ਨੀਲਧਾਰੀ ਸੰਪਰਦਾ ਪਿਪਲੀ ਸਾਹਿਬ ’ਚ ਤਿੰਨ ਰੋਜ਼ਾ ਵਿਸਾਖੀ ਮੇਲਾ ਸਮਾਪਤ
ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 14 ਅਪਰੈਲ
ਗੁਰਦੁਆਰਾ ਨੀਲਧਾਰੀ ਸੰਪਰਦਾ ਪਿਪਲੀ ਸਾਹਿਬ ਵਿਖੇ ਤਿੰਨ ਰੋਜ਼ਾ ਵਿਸਾਖੀ ਮੇਲਾ ਸ਼ਰਧਾ ਅਤੇ ਉਤਸ਼ਾਹ ਨਾਲ ਸਮਾਪਤ ਹੋ ਗਿਆ। ਖਾਲਸਾ ਸਾਜਨਾ ਦਿਵਸ ਮੌਕੇ ਅਖੰਡ ਪਾਠ ਦੇ ਭੋਗ ਤੋਂ ਬਾਅਦ ਧਾਰਮਿਕ ਦੀਵਾਨ ਸਜਾਇਆ ਗਿਆ। ਦੀਵਾਨ ਦੀ ਅਗਵਾਈ ਸੰਪਰਦਾ ਦੇ ਮੁਖੀ ਬਾਬਾ ਸਤਿਨਾਮ ਸਿੰਘ (ਰਾਜਾ ਜੋਗੀ) ਨੇ ਕੀਤੀ। ਉਨ੍ਹਾਂ ਨੇ ਸੰਗਤ ਨੂੰ ਖਾਲਸਾ ਪੰਥ ਦੀ ਸਥਾਪਨਾ ਦੇ ਇਤਿਹਾਸਕ ਮਹੱਤਵ ਤੋਂ ਜਾਣੂ ਕਰਵਾਇਆ ਅਤੇ ਨੌਜਵਾਨਾਂ ਨੂੰ ਅੰਮ੍ਰਿਤ ਛੱਕ ਕੇ ਸਿੰਘ ਸਜਣ ਦਾ ਸੱਦਾ ਦਿੱਤਾ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਗੁਰਬਾਣੀ ਅਨੁਸਾਰ ਜੀਵਨ ਜਿਊਣ ਲਈ ਵੀ ਪ੍ਰੇਰਿਤ ਕੀਤਾ। ਗੁਰਦੁਆਰੇ ਦੇ ਜੀਐਮ ਭਾਈ ਪ੍ਰੀਤਮ ਸਿੰਘ ਨੇ ਦੱਸਿਆ ਕਿ ਖਾਲਸਾ ਸਾਜਨਾ ਦਿਵਸ ਮੌਕੇ ਸਜਾਏ ਦੀਵਾਨ ਵਿੱਚ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ, ਰਾਗੀ ਭਾਈ ਗੁਰਪ੍ਰੀਤ ਸਿੰਘ ਸ਼ਿਮਲਾ ਵਾਲੇ, ਰਾਗੀ ਭਾਈ ਸਤਪਾਲ ਸਿੰਘ ਦਿੱਲੀ ਵਾਲੇ, ਰਾਗੀ ਭਾਈ ਮਨਪ੍ਰੀਤ ਸਿੰਘ ਜਗਾਧਰੀ ਵਾਲੇ ਅਤੇ ਰਾਗੀ ਭਾਈ ਗੁਰਪ੍ਰੀਤ ਸਿੰਘ ਸਹਾਰਨਪੁਰ ਵਾਲੇ ਨੇ ਸੰਗਤ ਨੂੰ ਰਸਭਿੰਨੇ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ।
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਭਾਈ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਖਾਲਸਾ ਸਾਜਨਾ ਦਿਵਸ ਮੌਕੇ ਅਖੰਡ ਪਾਠਾਂ ਦੀ ਲੜੀ ਪਹਿਲੀ ਅਪਰੈਲ ਤੋਂ ਸ਼ੁਰੂ ਹੋਈ ਸੀ ਅਤੇ ਮੇਲੇ ਦੇ ਅੰਤ ਵਿੱਚ 15 ਸਹਿਜ ਪਾਠ ਸਾਹਿਬ ਅਤੇ 2 ਅਖੰਡ ਪਾਠਾਂ ਦੇ ਭੋਗ ਵੀ ਪਾਏ ਗਏ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਦਿਆਲ ਸਿੰਘ ਨੇ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਭਾਈ ਪ੍ਰੇਮ ਨਿਵਾਜ, ਭਾਈ ਪ੍ਰੇਮ ਹੰਸ, ਰਣਜੋਧ ਸਿੰਘ, ਦਵਿੰਦਰ ਸਿੰਘ, ਪ੍ਰਧਾਨ ਸਿੰਘ, ਜਸਬੀਰ ਸਿੰਘ, ਬਚਿੱਤਰ ਸਿੰਘ ਹਾਜ਼ਰ ਸਨ।