America plane crash ਅਮਰੀਕਾ: ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਤਿੰਨ ਦੀ ਮੌਤ
ਫਲੋਰੀਡਾ, 12 ਅਪਰੈਲ
America plane crash: ਫਲੋਰੀਡਾ ਦੇ ਬੋਕਾ ਰੈਟਨ ਦੇ ਬਾਹਰ ਇਕ ਛੋਟਾ ਜਹਾਜ਼ ਵਿਅਸਤ ਸੜਕ ’ਤੇ ਹਾਦਸਾਗ੍ਰਸਤ ਹੋਣ ਅਤੇ ਅੱਗ ਲੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਜਹਾਜ਼ ਹਾਦਸੇ ਦੀ ਜਾਂਚ ਕਰਨਗੇ। ਬੋਕਾ ਰੈਟਨ ਫਾਇਰ ਰੈਸਕਿਊ ਦੇ ਸਹਾਇਕ ਫਾਇਰ ਚੀਫ ਮਾਈਕਲ ਲਾਸਾਲੇ ਦੇ ਅਨੁਸਾਰ ਟਵਿਨ-ਇੰਜਣ ਸੇਸਨਾ 310 ਵਿਚ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ। ਜਹਾਜ਼ ਹਾਦਸੇ ਦੇ ਮਲਬੇ ਅਤੇ ਅੱਗ ਕਾਰਨ ਇਕ ਕਾਰ ਦਰੱਖਤ ਨਾਲ ਟਕਰਾ ਗਈ ਅਤੇ ਚਾਲਕ ਜ਼ਖਮੀ ਹੋ ਗਿਆ।
ਬੋਕਾ ਰੈਟਨ ਦੇ ਮੇਅਰ ਸਕਾਟ ਸਿੰਗਰ ਨੇ ਇਸ ਘਟਨਾ ’ਤੇ ਦੁੱਖ ਪਰਗਟ ਕੀਤਾ। ਅਧਿਕਾਰੀਆਂ ਦੇ ਅਨੁਸਾਰ ਜਹਾਜ਼ ਨੇ ਸਵੇਰੇ 10 ਵਜੇ ਬੋਕਾ ਰੈਟਨ ਤੋਂ ਉਡਾਣ ਭਰੀ ਅਤੇ ਟੈਲਾਹਾਸੀ ਜਾ ਰਿਹਾ ਸੀ। ਬੋਕਾ ਰੈਟਨ ਫਾਇਰ ਅਤੇ ਪੁਲੀਸ ਡਿਸਪੈਚ ਨੂੰ ਸਵੇਰੇ 10:12 ਵਜੇ ਦੇ ਕਰੀਬ ਜਹਾਜ਼ ਵਿਚ ਸਮੱਸਿਆ ਹੋਣ ਦੀ ਕਾਲ ਆਈ ਅਤੇ ਜਹਾਜ਼ ਸਵੇਰੇ 10:20 ਵਜੇ ਕਰੈਸ਼ ਹੋ ਗਿਆ। ਸਹਾਇਕ ਫਾਇਰ ਚੀਫ਼ ਨੇ ਕਿਹਾ ਕਿ ਜਹਾਜ਼ ਵਿੱਚ ਕੁਝ ਮਕੈਨੀਕਲ ਸਮੱਸਿਆਵਾਂ ਸਨ। -ਏਐੱਨਆਈ