ਠੇਕੇਦਾਰ ਦੇ ਕਤਲ ਦੇ ਦੋਸ਼ ਹੇਠ ਔਰਤ ਸਣੇ ਚਾਰ ਕਾਬੂ
ਪੱਤਰ ਪ੍ਰੇਰਕ
ਯਮੁਨਾਨਗਰ, 25 ਮਾਰਚ
ਜਗਾਧਰੀ ਸਿਟੀ ਪੁਲੀਸ ਸਟੇਸ਼ਨ ਦੇ ਇੰਚਾਰਜ ਰਾਜਪਾਲ ਨੇ ਦੱਸਿਆ ਕਿ ਸ਼ਾਂਤੀ ਕਲੋਨੀ ਦੇ ਰਹਿਣ ਵਾਲੇ ਠੇਕੇਦਾਰ ਰਾਜਕੁਮਾਰ (46) ਦੇ ਕਤਲ ਕੇਸ ਦੀ ਗੁੱਥੀ ਸੁਲਝਾ ਲਈ ਗਈ ਹੈ। ਇਸ ਸਬੰਧੀ ਔਰਤ ਸਣੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਦਾਲਤ ਨੇ ਮਲਜ਼ਮਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ । ਮ੍ਰਿਤਕ ਦੇ ਪੁੱਤਰ ਮਹਿੰਦਰ ਨੇ ਦੱਸਿਆ ਕਿ ਉਸ ਦਾ ਪਿਤਾ ਮਿਸਤਰੀ ਦਾ ਕੰਮ ਕਰਦਾ ਸੀ। ਉਸੇ ਕਲੋਨੀ ਦਾ ਰਾਹੁਲ ਉਸ ਕੋਲ ਦਿਹਾੜੀਦਾਰ ਸੀ। ਐਤਵਾਰ ਸ਼ਾਮ ਨੂੰ ਛੇ ਵਜੇ ਦੇ ਕਰੀਬ ਪਿਤਾ ਘਰੋਂ ਇਹ ਕਹਿ ਕੇ ਚਲਾ ਗਿਆ ਕਿ ਉਹ ਰਾਹੁਲ ਨੂੰ ਦਿਹਾੜੀ ਦੇਣ ਜਾ ਰਿਹਾ ਹੈ। ਜਦੋਂ ਉਹ ਕਾਫ਼ੀ ਦੇਰ ਤੱਕ ਵਾਪਸ ਨਹੀਂ ਆਏ ਤਾਂ ਉਹ ਰਾਹੁਲ ਦੇ ਕਮਰੇ ’ਤੇ ਗਿਆ ਜਿੱਥੇ ਉਸ ਦੀ ਮੁਲਾਕਾਤ ਮੁਲਜ਼ਮ ਦੇ ਸਾਲੇ ਬੰਟੀ ਨਾਲ ਹੋਈ। ਉਸ ਨੇ ਕੋਈ ਤਸੱਲੀਬਖਸ਼ ਜਵਾਬ ਨਾ ਦਿੱਤਾ। ਮਗਰੋਂ ਪੁਲੀਸ ਨੇ ਸੀਸੀਟੀਵੀ ਵਿੱਚ ਮੁਲਜ਼ਮਾਂ ਨੂੰ ਮੋਟਰਸਾਈਕਲ ’ਤੇ ਜਾਂਦੇ ਦੇਖਿਆ। ਬਾਅਦ ਵਿੱਚ ਲਾਸ਼ ਪਿੰਡ ਖਾਰਵਾਨ ਮੋਡ ਲਾਗੇ ਪੁਲੀ ਦੇ ਨੇੜੇ ਮਿਲੀ । ਬੁੜੀਆ ਗੇਟ ਚੌਕੀ ਦੇ ਇੰਚਾਰਜ ਗੁਰਦਿਆਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪਹਿਲਾਂ ਅਗਵਾ ਦਾ ਕੇਸ ਦਰਜ ਕੀਤਾ ਗਿਆ ਸੀ, ਮਗਰੋਂ ਲਾਸ਼ ਮਿਲਣ ’ਤੇ ਕਤਲ ਦੀ ਧਾਰਾ ਲਾਗੂ ਕੀਤੀ ਗਈ। ਜਾਂਚ ਤੋਂ ਪਤਾ ਲੱਗਿਆ ਕਿ ਰਾਹੁਲ ਅਤੇ ਰਾਜਕੁਮਾਰ ਵਿਚਕਾਰ ਦਿਹਾੜੀ ਨੂੰ ਲੈ ਕੇ ਝਗੜਾ ਹੋਇਆ ਸੀ। ਮਗਰੋਂ ਸ਼ਰਾਬ ਦੀ ਬੋਤਲ ਸਿਰ ਵਿੱਚ ਮਾਰ ਕੇ ਠੇਕੇਦਾਰ ਦਾ ਕਤਲ ਕਰ ਦਿੱਤਾ ਗਿਆ । ਲਾਸ਼ ਨੂੰ ਰਾਹੁਲ ਅਤੇ ਪ੍ਰਮੋਦ ਨੇ ਟਿਕਾਣੇ ਲਗਾਇਆ। ਰਾਹੁਲ ਦੀ ਪਤਨੀ ਰੇਖਾ ਉਰਫ਼ ਤ੍ਰਿਪਤੀ ਅਤੇ ਬੰਟੀ ਨੇ ਸਬੂਤ ਮਿਟਾ ਦਿੱਤੇ।