ਜ਼ਫ਼ਰਨਾਮੇ ’ਤੇ ਲੈਕਚਰ
ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਮਾਰਚ
ਗੁਰੂ ਗ੍ਰੰਥ ਸਾਹਿਬ ਰਿਸੋਰਸ ਸੈਂਟਰ, ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ ਵੱਲੋਂ ‘ਦ ਜ਼ਫ਼ਰਨਾਮਾ ਆਫ਼ ਗੁਰੂ ਗੋਬਿੰਦ ਸਿੰਘ’ ਤੇ ਹਾਰਵਰਡ ਯੂਨੀਵਰਸਿਟੀ, ਅਮਰੀਕਾ ਤੋਂ ਆਏ ਡਾ. ਹਰਪ੍ਰੀਤ ਸਿੰਘ ਨੇ ਲੈਕਚਰ ਦਿੱਤਾ। ਇਸ ਦੀ ਪ੍ਰਧਾਨਗੀ ਸਾਬਕਾ ਰਾਜਦੂਤ ਅਤੇ ਰਣਨੀਤਕ ਮਾਮਲਿਆਂ ਦੇ ਮਾਹਿਰ ਅੰਬੈਸੇਡਰ ਕੇਸੀ ਸਿੰਘ ਨੇ ਕੀਤੀ। ਪ੍ਰੋਗਰਾਮ ਦਾ ਆਰੰਭ ਕਰਦਿਆਂ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਸਿੱਖ ਵਿਦਵਾਨ, ਵਿਰਾਸਤ ਦੇ ਰਾਖੇ ਅਤੇ ਨਿਰਮਾਣ ਵਿਸ਼ੇਸ਼ੱਗ ਪਤਵੰਤ ਸਿੰਘ ਦੀ ਜਨਮ-ਸ਼ਤਾਬਦੀ ਤੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੀ ਦੇਣ ਨੂੰ ਉਜਾਗਰ ਕੀਤਾ। ਉਪਰੰਤ ਸਦਨ ਦੀ ਖੋਜਾਰਥੀ ਹਰਮਨਗੀਤ ਕੌਰ ਨੇ ਬੁਲਾਰਿਆਂ ਬਾਰੇ ਦੱਸਿਆ। ਡਾ. ਹਰਪ੍ਰੀਤ ਸਿੰਘ ਨੇ ਗੁਰੂ ਗੋਬਿੰਦ ਸਿੰਘ ਰਚਿਤ ਜ਼ਫ਼ਰਨਾਮੇ ਬਾਰੇ ਬੋਲਦਿਆਂ ਇਸ ਦਾ ਵਿਸ਼ੇਗਤ, ਵਿਆਕਰਣਕ ਅਤੇ ਭਾਸ਼ਾਈ ਵਿਸ਼ਲੇਸ਼ਣ ਕੀਤਾ। ਉਨ੍ਹਾਂ ਮਸਨਵੀ ਰੂਪਾਕਾਰ ’ਚ ਲਿਖੇ ਜ਼ਫ਼ਰਨਾਮੇ ਦੇ 111 ਬੰਦਾਂ ਦੀ ਜਿੱਥੇ ਵਿਆਖਿਆ ਕੀਤੀ ਉੱਥੇ ਵੱਖ-ਵੱਖ ਲੇਖਕਾਂ ਰਾਹੀਂ ਸੰਪਾਦਤ ਜ਼ਫ਼ਰਨਾਮਿਆਂ ਦਾ ਵਿਆਕਰਨਕ ਤੇ ਭਾਸ਼ਾਈ ਵਿਸ਼ਲੇਸ਼ਣ ਕਰਦਿਆਂ ਇਸ ਦੇ ਪਾਠਾਂਤਰ ਭੇਦ ’ਚੋਂ ਨਿਰੋਲਤਾ ਨੂੰ ਉਘਾੜਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਅਨੁਸਾਰ ਗੁਰੂ ਸਾਹਿਬ ਨੇ ਫ਼ਾਰਸੀ ’ਚ ਲਿਖੇ ਜ਼ਫਰਨਾਮੇ ’ਚ ਇੱਕ ਸੰਤੁਲਿਤ ਪਹੁੰਚ ਅਪਣਾਉਂਦਿਆਂ ਔਰੰਗਜ਼ੇਬ ਤੇ ਉਸ ਦੇ ਕਰਿੰਦਿਆਂ ਦੀਆਂ ਵਧੀਕੀਆਂ ਨੂੰ ਉਘਾੜਿਆ ਜਿਸ ਦਾ ਅਸਰ ਸੀ ਕਿ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਤੇ ਪ੍ਰਬੰਧ ਵੀ ਕੀਤੇ, ਹਾਲਾਂਕਿ ਇਹ ਮੇਲ ਸੰਭਵ ਨਾ ਹੋ ਸਕਿਆ। ਸਦਨ ਦੇ ਸੀਨੀਅਰ ਵਾਈਸ-ਪ੍ਰੈਜੀਡੈਂਟ ਜੀਬੀਐੱਸ ਸਿੱਧੂ ਨੇ ਇਸ ਸਾਰੀ ਚਰਚਾ ਨੂੰ ਅਜੋਕੇ ਪ੍ਰਸੰਗ ’ਚ ਮੁੱਲਵਾਨ ਦੱਸਦਿਆਂ ਸਭ ਦਾ ਧੰਨਵਾਦ ਕੀਤਾ। ਡਾ. ਰਵੇਲ ਸਿੰਘ, ਸਦਨ ਦੇ ਮੀਤ ਪ੍ਰਧਾਨ ਹਰਚਰਨ ਸਿੰਘ ਨਾਗ, ਸਰਬਜੀਤ ਸਿੰਘ ਚਾਹਲ, ਡਾ. ਹਰਵਿੰਦਰ ਸਿੰਘ, ਪਰਮਪਾਲ ਸਿੰਘ ਸੋਢੀ ਸਣੇ ਵੱਡੀ ਗਿਣਤੀ ’ਚ ਯੂਨੀਵਰਸਿਟੀ ਖੋਜ-ਵਿਦਿਆਰਥੀਆਂ ਨੇ ਪ੍ਰੋਗਰਾਮ ਵਿੱਚ ਹਾਜ਼ਰੀ ਭਰੀ।