ਸਾਬਕਾ ਮੰਤਰੀ ਸੁਧਾ ਵੱਲੋਂ ਸਾਈਕਲ ਯਾਤਰਾ ਕੈਥਲ ਲਈ ਰਵਾਨਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 22 ਅਪਰੈਲ
ਸਾਬਕਾ ਰਾਜ ਮੰਤਰੀ ਸੁਭਾਸ ਸੁਧਾ ਨੇ ਕਿਹਾ ਹੈ ਕਿ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਹਰ ਵਿਅਕਤੀ ਨੂੰ ਬਿਨਾਂ ਕਿਸੇ ਡਰ ਦੇ ਅੱਗੇ ਆਉਣਾ ਪਵੇਗਾ ਤੇ ਜੋ ਵੀ ਵਿਅਕਤੀ ਨਸ਼ਾ ਵੇਚਣ ਵਾਲਿਆਂ ਵਿੱਚ ਸ਼ਾਮਲ ਹੈ ਉਸ ਦੇ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਦਰਜ ਕਰਾਉਣੀ ਚਾਹੀਦੀ ਹੈ। ਸਾਈਕਲੋਥੋਨ 2.0 ਯਾਤਰਾ ਨੂੰ ਸਫਲ ਬਨਾਉਣਾ ਕੁਰੂਕਸ਼ੇਤਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਸ ਯਾਤਰਾ ਨੂੰ ਸ਼ੁਰੂ ਕੀਤਾ ਹੈ। ਸਾਬਕਾ ਰਾਜ ਮੰਤਰੀ ਅੱਜ ਪਿੰਡ ਪਿੰਡਾਰਸੀ ਵਿਚ ਸਾਈਕਲੋਥੋਨ 2.0 ਯਾਤਰਾ ਨੂੰ ਕੈਥਲ ਰਵਾਨਾ ਕਰਨ ਦੇ ਲਈ ਕਰਵਾਏ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਯਾਤਰਾ ਦਾ ਪਿੰਡਾਰਸੀ ਪੁੱਜਣ ’ਤੇ ਸਵਾਗਤ ਕੀਤਾ। ਇਸ ਮੌਕੇ ਔਰਤਾਂ ਨੇ ਹਰਿਆਣਵੀ ਸੰਸਕ੍ਰਿਤੀ ਤੇ ਪਰੰਪਰਾ ਅਨੁਸਾਰ ਲੋਕ ਗੀਤ ਗਾਏ ਤੇ ਨਸ਼ੇ ਖ਼ਿਲਾਫ਼ ਮੁਹਿੰਮ ਛੇੜਨ ਦਾ ਸੰਕਲਪ ਲਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 5 ਅਪਰੈਲ ਨੂੰ ਹਿਸਾਰ ਤੋਂ ਝੰਡੀ ਦਿਖਾ ਕੇ ਇਸ ਯਾਤਰਾ ਨੂੰ ਸ਼ੁਰੂ ਕੀਤਾ ਸੀ। ਇਸ ਦੌਰਾਨ ਰਾਜ ਮੰਤਰੀ ਨੇ ਨੌਜਵਾਨਾਂ ਨੂੰ ਨਸ਼ਾ ਨਾ ਕਰਨ ਦੀ ਸਹੁੰ ਚੁਕਾਈ । ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਗੋਲਡੀ, ਜ਼ਿਲ੍ਹਾ ਪਰੀਸ਼ਦ ਚੇਅਰਮੈਨ ਕਮਲਜੀਤ ਕੌਰ , ਏਐੱਸਪੀ ਮਨਪ੍ਰੀਤ ਸਿੰਘ ਸੂਦਨ, ਐੱਸਡੀਐੱਮ ਅਮਨ ਕੁਮਾਰ, ਜ਼ਿਲ੍ਹਾ ਖੇਡ ਅਧਿਕਾਰੀ ਮਨੋਜ ਕੁਮਾਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਧਿਕਾਰੀ ਵਿਕਾਸ ਕੁਮਾਰ ,ਸਰਪੰਚ ਅਨਿਲ ਕੁਮਾਰ, ਸੁਰੇਸ਼ ਹਾਜ਼ਰ ਸਨ।