ਭੱਠੇ ’ਤੇ ਇੱਟਾਂ ਹੇਠ ਦਬਣ ਕਾਰਨ ਦੋ ਪਰਵਾਸੀ ਮਹਿਲਾ ਮਜ਼ਦੂਰਾਂ ਦੀ ਮੌਤ
ਗੁਰਦੀਪ ਸਿੰਘ ਭੱਟੀ
ਟੋਹਾਣਾ, 23 ਮਾਰਚ
ਜ਼ਿਲ੍ਹਾ ਭਿਵਾਨੀ ਦੀ ਸਾਗਾਂ ਰੋਡ ’ਤੇ ਪੈਂਦੇ ਇੱਟਾਂ ਦੇ ਭੱਠੇ ਦੀ ਨਿਕਾਸੀ ਦੀਆਂ ਪੱਕੀਆਂ ਇੱਟਾਂ ਚੱਠੇ ਵਿੱਚ ਜੋੜ ਕੇ ਦੀਵਾਰ ਦੀ ਛਾਂ ਹੇਠ ਬੈਠੀਆਂ ਪਰਵਾਸੀ ਮਹਿਲਾ ਮਜ਼ਦੂਰ ਦੀ ਇੱਟਾਂ ਹੇਠ ਦਬਣ ਕਾਰਨ ਮੌਤ ਹੋ ਗਈ। ਹਾਦਸਾ ਵਾਪਰਨ ਤੋਂ ਕੁਝ ਪਲ ਪਹਿਲਾਂ ਹੀ ਕੁਝ ਹੋਰ ਮਜ਼ਦੂਰ ਔਰਤਾਂ ਉਥੋਂ ਚਲੀਆਂ ਗਈਆਂ ਸਨ। ਮ੍ਰਿਤਕਾਂ ਦੀ ਪਛਾਣ ਸਮਸਤੀਪੁਰ (ਬਿਹਾਰ) ਦੀ ਸੁਨੈਨਾ ਦੇਵੀ (40) ਤੇ ਸੁਬਤਾ (44) ਵਜੋਂ ਦੱਸੀ ਗਈ ਹੈ।
ਜਾਣਕਾਰੀ ਮੁਤਾਬਕ ਪਰਵਾਸੀ ਮਜ਼ਦੂਰ ਪੱਕੀਆਂ ਇੱਟਾਂ ਦੀ ਭੱਠੇ ਵਿੱਚੋਂ ਨਿਕਾਸੀ ਕਰ ਰਹੇ ਸਨ। ਮਜ਼ਦੂਰਾਂ ਨੇ ਇੱਟਾਂ ਦਾ ਚੱਠਾ ਲਾ ਕੇ ਉੱਚੀ ਕੰਧ ਬਣਾਈ ਤੇ ਚਾਹ ਪੀਣ ਦਾ ਸੱਦਾ ਆਉਣ ’ਤੇ ਕੰਧ ਦੀ ਛਾਵੇਂ ਬੈਠ ਗਏ। ਇਸ ਦੌਰਾਨ ਕਾਫ਼ੀ ਮਜ਼ਦੂਰ ਚਾਹ ਪੀਕੇ ਜਾ ਚੁੱਕੇ ਸਨ ਜਦਕਿ ਸੁਨੈਨਾ ਦੇਵੀ ਤੇ ਸੁਬਤਾ ਹਾਲੇ ਚਾਹ ਪੀ ਰਹੀਆਂ ਸਨ ਕਿ ਹਵਾ ਦੇ ਤੇਜ਼ ਬੁੱਲੇ ਨਾਲ ਕੰਧ ਉਨ੍ਹਾਂ ’ਤੇ ਡਿੱਗ ਪਈ। ਦੋਵਾਂ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਪੁਲੀਸ ਨੇ ਮਾਮਲੇ ਦਾ ਜਾਇਜ਼ਾ ਲਿਆ ਤੇ ਪੋਸਟਮਾਰਟਮ ਤੋਂ ਬਾਅਦ ਦੇਹਾਂ ਵਾਰਸਾਂ ਨੂੰ ਸੌਂਪ ਦਿੱਤੀਆਂ।