ਜੇਐੱਨਯੂ ਚੋਣਾਂ ਬਾਰੇ ਏਬੀਵੀਪੀ ਦੇ ਦਾਅਵੇ ਝੂਠੇ: ਆਇਸਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਅਪਰੈਲ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ’ਤੇ ਕਾਬਜ਼ ਮੌਜੂਦਾ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਬੁਲਾਰੇ ਨੇ ਕਿਹਾ ਕਿ ਭਾਜਪਾ ਦਾ ਵਿਦਿਆਰਥੀ ਵਿੰਗ ‘ਏਬੀਵੀਪੀ’ ਝੂਠਾ ਦਾਅਵਾ ਕਰ ਰਿਹਾ ਹੈ ਕਿ ਉਨ੍ਹਾਂ ਨੇ ਜੇਐੱਨਯੂ ਵਿੱਚ 23 ਕੌਂਸਲਰ ਸੀਟਾਂ ਜਿੱਤੀਆਂ ਹਨ। ਆਇਸ਼ਾ ਮੁਤਾਬਕ ਏਬੀਵੀਪੀ ਬਹੁਮਤ ਸਮਰਥਨ ਦੀ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ, ਅਸਲੀਅਤ ਉਨ੍ਹਾਂ ਦੇ ਝੂਠ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਦੀ ਹੈ। ਉਨ੍ਹਾਂ ਕਿਹਾ ਗਿਆ ਕਿ ਜਿਨ੍ਹਾਂ ਸਕੂਲਾਂ ਵਿੱਚ ਉਨ੍ਹਾਂ ਨੇ ਸੀਟਾਂ ਜਿੱਤੀਆਂ ਹਨ, ਉਨ੍ਹਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਬਹੁਤ ਘੱਟ ਹੈ ਤੇ ਇਹ ਯਕੀਨੀ ਤੌਰ ’ਤੇ ਵਿਸ਼ਾਲ ਜੇਐੱਨਯੂ ਵਿਦਿਆਰਥੀ ਸੰਗਠਨ ਦੇ ਫਤਵੇ ਦਾ ਸੰਕੇਤ ਨਹੀਂ ਹਨ।
ਸਕੂਲ ਆਫ਼ ਲੈਂਗੂਏਜ (ਐੱਸਐੱਲ) ਦੀਆਂ 2324 ਵੋਟਰਾਂ ਵਿੱਚੋਂ ਲਗਪਗ 1600 ਨੇ ਵੋਟ ਪਾਈ। ਏਬੀਵੀਪੀ ਨੂੰ ਕੋਈ ਸੀਟ ਨਹੀਂ ਮਿਲੀ। ਸਕੂਲ ਆਫ਼ ਇੰਟਰਨੈਸ਼ਨਲ ਸਟੱਡੀਜ਼ (ਐੱਸਆਈਐੱਸ) ਦੇ 1182 ਵੋਟਰਾਂ ਵਿੱਚੋਂ, ਲਗਪਗ 700 ਨੇ ਵੋਟ ਪਾਈ। ਏਬੀਵੀਪੀ ਨੇ 5 ਵਿੱਚੋਂ 2 ਸੀਟਾਂ ਜਿੱਤੀਆਂ। ਸਕੂਲ ਆਫ਼ ਸੋਸ਼ਲ ਸਾਇੰਸਜ਼ (ਐੱਸਐੱਸਐੱਸ) ਵਿੱਚ 1912 ਵੋਟਰਾਂ ਵਿੱਚੋਂ ਲਗਪਗ 1300 ਨੇ ਵੋਟ ਪਾਈ। ਏਬੀਵੀਪੀ ਨੇ 5 ਵਿੱਚੋਂ 2 ਸੀਟਾਂ ਜਿੱਤੀਆਂ। ਆਇਸਾ ਦੇ ਬੁਲਾਰੇ ਨੇ ਕਿਹਾ ਕਿ ਸਕੂਲ ਆਫ਼ ਇੰਜਨੀਅਰਿੰਗ ਵਿੱਚ 550 ਵੋਟਰਾਂ ਵਿੱਚੋਂ ਲਗਪਗ 430 ਵੋਟ ਪਏ। ਏਬੀਵੀਪੀ ਨੇ 4 ਵਿੱਚੋਂ 2 ਸੀਟਾਂ ਜਿੱਤੀਆਂ। ਇਨ੍ਹਾਂ ਵੱਡੇ ਸਕੂਲਾਂ ਵਿੱਚ, ਜਿਨ੍ਹਾਂ ਵਿੱਚ 6300 ਤੋਂ ਵੱਧ ਵਿਦਿਆਰਥੀ ਹਨ ਅਤੇ 4280 ਵੋਟਾਂ ਪਈਆਂ ਹਨ, ਏਬੀਵੀਪੀ ਸਿਰਫ਼ 6 ਕੌਂਸਲਰ ਸੀਟਾਂ ਜਿੱਤ ਸਕੀ। ਇਨ੍ਹਾਂ ਸਕੂਲਾਂ ਵਿੱਚ ਵੀ ਜਿੱਥੇ ਵਿਦਿਆਰਥੀ ਆਬਾਦੀ ਘੱਟ ਹੈ ਉੱਥੇ ਸਕੂਲ ਆਫ਼ ਲਾਈਫ਼ ਸਾਇੰਸਜ਼ ਵਿੱਚ 200 ਵੋਟਰਾਂ ਵਿੱਚੋਂ ਲਗਪਗ 130 ਵੋਟਾਂ ਪਈਆਂ। ਏਬੀਵੀਪੀ ਨੂੰ ਕੋਈ ਜਿੱਤ ਹਾਸਲ ਨਹੀਂ ਹੋਈ। ਸਕੂਲ ਆਫ਼ ਆਰਟਸ ਐਂਡ ਐਸਥੈਟਿਕਸ ਵਿੱਚ 110 ਵੋਟਰਾਂ ਵਿੱਚੋਂ ਲਗਪਗ 70 ਵੋਟਾਂ ਪਈਆਂ ਪਰ ਏਬੀਵੀਪੀ ਨਾਕਾਮ ਰਹੀ। ਸੈਂਟਰ ਫਾਰ ਦਿ ਸਟੱਡੀ ਆਫ਼ ਲਾਅ ਐਂਡ ਗਵਰਨੈਂਸ ਵਿੱਚ 70 ਵੋਟਰਾਂ ਵਿੱਚੋਂ ਲਗਪਗ 53 ਵੋਟਾਂ ਪਈਆਂ ਪਰ ਭਾਜਪਾ ਪੱਖੀਆਂ ਨੂੰ ਕੁਝ ਨਹੀਂ ਮਿਲਿਆ।
ਆਇਸਾ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਦੀਆਂ ਜ਼ਿਆਦਾਤਰ ਹੋਰ ‘ਜਿੱਤਾਂ’ ਬਹੁਤ ਘੱਟ ਤਾਕਤ ਵਾਲੇ ਸਕੂਲਾਂ ਤੋਂ ਹੋਈਆਂ ਹਨ। ਇਹ ਉਹੀ ਸਕੂਲ ਹਨ ਜਿੱਥੇ ਆਰਐੱਸਐੱਸ ਨਾਲ ਜੁੜੇ ਅਧਿਆਪਕ ਵਿਦਿਆਰਥੀ ਜੀਵਨ ਅਤੇ ਰਾਜਨੀਤੀ ਦੇ ਹਰ ਪਹਿਲੂ ਦਾ ਫੈਸਲਾ ਕਰਦੇ ਹਨ। ਨਤੀਜੇ ਵਜੋਂ ਵਿਦਿਆਰਥੀਆਂ ਨੂੰ ਤੰਗ ਕੀਤਾ ਜਾਂਦਾ ਹੈ ਅਤੇ ਇੱਥੋਂ ਤੱਕ ਕਿ ਪ੍ਰਗਤੀਸ਼ੀਲ ਰਾਜਨੀਤੀ ਵਿੱਚ ਹਿੱਸਾ ਲੈਣ ਤੋਂ ਵੀ ਡਰਾਇਆ ਜਾਂਦਾ ਹੈ।
ਖੱਬੇ ਪੱਖੀ ਵਿਦਿਆਰਥੀ ਯੂਨੀਅਨ ਨੇ ਕਿਹਾ ਕਿ ਇਹ ਕਿਵੇਂ ਦੀ ਜਿੱਤ ਹੈ ਜੇ ਉਨ੍ਹਾਂ ਦੇ ਜ਼ਿਆਦਾਤਰ ਏਬੀਵੀਪੀ ਕੌਂਸਲਰ ਚੁਣੇ ਜਾਂਦੇ ਹਨ ਜੋ ਜੇਐੱਨਯੂ ਦਾ 15 ਫ਼ੀਸਦ ਵੀ ਨਹੀਂ ਬਣਦੇ।
ਨਿਤੀਸ਼ ਕੁਮਾਰ ਆਈਸਾ ਦੇ ਪ੍ਰਧਾਨ ਬਣੇ
ਜਵਾਹਰ ਲਾਲ ਨਹਿਰੂ ਸਟੂਡੈਂਟਸ ਯੂਨੀਅਨ ਦੇ ਪਹਿਲੇ ਚਾਰ ਅਹੁਦਿਆਂ ਵਿੱਚੋਂ ਤਿੰਨ ਖੱਬੀੇ ਪੱਖੀਆਂ ਨੇ ਜਿੱਤੇ ਤੇ ਇੱਕ ਏਬੀਵੀਪੀ ਦੇ ਹਿੱਸੇ ਆਇਆ। ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਈਸਾ) ਦੇ ਨਿਤੀਸ਼ ਕੁਮਾਰ ਯੂਨੀਅਨ ਦੇ ਪ੍ਰਧਾਨ ਬਣੇ। ਡੈਮੋਕਰੇਟਿਕ ਸਟੂਡੈਂਟਸ ਫੈਡਰੇਸ਼ਨ (ਡੀਐੱਸਐੱਫ) ਦੀ ਮਨੀਸ਼ਾ ਉਪ ਪ੍ਰਧਾਨ ਚੁਣੀ ਗਈ। ਡੀਐੱਸਐੱਫ ਦੀ ਮੁੰਤੇਹਾ ਫਾਤਿਮਾ ਜਨਰਲ ਸਕੱਤਰ ਬਣੀ। ਮੀਤ ਸੰਯੁਕਤ ਜਨਰਲ ਲਈ ਏਬੀਵੀਪੀ ਦੇ ਵੈਭਵ ਮੀਨਾ ਚੁਣੇ ਗਏ। -ਪੀਟੀਆਈ