ਬਿਜਲੀ ਕੱਟਾਂ ਕਾਰਨ ਰਾਜਧਾਨੀ ਵਿੱਚ ਕਈ ਥਾਈਂ ਮੁਜ਼ਾਹਰੇ
ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਅਪਰੈਲ
ਦਿੱਲੀ ਵਿੱਚ ਭਾਜਪਾ ਦੀ ਡਬਲ ਇੰਜਣ ਦੀ ਸਰਕਾਰ ਬਣਨ ਤੋਂ ਬਾਅਦ ਦਿੱਲੀ ਦੇ ਲੋਕਾਂ ਨੂੰ ਬਿਜਲੀ ਦੇ ਲੰਬੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਈ ਦਿਨ ਅਜਿਹਾ ਨਹੀਂ ਹੁੰਦਾ ਜਦੋਂ ਲੋਕਾਂ ਨੂੰ ਘੰਟਿਆਂਬੱਧੀ ਬਿਜਲੀ ਦੇ ਕੱਟਾਂ ਦਾ ਸਾਹਮਣਾ ਨਾ ਕਰਨਾ ਪੈਂਦਾ ਹੋਵੇ। ਇਸ ਦੇ ਵਿਰੋਧ ਵਿੱਚ ਅੱਜ ਦਿੱਲੀ ਦੇ ਆਈਟੀਆਈ, ਕਾਲਕਾਜੀ, ਆਈਐੱਸਬੀਟੀ ਅਤੇ ਬੁਰਾੜੀ ਸਣੇ ਕਈ ਇਲਾਕਿਆਂ ‘ਚ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਨਾਲ ਲੋਕ ਸੜਕਾਂ ’ਤੇ ਉਤਰ ਆਏ। ‘ਆਪ’ ਵਰਕਰਾਂ ਨੇ ਕਈ ਥਾਵਾਂ ’ਤੇ ‘ਭਾਜਪਾ ਆਈ-ਬਿਜਲੀ ਗਈ’ ਵਾਲੇ ਬੈਨਰ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਬਣਨ ਨਾਲ ਬਿਜਲੀ ਦੇ ਲੰਬੇ ਕੱਟਾਂ ਦਾ ਦੌਰ ਵਾਪਸ ਆ ਗਿਆ ਹੈ। ਦਿੱਲੀ ਦੇ ਲੋਕ ਪੁਰਾਣੇ ਦਿਨਾਂ ਨੂੰ ਯਾਦ ਕਰ ਰਹੇ ਹਨ, ਜਦੋਂ ‘ਆਪ’ ਸਰਕਾਰ ਵੇਲੇ ਉਨ੍ਹਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਮਿਲਦੀ ਸੀ।
‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਟਵਿੱਟਰ ‘ਤੇ ਕਿਹਾ ਕਿ ਬਿਜਲੀ ਅਤੇ ਪਾਣੀ ਦੀ ਭਾਰੀ ਕਿੱਲਤ ਤੋਂ ਬਾਅਦ ਹੁਣ ਹਸਪਤਾਲਾਂ ਵਿੱਚੋਂ ਦਵਾਈਆਂ ਵੀ ਗਾਇਬ ਹਨ। ਗ਼ਰੀਬ ਲੋਕ ਸਰਕਾਰੀ ਹਸਪਤਾਲਾਂ ਵਿੱਚ ਆਉਂਦੇ ਹਨ। ਦਵਾਈਆਂ ਤੋਂ ਬਿਨਾਂ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ।
ਆਈਐੱਸਬੀਟੀ ’ਤੇ ਪ੍ਰਦਰਸ਼ਨ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਕੁਮਾਰ ਨੇ ਕਿਹਾ ਕਿ ਦਿੱਲੀ ਵਿੱਚ ਬਿਜਲੀ ਕੱਟ ਦੀ ਸਰਕਾਰ ਆ ਗਈ ਹੈ। ਜਦੋਂ ਤੋਂ ਡਬਲ ਇੰਜਣ ਵਾਲੀ ਭਾਜਪਾ ਸਰਕਾਰ ਸੱਤਾ ਵਿੱਚ ਆਈ ਹੈ, ਉਦੋਂ ਤੋਂ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਲਗਾਤਾਰ ਦੋ ਤੋਂ ਤਿੰਨ ਘੰਟੇ ਦੇ ਬਿਜਲੀ ਕੱਟ ਲੱਗ ਰਹੇ ਹਨ। ਦਿੱਲੀ ਵਿੱਚ 10 ਸਾਲ ਅਰਵਿੰਦ ਕੇਜਰੀਵਾਲ ਦੀ ਸਰਕਾਰ ਰਹੀ। ਇਨ੍ਹਾਂ 10 ਸਾਲਾਂ ਵਿੱਚ ਦਿੱਲੀ ਵਿੱਚ ਕਿਤੇ ਵੀ ਬਿਜਲੀ ਦਾ ਕੱਟ ਨਹੀਂ ਲੱਗਿਆ ਪਰ ਜਦੋਂ ਤੋਂ ਦਿੱਲੀ ਵਿੱਚ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਆਈ ਹੈ, ਲਗਾਤਾਰ ਬਿਜਲੀ ਕੱਟ ਲੱਗ ਰਹੇ ਹਨ। ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਲੋਕਾਂ ਨੂੰ ਸੜਕਾਂ ’ਤੇ ਆ ਕੇ ਪ੍ਰਦਰਸ਼ਨ ਅਤੇ ਜਾਮ ਲਗਾਉਣਾ ਪਿਆ। ਕੁਲਦੀਪ ਕੁਮਾਰ ਨੇ ਕਿਹਾ ਕਿ ਦਿੱਲੀ ਤੋਂ ਇਲਾਵਾ ਦੇਸ਼ ਦੇ 20 ਹੋਰ ਰਾਜਾਂ ਵਿੱਚ ਭਾਜਪਾ ਦੇ ਡਬਲ ਇੰਜਣ ਦੀ ਸਰਕਾਰ ਹੈ ਅਤੇ ਉਹ ਅੱਜ ਤੱਕ ਉਨ੍ਹਾਂ ਰਾਜਾਂ ਵਿੱਚ 24 ਘੰਟੇ ਬਿਜਲੀ ਨਹੀਂ ਦੇ ਸਕੀ। ਜਿੱਥੇ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ 24 ਘੰਟੇ ਬਿਜਲੀ ਦੇਣ ਦਾ ਸਿਸਟਮ ਬਣਾਇਆ ਸੀ, ਅੱਜ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਉਸ ਸਿਸਟਮ ਨੂੰ ਤੋੜਨ ਦਾ ਕੰਮ ਕਰ ਰਹੀ ਹੈ। ਇਹ ਦਿੱਲੀ ਦੇ ਲੋਕਾਂ ਨੂੰ ਹਨੇਰੇ ਵਿੱਚ ਰੱਖਣ ਦਾ ਕੰਮ ਕਰ ਰਿਹਾ ਹੈ। ਦਿੱਲੀ ਦੇ ਲੋਕ ਇਨਵਰਟਰ ਅਤੇ ਜਨਰੇਟਰ ਨੂੰ ਭੁੱਲ ਗਏ ਸਨ ਪਰ ਹੁਣ ਫਿਰ ਤੋਂ ਇਨਵਰਟਰ ਖਰੀਦਣ ਲਈ ਮਜਬੂਰ ਹੋ ਰਹੇ ਹਨ। ਕਿਉਂਕਿ ਦਿੱਲੀ ਵਿੱਚ ਭਾਜਪਾ ਦੀ ਬਿਜਲੀ ਕੱਟ ਵਾਲੀ ਸਰਕਾਰ ਸੱਤਾ ਵਿੱਚ ਆ ਗਈ ਹੈ।
ਬਿਜਲੀ ਕੱਟਾਂ ਦਾ ਮੁੱਦਾ ਵਿਧਾਨ ਸਭਾ ਵਿੱਚ ਵੀ ਚੁੱਕਿਆ: ਕੁਲਦੀਪ ਕੁਮਾਰ
ਵਿਧਾਇਕ ਕੁਲਦੀਪ ਕੁਮਾਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਲਗਾਤਾਰ ਬਿਜਲੀ ਕੱਟਾਂ ਦਾ ਮੁੱਦਾ ਵਿਧਾਨ ਸਭਾ ਵਿੱਚ ਉਠਾਇਆ ਸੀ ਅਤੇ ਹੁਣ ਉਹ ਇਸ ਮੁੱਦੇ ਨੂੰ ਸੜਕਾਂ ’ਤੇ ਵੀ ਉਠਾ ਰਹੇ ਹਨ। ਦਿੱਲੀ ਵਿੱਚ ਬਿਜਲੀ ਕੱਟ ਵਾਲੀ ਸਰਕਾਰ ਨਹੀਂ ਚੱਲੇਗੀ। ਭਾਜਪਾ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਦਿੱਲੀ ਦੇ ਲੋਕਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਮਿਲੇ। ਹੁਣ ਅਪਰੈਲ ਦਾ ਪਹਿਲਾ ਹਫ਼ਤਾ ਚੱਲ ਰਿਹਾ ਹੈ। ਜਦੋਂ ਮਾਰਚ ਦੇ ਆਖ਼ਰੀ ਹਫ਼ਤੇ ਵਿੱਚ ਹੀ ਇੰਨੇ ਲੰਬੇ ਬਿਜਲੀ ਕੱਟ ਲੱਗਣੇ ਸ਼ੁਰੂ ਹੋ ਗਏ ਹਨ ਤਾਂ ਅਪਰੈਲ, ਮਈ ਅਤੇ ਜੂਨਵਿੱਚ ਜਦੋਂ ਗਰਮੀ ਸਿਖਰ ’ਤੇ ਹੋਵੇਗੀ ਤਾਂ ਬਿਜਲੀ ਸਪਲਾਈ ਦੀ ਸਥਿਤੀ ਕੀ ਹੋਵੇਗੀ। ਭਾਜਪਾ ਸਰਕਾਰ ਦਿੱਲੀ ਦੇ ਲੋਕਾਂ ਨੂੰ ਪਹਿਲਾਂ ਵਾਂਗ ਬਿਜਲੀ ਕੱਟ ਦੇ ਦੌਰ ਵਿੱਚ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਦਿੱਲੀ ਵਿੱਚ ਬਿਜਲੀ ਕੱਟ ਲਗਾਉਣ ਦਾ ਕੰਮ ਲਗਾਤਾਰ ਕੀਤਾ ਜਾ ਰਿਹਾ ਹੈ।