ਜੰਮੂ: ਪਾਕਿ ਗੋਲਾਬਾਰੀ ’ਚ ਸਰਕਾਰੀ ਅਧਿਕਾਰੀ ਤੇ ਜੇਸੀਓ ਸਣੇ ਛੇ ਹਲਾਕ
ਜੰਮੂ, 10 ਮਈ
ਪਾਕਿਸਤਾਨ ਵੱਲੋਂ ਅੱਜ ਤੜਕੇ ਜੰਮੂ ਖੇਤਰ ਵਿੱਚ ਦਾਗੇ ਗਏ ਮੋਰਟਾਰ ਅਤੇ ਡਰੋਨ ਹਮਲਿਆਂ ਵਿੱਚ ਜੰਮੂ-ਕਸ਼ਮੀਰ ਦੇ ਸੀਨੀਅਰ ਸਰਕਾਰੀ ਅਧਿਕਾਰੀ, ਦੋ ਸਾਲਾ ਬੱਚੀ ਅਤੇ ਫੌਜ ਦੇ ਜੇਸੀਓ ਸੂਬੇਦਾਰ ਮੇਜਰ ਪਵਨ ਕੁਮਾਰ ਸਣੇ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਤੋਂ ਜ਼ਿਆਦਾ ਜਣੇ ਜ਼ਖ਼ਮੀ ਹੋ ਗਏ।
ਅਧਿਕਾਰੀਆਂ ਨੇ ਕਿਹਾ ਕਿ ਜੰਮੂ ਸ਼ਹਿਰ ਅਤੇ ਡਿਵੀਜ਼ਨ ਦੇ ਹੋਰ ਪ੍ਰਮੁੱਖ ਕਸਬਿਆਂ ਦੇ ਵਸਨੀਕ ਸਵੇਰੇ 5 ਵਜੇ ਹਵਾਈ ਹਮਲੇ ਦੇ ਸਾਇਰਨ ਅਤੇ ਧਮਾਕਿਆਂ ਦੀ ਬੋਲੇ ਕਰਨ ਵਾਲੀਆਂ ਆਵਾਜ਼ਾਂ ਨਾਲ ਜਾਗੇ ਜਦਕਿ ਸਰਹੱਦ ਪਾਰ ਤੋਂ ਭਾਰੀ ਗੋਲੀਬਾਰੀ ਦੇ ਮੱਦੇਨਜ਼ਰ ਸਰਹੱਦੀ ਵਸਨੀਕਾਂ ਨੇ ਸਾਰੀ ਰਾਤ ਜਾਗ ਕੇ ਲੰਘਾਈ। ਰੱਖਿਆ ਅਧਿਕਾਰੀਆਂ ਮੁਤਾਬਕ, ਅੱਜ ਵੀ ਪੱਛਮੀ ਸਰਹੱਦਾਂ ’ਤੇ ਡਰੋਨ ਹਮਲਿਆਂ ਅਤੇ ਹੋਰ ਹਥਿਆਰਾਂ ਨਾਲ ਪਾਕਿਸਤਾਨ ਵੱਲੋਂ ਜ਼ਬਰਦਸਤ ਹਮਲੇ ਜਾਰੀ ਰਹੇ।
ਅਧਿਕਾਰੀਆਂ ਨੇ ਕਿਹਾ ਕਿ ਵਧੀਕ ਜ਼ਿਲ੍ਹਾ ਵਿਕਾਸ ਕਮਿਸ਼ਨਰ ਰਾਜੌਰੀ ਰਾਜ ਕੁਮਾਰ ਥਾਪਾ ਤੇ ਉਨ੍ਹਾਂ ਦੇ ਦੋ ਸਟਾਫ਼ ਮੈਂਬਰ ਰਾਜੌਰੀ ਕਸਬੇ ਵਿੱਚ ਸਥਿਤ ਘਰ ਉੱਤੇ ਡਿੱਗੇ ਗੋਲੇ ਕਰ ਕੇ ਗੰਭੀਰ ਜ਼ਖ਼ਮੀ ਹੋ ਗਏ। ਤਿੰਨਾਂ ਨੂੰ ਫੌਰੀ ਸਰਕਾਰੀ ਮੈਡੀਕਲ ਕਾਲਜ ਪਹੁੰਚਾਇਆ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਥਾਪਾ ਦੀ ਮੌਤ ਹੋ ਗਈ ਜਦੋਂਕਿ ਉਨ੍ਹਾਂ ਦੇ ਸਟਾਫ ਮੈਂਬਰਾਂ ਦੀ ਹਾਲਤ ਗੰਭੀਰ ਹੈ।
