ED Vadra ਮਨੀ ਲਾਂਡਰਿੰਗ: ਰੌਬਰਟ ਵਾਡਰਾ ਤੋਂ ਲਗਾਤਾਰ ਦੂਜੇ ਦਿਨ ਪੰਜ ਘੰਟੇ ਤੱਕ ਪੁੱਛ-ਪੜਤਾਲ
ਨਵੀਂ ਦਿੱਲੀ, 16 ਅਪਰੈਲ
ED Vadra ਕਾਂਗਰਸ ਆਗੂ ਸੋਨੀਆ ਗਾਂਧੀ ਦੇ ਜਵਾਈ ਅਤੇ ਕਾਰੋਬਾਰੀ ਰੌਬਰਟ ਵਾਡਰਾ ਤੋਂ 2008 ਦੇ ਹਰਿਆਣਾ ਜ਼ਮੀਨ ਸੌਦੇ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਲਗਾਤਾਰ ਦੂਜੇ ਦਿਨ ਕਰੀਬ ਪੰਜ ਘੰਟੇ ਤੱਕ ਪੁੱਛ-ਪੜਤਾਲ ਕੀਤੀ। ਉਸ ਨੂੰ ਹੋਰ ਪੁੱਛ-ਪੜਤਾਲ ਲਈ ਭਲਕੇ ਵੀਰਵਾਰ ਨੂੰ ਮੁੜ ਸੱਦਿਆ ਗਿਆ ਹੈ। ਉਹ ਸਵੇਰੇ ਕਰੀਬ 11 ਵਜੇ ਪਤਨੀ ਅਤੇ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਈਡੀ ਦਫ਼ਤਰ ਪੁੱਜੇ। ਰੌਬਰਟ ਵਾਡਰਾ ਦੇ ਈਡੀ ਦਫ਼ਤਰ ਅੰਦਰ ਜਾਣ ਤੋਂ ਪਹਿਲਾਂ ਦੋਹਾਂ ਨੇ ਇਕ-ਦੂਜੇ ਨੂੰ ਗੱਲਵਕੜੀ ਪਾਈ। ਉਹ ਦੁਪਹਿਰ 1.10 ਵਜੇ ਦੁਪਹਿਰ ਦੇ ਭੋਜਨ ਲਈ ਘਰ ਗਏ ਅਤੇ ਉਦੋਂ ਤੱਕ ਪ੍ਰਿਯੰਕਾ ਈਡੀ ਦਫ਼ਤਰ ਦੇ ਵਿਜ਼ਿਟਰ ਕਮਰੇ ’ਚ ਬੈਠੀ ਰਹੀ। ਇਸ ਦੌਰਾਨ ਸੰਸਦ ਮੈਂਬਰ ਦੀ ਜ਼ੈੱਡ ਪਲੱਸ ਸੁਰੱਖਿਆ ’ਚ ਤਾਇਨਾਤ ਜਵਾਨ ਬਾਹਰ ਉਡੀਕ ਕਰਦੇ ਰਹੇ। ਵਾਡਰਾ ਤੋਂ ਮੰਗਲਵਾਰ ਨੂੰ ਕਰੀਬ ਪੰਜ ਘੰਟਿਆਂ ਤੱਕ ਪੁੱਛ-ਪੜਤਾਲ ਕੀਤੀ ਗਈ ਸੀ।ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਨਜ਼ਦੀਕੀ ਰਿਸ਼ਤੇਦਾਰ ਤੇ ਕਾਰੋਬਾਰੀ ਰੌਬਰਟ ਵਾਡਰਾ ਜ਼ਮੀਨ ਦੀ ਖਰੀਦ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਦੀ ਜਾਂਚ ਨੂੰ ਲੈ ਕੇ ਅੱਜ ਲਗਾਤਾਰ ਦੂਜੇ ਦਿਨ ਐੱਨਫੋਰਸਮੈਂਟ ਡਾਇਰੈਕਟੋਰੇਟ ਅੱਗੇ ਪੇਸ਼ ਹੋਏ।
ਇਹ ਮਾਮਲਾ ਫਰਵਰੀ 2008 ਵਿੱਚ ਵਾਡਰਾ ਦੀ ਕੰਪਨੀ ਵੱਲੋਂ ਓਮਕਾਰੇਸ਼ਵਰ ਪ੍ਰਾਪਰਟੀਜ਼ ਤੋਂ ਗੁੜਗਾਓਂ ਦੇ ਸ਼ਿਕੋਹਪੁਰ ਵਿੱਚ 3.5 ਏਕੜ ਦੇ ਪਲਾਟ ਨੂੰ 7.5 ਕਰੋੜ ਰੁਪਏ ਵਿੱਚ ਖਰੀਦਣ ਨਾਲ ਸਬੰਧਤ ਹੈ।
