ਸੜਕਾਂ ’ਤੇ ਨਮਾਜ਼ ਅਦਾ ਕਰਨ ਦਾ ਮਾਮਲਾ ਭਖ਼ਿਆ
ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਮਾਰਚ
ਦਿੱਲੀ ਸਣੇ ਹਰ ਥਾਂ ਰਮਜ਼ਾਨ ਦਾ ਮਹੀਨਾ ਜਾਰੀ ਹੈ। ਇੱਥੇ ਸੜਕਾਂ ’ਤੇ ਨਮਾਜ਼ ਅਦਾ ਕਰਨ ਦਾ ਮਾਮਲਾ ਭਖ਼ ਗਿਆ ਹੈ। ਆਲ ਇੰਡੀਆ ਮਜਲਿਸ-ਏ-ਇਤੇਹਾਦ-ਉਲ-ਮੁਸਲਿਮੀਨ (ਏਆਈਐਮਆਈਐਮ) ਨੇ ਹੁਣ ਵਿਵਾਦ ਨੂੰ ਹੋਰ ਭੜਕਾਇਆ ਹੈ। ਇਸ ਜਥੇਬੰਦੀ ਦੇ ਦਿੱਲੀ ਪ੍ਰਧਾਨ ਸ਼ੋਏਬ ਜਮਾਈ ਨੇ ਹੁਣ ਵਿਵਾਦਪੂਰਨ ਬਿਆਨ ਦਿੱਤਾ ਹੈ। ‘ਐਕਸ’ ‘ਤੇ ਇੱਕ ਵੀਡੀਓ ਵਿੱਚ ਜਮਾਈ ਨੇ ਜਨਤਕ ਥਾਵਾਂ ‘ਤੇ ਈਦ ਦੀ ਨਮਾਜ਼ ਅਦਾ ਕਰਨ ਵਿਰੁੱਧ ਉਨ੍ਹਾਂ ਦੀਆਂ ਟਿੱਪਣੀਆਂ ਲਈ ਭਾਜਪਾ ਆਗੂਆਂ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਦੇ ਕੁਝ ਨੇਤਾ ਦਿੱਲੀ ਵਿੱਚ ਈਦ ਦੀ ਨਮਾਜ਼ ਨੂੰ ਲੈ ਕੇ ਬੇਲੋੜੀਆਂ ਟਿੱਪਣੀਆਂ ਕਰ ਰਹੇ ਹਨ। ਉਨ੍ਹਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਸੰਭਲ ਜਾਂ ਮੇਰਠ ਨਹੀਂ -ਇਹ ਦਿੱਲੀ ਹੈ, ਦਿੱਲੀ ਸਾਰਿਆਂ ਲਈ ਹੈ।
ਉਨ੍ਹਾਂ ਕਿਹਾ ਕਿ ਜੇ ਮਸਜਿਦਾਂ ਵਿੱਚ ਜਗ੍ਹਾ ਨਾਕਾਫ਼ੀ ਹੈ, ਨਮਾਜ਼ ਸੜਕਾਂ ’ਤੇ, ਈਦਗਾਹ ਦੇ ਮੈਦਾਨਾਂ ਅਤੇ ਛੱਤਾਂ ’ਤੇ ਵੀ ਹੋਵੇਗੀ। ਅਜਿਹਾ ਕਿਉਂ ਨਹੀਂ ਹੋਣਾ ਚਾਹੀਦਾ। ਜੇ ਧਾਰਮਿਕ ਤਿਉਹਾਰਾਂ, ਜਲੂਸਾਂ ਅਤੇ ਕਾਂਵਡ ਯਾਤਰਾ ਲਈ ਸੜਕਾਂ ਨੂੰ ਕਈ ਦਿਨਾਂ ਤੱਕ ਰੋਕਿਆ ਜਾ ਸਕਦਾ ਹੈ, ਤਾਂ ਈਦ ਦੀ ਨਮਾਜ਼ ਲਈ ਪ੍ਰਬੰਧ ਕਿਉਂ ਨਹੀਂ ਕੀਤੇ ਜਾ ਸਕਦੇ, ਜੋ ਸਿਰਫ 10-15 ਮਿੰਟ ਚੱਲਦੀ ਹੈ।
ਜਮਾਈ ਨੇ ਦਲੀਲ ਦਿੱਤੀ ਕਿ ਜੇ ਹਿੰਦੂ ਤਿਉਹਾਰਾਂ ਲਈ ਮੁੱਖ ਸੜਕਾਂ ਕਈ ਦਿਨਾਂ ਲਈ ਬੰਦ ਰਹਿ ਸਕਦੀਆਂ ਹਨ, ਤਾਂ ਮੁਸਲਮਾਨਾਂ ਨੂੰ ਲੋੜ ਪੈਣ ’ਤੇ 10-15 ਮਿੰਟ ਲਈ ਨਮਾਜ਼ ਪੜ੍ਹਨ ਦੇ ਯੋਗ ਹੋਣਾ ਚਾਹੀਦਾ ਹੈ। ਭੰਡਾਰਿਆਂ ਲਈ ਸੜਕਾਂ ਬੰਦ ਕੀਤੀਆਂ ਜਾਂਦੀਆਂ ਹਨ, ਮੁਸਲਮਾਨਾਂ ਨੂੰ ਕੁਝ ਰਿਆਇਤ ਕਿਉਂ ਨਹੀਂ ਦਿੱਤੀ ਜਾ ਸਕਦੀ। ਪੁਲੀਸ ਅਤੇ ਪ੍ਰਸ਼ਾਸਨ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਧਰਮ ਦੀ ਆਜ਼ਾਦੀ ਦੀ ਰੱਖਿਆ ਕੀਤੀ ਜਾਵੇ। ਦੇਸ਼ ਨੂੰ ਸੰਵਿਧਾਨ ਵੱਲੋਂ ਚਲਾਉਣਾ ਚਾਹੀਦਾ ਹੈ।