ਭਾਰਤ ਨੇ ਗੁਰਦੁਆਰਾ ਨਨਕਾਣਾ ਸਾਹਿਬ ’ਤੇ ਹਮਲੇ ਦੇ ਦਾਅਵੇ ਨਕਾਰੇ
ਨਵੀਂ ਦਿੱਲੀ, 10 ਮਈ
ਸਰਕਾਰ ਨੇ ਅੱਜ ਭਾਰਤ ਵੱਲੋਂ ਪਾਕਿਸਤਾਨ ਸਥਿਤ ਨਨਕਾਣਾ ਸਾਹਿਬ ਗੁਰਦੁਆਰੇ ਡਰੋਨ ਹਮਲਾ ਕੀਤੇ ਜਾਣ ਦੇ ਦਾਅਵੇ ਖਾਰਜ ਕਰ ਦਿੱਤੇ ਹਨ। ਪ੍ਰੈਸ ਇਨਫਰਮੇਸ਼ਨ ਬਿਊਰੋ (ਪੀਆਈਬੀ) ਦੀ ‘ਫੈਕਟ ਚੈੱਕ’ ਇਕਾਈ ਨੇ ਕਿਹਾ ਕਿ ਅਜਿਹੀ ਸਮੱਗਰੀ ਭਾਰਤ ਵਿੱਚ ਫਿਰਕੂ ਨਫ਼ਰਤ ਪੈਦਾ ਕਰਨ ਲਈ ਪ੍ਰਸਾਰਿਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, ‘ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਸਾਂਝੀ ਕੀਤਾ ਜਾ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਨੇ ਨਨਕਾਣਾ ਸਾਹਿਬ ਗੁਰਦੁਆਰੇ ’ਤੇ ਡਰੋਨ ਹਮਲਾ ਕੀਤਾ ਹੈ। ਇਹ ਦਾਅਵਾ ਪੂਰੀ ਤਰ੍ਹਾਂ ਝੂਠਾ ਹੈ।’ ਨਨਕਾਣਾ ਸਾਹਿਬ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਹੈ। ਸਰਕਾਰ ਨੇ ਸੋਸ਼ਲ ਮੀਡੀਆ ਅਤੇ ਕੁਝ ਨਿਊਜ਼ ਪਲੇਟਫਾਰਮਾਂ ’ਤੇ ਪ੍ਰਸਾਰਿਤ ਹੋਣ ਵਾਲੀਆਂ ਉਨ੍ਹਾਂ ਰਿਪੋਰਟਾਂ ਨੂੰ ਵੀ ਰੱਦ ਕਰ ਦਿੱਤਾ, ਜਿਸ ਵਿੱਚ ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਵਿੱਚ ਊਧਮਪੁਰ ਏਅਰ ਫੋਰਸ ਬੇਸ ਨੂੰ ਤਬਾਹ ਕਰ ਦਾ ਦਾਅਵਾ ਕੀਤਾ ਗਿਆ ਸੀ। ਇਸੇ ਤਰ੍ਹਾਂ ਸਰਕਾਰ ਨੇ ਉਸ ਸੋਸ਼ਲ ਮੀਡੀਆ ਪੋਸਟ ਨੂੰ ਵੀ ‘ਫਰਜ਼ੀ’ ਦੱਸ ਕੇ ਖਾਰਜ ਕਰ ਦਿੱਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇੱਕ ਭਾਰਤੀ ਪਾਇਲਟ ਨੇ ਮਕਬੂਜ਼ਾ ਕਸ਼ਮੀਰ ਵਿੱਚ ਆਪਣੇ ਲੜਾਕੂ ਜਹਾਜ਼ ਤੋਂ ਛਾਲ ਮਾਰ ਦਿੱਤੀ ਅਤੇ ਇੱਕ ਮਹਿਲਾ ਹਵਾਈ ਸੈਨਾ ਪਾਇਲਟ ਨੂੰ ਪਾਕਿਸਤਾਨ ਵਿੱਚ ਫੜ ਲਿਆ ਗਿਆ। ਸਰਕਾਰ ਨੇ ਸ਼ੁੱਕਰਵਾਰ ਨੂੰ ਸ੍ਰੀਨਗਰ ਹਵਾਈ ਅੱਡੇ ਨੇੜੇ 10 ਧਮਾਕੇ ਹੋਣ ਦੀਆਂ ਰਿਪੋਰਟਾਂ ਵੀ ਰੱਦ ਕਰ ਦਿੱਤੀਆਂ, ਜੋ ਵਿਦੇਸ਼ੀ ਮੀਡੀਆ ਦੇ ਇੱਕ ਹਿੱਸੇ ਵੱਲੋਂ ਪ੍ਰਸਾਰਿਤ ਕੀਤੀਆਂ ਗਈਆਂ ਸਨ। -ਪੀਟੀਆਈ
ਭਾਰਤੀ ਹਵਾਈ ਅੱਡੇ ਅਤੇ ਐੱਸ-400 ਬੇਸ ਤਬਾਹ ਕਰਨ ਦੇ ਦਾਅਵੇ ਝੂਠੇ: ਮਿਸਰੀ
ਨਵੀਂ ਦਿੱਲੀ: ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਅੱਜ ਕਿਹਾ ਕਿ ਭਾਰਤ ਨੇ ਪਾਕਿਸਤਾਨੀ ਫੌਜ ਦੀਆਂ ‘ਭੜਕਾਊ’ ਕਾਰਵਾਈਆਂ ਦਾ ਢੁਕਵਾਂ ਜਵਾਬ ਦਿੱਤਾ ਹੈ। ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਿਸਰੀ ਨੇ ਕਿਹਾ ਕਿ ਪਾਕਿਸਤਾਨ ਦੇ ਭਾਰਤ ਵਿੱਚ ਵੱਖ-ਵੱਖ ਥਾਵਾਂ ਅਤੇ ਫੌਜੀ ਟਿਕਾਣੇ ਤਬਾਹ ਕਰਨ ਦੇ ਦਾਅਵੇ ‘ਸਿਰਫ਼ ਝੂਠ’ ਹਨ। ਵਿਦੇਸ਼ ਸਕੱਤਰ ਨੇ ਕਿਹਾ ਕਿ ਸਿਰਸਾ ਅਤੇ ਸੂਰਤ ਹਵਾਈ ਅੱਡੇ ਨੂੰ ਤਬਾਹ ਕਰਨ ਦੇ ਪਾਕਿਸਤਾਨ ਦੇ ਦਾਅਵੇ ‘ਪੂਰੀ ਤਰ੍ਹਾਂ ਝੂਠੇ’ ਹਨ। ਉਨ੍ਹਾਂ ਕਿਹਾ, ‘ਆਦਮਪੁਰ ਵਿੱਚ ਐੱਸ-400 ਬੇਸ ਤਬਾਹ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜੋ ਬਿਲਕੁਲ ਗਲਤ ਹੈ।’ ਉਨ੍ਹਾਂ ਕਿਹਾ, ‘ਭਾਰਤ ਦੇ ਬਿਜਲੀ ਸਿਸਟਮ, ਸਾਈਬਰ ਪ੍ਰਣਾਲੀਆਂ ਅਤੇ ਅਹਿਮ ਬੁਨਿਆਦੀ ਢਾਂਚਿਆਂ ’ਤੇ ਹਮਲਾ ਕਰਕੇ ਤਬਾਹ ਕੀਤੇ ਜਾਣ ਦੇ ਦਾਅਵੇ ਵੀ ਪੂਰੀ ਤਰ੍ਹਾਂ ਝੂਠੇ ਹਨ।’ -ਪੀਟੀਆਈ