ਇਸੇ ਦੌਰਾਨ ਰਾਜੌਰੀ ਕਸਬੇ ਵਿੱਚ ਸਨਅਤੀ ਇਲਾਕੇ ਨੇੜੇ ਪਾਕਿਸਤਾਨ ਵੱਲੋਂ ਦਾਗੇ ਗਏ ਮੋਰਟਾਰ ਗੋਲਿਆਂ ਕਾਰਨ ਆਇਸ਼ਾ ਨੂਰ (2) ਤੇ ਮੁਹੰਮਦ ਸ਼ੋਇਬ (35) ਦੀ ਮੌਤ ਹੋ ਗਈ ਜਦੋਂਕਿ ਤਿੰਨ ਹੋਰ ਵਿਅਕਤੀ ਜ਼ਖ਼ਮੀ ਹੋਏ ਦੱਸੇ ਜਾਂਦੇ ਹਨ। ਅਧਿਕਾਰੀਆਂ ਮੁਤਾਬਕ ਪੁਣਛ ਜ਼ਿਲ੍ਹੇ ਦੇ ਮੇਂਧੜ ਸੈਕਟਰ ਦੇ ਕਾਂਗੜਾ-ਗਲਹੁੱਟਾ ਪਿੰਡ ਵਿੱਚ ਇਕ ਘਰ ’ਤੇ ਮੋਰਟਾਰ ਗੋਲਾ ਡਿੱਗਣ ਕਰ ਕੇ 55 ਸਾਲਾ ਮਹਿਲਾ ਰਾਸ਼ਿਦਾ ਬੀ ਦੀ ਮੌਤ ਹੋ ਗਈ। ਇਕ ਹੋਰ ਘਟਨਾ ਵਿੱਚ ਜੰਮੂ ਜ਼ਿਲ੍ਹੇ ਦੇ ਆਰਐੱਸਪੁਰਾ ਸੈਕਟਰ ਵਿੱਚ ਸਰਹੱਦ ਪਾਰੋਂ ਹੋਈ ਗੋਲੀਬਾਰੀ ਵਿੱਚ ਬਿਧੀਪੁਰ ਜੱਟਾ ਪਿੰਡ ਦੇ ਅਸ਼ੋਕ ਕੁਮਾਰ ਉਰਫ਼ ਸ਼ੋਕੀ ਦੀ ਮੌਤ ਹੋ ਗਈ। ਪੁਣਛ ਵਿੱਚ ਜਾਰੀ ਗੋਲਾਬਾਰੀ ਵਿੱਚ ਤਿੰਨ ਹੋਰ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਪਸਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੌਰਾਨ ਰਾਜੌਰੀ ਦੇ ਨੌਸ਼ਹਿਰਾ ਸੈਕਟਰ ਵਿੱਚ ਸਥਾਨਕ ਪੱਤਰਕਾਰ ਜ਼ਖ਼ਮੀ ਹੋ ਗਿਆ। ਜੰਮੂ ਸ਼ਹਿਰ ਦੇ ਰੇਹਾੜੀ ਤੇ ਰੂਪ ਨਗਰ ਵਿੱਚ ਵੀ ਮੋਰਟਾਰ ਅਤੇ ਡਰੋਨ ਹਮਲਿਆਂ ਵਿੱਚ ਕਈ ਵਿਅਕਤੀਆਂ ਦੇ ਜ਼ਖ਼ਮੀ ਹੋ ਗਏ। ਇਸੇ ਦੌਰਾਨ ਪਾਕਿਸਤਾਨੀ ਫੌਜੀਆਂ ਨੇ ਅੱਜ ਜੰਮੂ ਕਸ਼ਮੀਰ ਦੇ ਉੜੀ ਤੇ ਗੁਰੇਜ਼ ਸੈਕਟਰ ਵਿੱਚ ਕੰਟਰੋਲ ਰੇਖਾ ’ਤੇ ਗੋਲੀਬੰਦੀ ਦੀ ਉਲੰਘਣਾ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਫੌਜੀਆਂ ਨੇ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਉੜੀ ਸੈਕਟਰ ਦੇ ਚਰੂੰਡਾ ਅਤੇ ਹਥਲੰਗਾ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ। ਇਸ ਤੋਂ ਇਲਾਵਾ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਵਿੱਚ ਗੁਰੇਜ਼ ਸੈਕਟਰ ਦੇ ਬਾਗਟੋਰ ਇਲਾਕੇ ਵਿੱਚ ਵੀ ਪਾਕਿਸਤਾਨ ਵੱਲੋਂ ਗੋਲੀਬੰਦੀ ਦੀ ਉਲੰਘਣਾ ਕੀਤੀ ਗਈ। -ਪੀਟੀਆਈ
