Delhi News ਉੱਤਰੀ ਪੂਰਬੀ ਦਿੱਲੀ ਦੇ ਵਜ਼ੀਰਾਬਾਦ ’ਚ ਪੁਲੀਸ ਦਾ ਮਾਲਖਾਨਾ ਸੜ ਕੇ ਸੁਆਹ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 6 ਅਪਰੈਲ
ਉੱਤਰ ਪੂਰਬੀ ਦਿੱਲੀ ਦੇ ਵਜ਼ੀਰਾਬਾਦ ਖੇਤਰ ਵਿੱਚ ਅੱਗ ਲੱਗਣ ਕਾਰਨ ਦਿੱਲੀ ਪੁਲੀਸ ਦਾ ਮਾਲਖਾਨਾ (ਸਟੋਰਹਾਊਸ) ਸੜ ਕੇ ਸੁਆਹ ਹੋ ਗਿਆ। ਦਿੱਲੀ ਫਾਇਰ ਸਰਵਿਸਿਜ਼ (ਡੀਐੱਫਐੱਸ) ਦੇ ਅਧਿਕਾਰੀ ਨੇ ਦੱਸਿਆ ਕਿ ਅੱਗ ਵਿੱਚ ਕੁੱਲ 345 ਗੱਡੀਆਂ ਸੜ ਕੇ ਸੁਆਹ ਹੋ ਗਈਆਂ। ਇਹ ਉਹ ਗੱਡੀਆਂ ਸਨ ਜਿਨ੍ਹਾਂ ਨੂੰ ਪੁਲੀਸ ਨੇ ਵੱਖ ਵੱਖ ਇਲਾਕਿਆਂ ਵਿੱਚੋਂ ਜ਼ਬਤ ਕੀਤਾ ਸੀ ਜਾਂ ਫਿਰ ਇਹ ਮੁਕੱਦਮਿਆਂ ਦੀ ‘ਕੇਸ ਪ੍ਰਾਪਰਟੀ’ ਸੀ।
ਐਤਵਾਰ ਤੜਕੇ 4:30 ਵਜੇ ਸੂਚਨਾ ਮਿਲਣ ’ਤੇ ਮੌਕੇ ਉੱਤੇ ਪਹੁੰਚੀਆਂ ਸੱਤ ਫਾਇਰ ਬ੍ਰਿਗੇਡ ਯੂਨਿਟਾਂ ਨੇ ਦੋ ਘੰਟੇ ਬਾਅਦ ਅੱਗ ’ਤੇ ਕਾਬੂ ਪਾਇਆ। ਡੀਐੱਫਐੱਸ ਅਧਿਕਾਰੀ ਨੇ ਦੱਸਿਆ ਕਿ ਸਵੇਰੇ 6:20 ਵਜੇ ਅੱਗ ’ਤੇ ਕਾਬੂ ਪਾਇਆ ਗਿਆ। ਵਜ਼ੀਰਾਬਾਦ ਸਟੋਰੇਜ ਖੇਤਰ ਵਿੱਚ ਅੱਗ ਦੀਆਂ ਘਟਨਾਵਾਂ ਦਾ ਇਤਿਹਾਸ ਰਿਹਾ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਵਜ਼ੀਰਾਬਾਦ ਮਾਲਖਾਨੇ ਨੂੰ ਅੱਗ ਲੱਗੀ ਹੋਵੇ।
ਪਿਛਲੇ ਸਾਲ ਅਗਸਤ ਵਿਚ ਅੱਗ ਲੱਗਣ ਕਰਕੇ 280 ਵਾਹਨ ਸੜ ਗਏ ਸਨ। ਅੱਜ ਦੇ ਹਾਦਸੇ ਵਿੱਚ ਤਬਾਹ ਹੋਏ 345 ਵਾਹਨਾਂ ਵਿੱਚੋਂ ਜ਼ਿਆਦਾਤਰ ਦੁਪਹੀਆ ਵਾਹਨ (260) ਤੇ 85 ਕਾਰਾਂ ਸਨ। ਤਿੰਨ ਦਿਨਾਂ ਵਿੱਚ ਮਾਲਖਾਨੇ ਵਿੱਚ ਅੱਗ ਲੱਗਣ ਦੀ ਇਹ ਦੂਜੀ ਘਟਨਾ ਹੈ। ਪਹਿਲਾ ਵੀਰਵਾਰ ਨੂੰ ਨਹਿਰੂ ਪਲੇਸ ਵਿੱਚ ਦਿੱਲੀ ਟਰੈਫਿਕ ਪੁਲੀਸ ਵਿੱਚ ਅੱਗ ਲੱਗੀ ਸੀ ਤੇ ਉਥੇ ਕਰੀਬ 100 ਵਾਹਨ ਸੜ ਗਏ ਸਨ।