨਮ ਵਾਂਗ ਸੀ। ਪਾਕਿਸਤਾਨੀ ਡਰੋਨ ਤੇ ਇਨ੍ਹਾਂ ਦਾ ਮਲਬਾ ਲੋਕਾਂ ਦੀ ਜ਼ਿੰਦਗੀ ਦਾ ਖੌਅ ਬਣ ਗਿਆ ਸੀ। ਦੂਸਰੇ ਸੂਬਿਆਂ ’ਤੇ ਪੰਜਾਬ ਜਿੰਨਾ ਖ਼ਤਰਾ ਨਹੀਂ ਮੰਡਰਾ ਰਿਹਾ ਸੀ। ਐਨ ਬਾਰਡਰ ’ਤੇ ਪੈਂਦੇ ਤਰਨ ਤਾਰਨ ਦੇ ਪਿੰਡ ਕਲਸ਼ ਦੇ ਸਰਬਜੀਤ ਸਿੰਘ ਨੇ ਕਿਹਾ ਕਿ ਉਹ ਬੀਤੇ ਦਿਨ ਹੀ ਆਪਣੇ ਬੱਚਿਆਂ ਤੇ ਔਰਤਾਂ ਨੂੰ ਆਪਣੇ ਰਿਸ਼ਤੇਦਾਰਾਂ ਕੋਲ ਛੱਡ ਕੇ ਆਇਆ ਹੈ। ਫ਼ਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਦੇ ਲੋਕ ਗੋਲੀਬੰਦੀ ਕਾਰਨ ਬਾਗੋ ਬਾਗ਼ ਹਨ। ਸਰਹੱਦੀ ਸ਼ਹਿਰਾਂ ’ਚ ਕਾਲਾਬਾਜ਼ਾਰੀ ਸ਼ੁਰੂ ਹੋ ਗਈ ਸੀ। ਪਿੰਡਾਂ ਦੇ ਲੋਕਾਂ ਨੂੰ ਅਗਲੀ ਫ਼ਸਲ ਦੀ ਤਿਆਰੀ ਕਰਨ ਵਿੱਚ ਮੁਸ਼ਕਲ ਖੜ੍ਹੀ ਹੋ ਗਈ ਸੀ। ਫ਼ਿਰੋਜ਼ਪੁਰ ਦੇ ਪਿੰਡ ਕੋਇਰ ਸਿੰਘ ਵਾਲਾ ਦਾ ਗੁਰਬਿੰਦਰ ਸਿੰਘ ਨੇ ਕਿਹਾ ਕਿ ਉਸ ਨੇ ਦੋ ਰਾਤਾਂ ਤੋਂ ਇੱਕ ਘੜੀ ਸੌ ਕੇ ਨਹੀਂ ਦੇਖਿਆ। ਮਾਰੂ ਹਥਿਆਰਾਂ ਦੇ ਮਲਬੇ ਤੋਂ ਵਧੇਰੇ ਡਰ ਲੱਗਦਾ ਸੀ। ਪੰਜਾਬ ਦੇ ਕੈਬਨਿਟ ਵਜ਼ੀਰਾਂ ਨੇ ਅੱਜ ਸਰਹੱਦੀ ਜ਼ਿਲ੍ਹਿਆਂ ਵਿੱਚ ਮੁਸ਼ਤੈਦੀ ਵਧਾ ਦਿੱਤੀ ਸੀ ਅਤੇ ਪਿੰਡਾਂ-ਸ਼ਹਿਰਾਂ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸੁਣਨੀਆਂ ਸ਼ੁਰੂ ਕੀਤੀਆਂ।
ਸਰਹੱਦੀ ਪਿੰਡਾਂ ਦੇ ਲੋਕਾਂ ਦੇ ਹੌਸਲੇ ਬੁਲੰਦ: ਧਾਲੀਵਾਲ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਦੋ ਦਿਨਾਂ ਤੋਂ ਸਰਹੱਦੀ ਪਿੰਡਾਂ ਵਿੱਚ ਘੁੰਮ ਰਹੇ ਹਨ। ਇਨ੍ਹਾਂ ਇਲਾਕਿਆਂ ਵਿੱਚ ਲੋਕ ਹੌਸਲੇ ਵਿੱਚ ਹਨ। ਉਨ੍ਹਾਂ ਕਿਹਾ ਕਿ ਜੰਗਬੰਦੀ ਦੇ ਐਲਾਨ ਮਗਰੋਂ ਸਰਹੱਦੀ ਖ਼ਿੱਤੇ ਨੇ ਠੰਢੀ ਹਵਾ ਦਾ ਬੁੱਲਾ ਮਹਿਸੂਸ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋ ਦਿਨਾਂ ਤੋਂ ਪੰਜਾਬ ਸਰਕਾਰ ਨੇ ਸਮੁੱਚੇ ਸੂਬੇ ਵਿੱਚ ਤਣਾਅ ਦੇ ਮੱਦੇਨਜ਼ਰ ਹੱਥੋਂ ਹੱਥ ਪ੍ਰਬੰਧ ਕਰ ਲਏ ਸਨ।