ਦੋਸ਼ ਹੈ ਕਿ ਵਾਡਰਾ ਦੀ ਕੰਪਨੀ ਨੇ ਬਾਅਦ ਵਿੱਚ ਜ਼ਮੀਨ ਦੇ ਟੁਕੜੇ ਨੂੰ ਰੀਅਲ ਅਸਟੇਟ ਦਿੱਗਜ ਡੀਐਲਐਫ ਨੂੰ 58 ਕਰੋੜ ਰੁਪਏ ਵਿੱਚ ਵੇਚ ਦਿੱਤਾ। ਇਸ ਦੌਰਾਨ, ਵਾਡਰਾ ਨੇ ਈਡੀ ਵੱਲੋਂ ਜਾਰੀ ਸੰਮਨਾਂ ਨੂੰ ਭਾਜਪਾ ਵੱਲੋਂ ਜਾਂਚ ਏਜੰਸੀਆਂ ਦੀ ਦੁਰਵਰਤੋਂ ਦੱਸਿਆ ਹੈ। -ਪੀਟੀਆਈ
ਗਾਂਧੀ ਪਰਿਵਾਰ ਨਾਲ ਜੁੜੇ ਹੋਣ ਕਾਰਨ ਨਿਸ਼ਾਨਾ ਬਣਾਇਆ ਜਾ ਰਿਹੈ: ਰੌਬਰਟ ਵਾਡਰਾ
ਨਵੀਂ ਦਿੱਲੀ: ਕਾਰੋਬਾਰੀ ਰੌਬਰਟ ਵਾਡਰਾ ਨੇ ਦਾਅਵਾ ਕੀਤਾ ਕਿ ਉਸ ਨੂੰ ਜਾਂਚ ਏਜੰਸੀਆਂ ਵੱਲੋਂ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਉਹ ਗਾਂਧੀ ਪਰਿਵਾਰ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇ ਉਹ ਭਾਜਪਾ ਦਾ ਹਿੱਸਾ ਹੁੰਦੇ ਤਾਂ ਹਾਲਾਤ ਵੱਖਰੇ ਹੋਣੇ ਸਨ। ਉਸ ਨੇ ਕਿਹਾ ਕਿ ਉਹ ਛੇਤੀ ਹੀ ਸਿਆਸਤ ’ਚ ਆਵੇਗਾ ਕਿਉਂਕਿ ਉਹ ਲੋਕਾਂ ਨਾਲ 1999 ਤੋਂ ਕੰਮ ਕਰ ਰਿਹਾ ਹੈ। ਰੌਬਰਟ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਮਾਮਲੇ ’ਚ ਕਲੀਨ ਚਿੱਟ ਦਿੱਤੇ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਵਾਡਰਾ ਨੇ ਕਿਹਾ, ‘‘ਜਿਨ੍ਹਾਂ ਤੁਸੀਂ ਸਾਨੂੰ ਪਰੇਸ਼ਾਨ ਕਰੋਗੇ, ਅਸੀਂ ਉਨ੍ਹਾਂ ਹੀ ਮਜ਼ਬੂਤ ਹੋਵਾਂਗੇ। ਸਾਡੇ ਰਾਹ ’ਚ ਆਉਣ ਵਾਲੀ ਹਰ ਚੀਜ਼ ਨਾਲ ਅਸੀਂ ਲੜਾਂਗੇ।’’ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਾਂਚ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਸਲ ਮੁੱਦਿਆਂ ਤੋਂ ਧਿਆਨ ਵੰਡਾਉਣ ਲਈ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। -ਪੀਟੀਆਈ