ਲੋੜਵੰਦ ਬੱਚਿਆਂ ਨੂੰ ਵਰਦੀ ਬੂਟ ਤੇ ਸਟੇਸ਼ਨਰੀ ਵੰਡੀ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 11 ਅਪਰੈਲ
ਸਥਾਨਕ ਨਰ ਨਰਾਇਣ ਸੇਵਾ ਸਮਿਤੀ ਜੋ ਆਪਣੇ ਸਮਾਜ ਸੇਵਾ ਕਾਰਜਾਂ ਕਰ ਆਪਣੇ ਨਾਂ ਦੇ ਅਨਸੁਾਰ ਹੀ ਕਾਰਜ ਕਰ ਰਹੀ ਹੈ। ਸਮਾਜ ਸੇਵਾ ਦੇ ਕਾਰਜਾਂ ਦੀ ਲੜੀ ਤਹਿਤ ਸਮਿਤੀ ਨੇ ਅੱਜ ਆਪਣੇ ਦਫਤਰ ਵਿਚ ਪਿਤਾ ਵਹੀਨੇ ਲੋੜਵੰਦ ਬੱਚਿਆਂ ਨੂੰ ਸਕੂਲ ਵਰਦੀ, ਬੂਟ ਤੇ ਸਟੇਸ਼ਨਰੀ ਵੰਡੀ ਤਾਂ ਜੋ ਉਹ ਆਪਣੀ ਪੜ੍ਹਾਈ ਨੂੰ ਨਿਰੰਤਰ ਜਾਰੀ ਰੱਖ ਸਕਣ। ਸਮਿਤੀ ਦੇ ਸੰਸਥਾਪਕ ਪ੍ਰਧਾਨ ਮੁਨੀਸ਼ ਭਾਟੀਆ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਰ ਨਰਾਇਣ ਸੇਵਾ ਸਮਿਤੀ ਵੱਲੋਂ ਹੋਣਹਾਰ ਤੇ ਲੋੜਵੰਦ ਬਚਿੱਆਂ ਨੂੰ ਹਰ ਸਾਲ ਇਸੇ ਤਰ੍ਹਾਂ ਦੀ ਮਦਦ ਕੀਤੀ ਜਾਂਦੀ ਹੈ। ਉਨਾਂ ਕਿਹਾ ਕਿ ਸਮਿਤੀ ਵੱਲੋਂ ਬੀਤੇ ਸਾਲ ਵੀ 22 ਲੋੜਵੰਦ ਬੱਚਿਆਂ ਦੀ ਪੂਰੀ ਫੀਸ ਦਿੱਤੀ ਗਈ । ਇਸ ਤੋਂ ਇਲਾਵਾ ਸੈਂਕੜੇ ਬਚਿੱਆਂ ਨੂੰ ਜਰਸੀਆਂ, ਬੂਟ, ਜੁਰਾਬਾਂ,ਵਰਦੀਆਂ, ਕਿਤਾਬਾਂ ਤੇ ਸਟੇਸ਼ਨਰੀ ਦੀ ਮਦਦ ਵੀ ਦਿੱਤੀ ਗਈ। ਭਾਟੀਆ ਨੇ ਕਿਹਾ ਕਿ ਸਮਿਤੀ ਦਾ ਇਕੋ ਇਕ ਉਦੇਸ਼ ਹੈ ਕਿ ਕੋਈ ਵੀ ਹੋਣਹਾਰ ਬੱਚਾ ਇਨ੍ਹਾਂ ਚੀਜ਼ਾਂ ਦੀ ਘਾਟ ਕਾਰਨ ਆਪਣੀ ਪੜ੍ਹਾਈ ਤੋਂ ਵਾਂਝਾ ਨਾ ਰਹਿ ਜਾਏ। ਉਨ੍ਹਾਂ ਕਿਹਾ ਕਿ ਹੋਣਹਾਰ ਤੇ ਜ਼ਰੂਰਤਮੰਦ ਬੱਚਿਆਂ ਦੀ ਮਦਦ ਲਈ ਸਮਿਤੀ ਦੇ ਦਰਵਾਜ਼ੇ ਹਰ ਸਮੇਂ ਖੁੱਲ੍ਹੇ ਹਨ। ਸਮਿਤੀ ਦੇ ਸਕੱਤਰ ਵਿਨੋਦ ਅਰੋੜਾ ਤੇ ਪ੍ਰਾਜੈਕਟ ਚੇਅਰਮੈਨ ਸਤਪਾਲ ਭਾਟੀਆ ਨੇ ਸਮਿਤੀ ਨਾਲ ਜੁੜੇ ਸਾਰੇ ਡੋਨਰਾਂ ਤੇ ਸਹਿਯੋਗੀਆਂ ਦਾ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਇਨ੍ਹਾਂ ਸਹਿਯੋਗੀਆਂ ਕਾਰਨ ਹੀ ਸਮਿਤੀ ਇਹ ਸੇਵਾ ਕਾਰਜ ਕਰਨ ਵਿਚ ਸਫਲ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਸਮਿਤੀ ਨੂੰ ਦਿੱਤਾ ਗਿਆ ਇਕ ਇਕ ਪੈਸਾ ਬੜੀ ਸੋਚ ਸਮਝ ਨਾਲ ਸੇਵਾ ਕਾਰਜਾਂ ਵਿਚ ਲਾਇਆ ਜਾਂਦਾ ਹੈ।