ਉਮਰ ਅਬਦੁੱਲ੍ਹਾ ਨੇ ਦੋ ਰਿਹਾਇਸ਼ੀ ਇਲਾਕਿਆਂ ਦਾ ਦੌਰਾ ਕੀਤਾ
ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਅੱਜ ਦੋ ਰਿਹਾਇਸ਼ੀ ਇਲਾਕਿਆਂ ਦਾ ਦੌਰਾ ਕੀਤਾ ਜਿੱਥੇ ਕਿ ਸ਼ੱਕੀ ਪਾਕਿਸਤਾਨੀ ਡਰੋਨ ਜਾਂ ਗੋਲਿਆਂ ਨਾਲ ਧਮਾਕੇ ਹੋਏ ਹਨ। ਇਨ੍ਹਾਂ ਧਮਾਕਿਆਂ ਨਾਲ ਇਕ ਘਰ ਅਤੇ ਇਲਾਕੇ ਵਿੱਚ ਪਾਰਕ ਕੀਤੇ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 10-10 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਅਬਦੁੱਲ੍ਹਾ ਨੇ ਰੇਹਾੜੀ ਤੇ ਰੂਪ ਨਗਰ ਵਿੱਚ ਧਮਾਕੇ ਵਾਲੀਆਂ ਥਾਵਾਂ ਦਾ ਦੌਰਾ ਕੀਤਾ ਅਤੇ ਪੀੜਤ ਪਰਿਵਾਰਾਂ ਨਾਲ ਗੱਲਬਾਤ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਰੇਹਾੜੀ ਵਿੱਚ ਚਾਰ ਲੋਕ - ਨੀਰਜ ਗੁਪਤਾ, ਉਸ ਦੀ ਧੀ ਹਿਤਾਕਸ਼ੀ ਗੁਪਤਾ, ਵਿਨੀਤ ਤੇ ਰਾਜਿੰਦਰ ਕੁਮਾਰ - ਜ਼ਖ਼ਮੀ ਹੋ ਗਏ। ਮੁੱਖ ਮੰਤਰੀ ਉਮਰ ਅਬਦੁੱਲਾ ਨੇ ਥਾਪਾ ਦੀ ਮੌਤ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਸੰਵੇਦਨਾਵਾਂ ਜ਼ਾਹਿਰ ਕੀਤੀਆਂ ਹਨ। ਅਬਦੁੱੱਲਾ ਨੇ ਐੱਕਸ ’ਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘ਰਾਜੌਰੀ ਤੋਂ ਦੁੱਖਦਾਈ ਖ਼ਬਰ। ਅਸੀਂ ਜੰਮੂ-ਕਸ਼ਮੀਰ ਪ੍ਰਸ਼ਾਸਨਿਕ ਸੇਵਾਵਾਂ ਦੇ ਇੱਕ ਸਮਰਪਿਤ ਅਧਿਕਾਰੀ ਨੂੰ ਗੁਆ ਦਿੱਤਾ ਹੈ। ਇਸੇ ਤਰ੍ਹਾਂ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਜੰਗਬੰਦੀ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਦੋਵਾਂ ਮੁਲਕਾਂ ਨੂੰ ਆਪਣੇ ਮਸਲੇ ਸੁਲਝਾਉਣੇ ਚਾਹੀਦੇ ਹਨ ਤੇ ਸਥਾਈ ਸ਼ਾਂਤੀ ਦਾ ਰਾਹ ਲੱਭਣਾ ਚਾਹੀਦਾ ਹੈ।