BBMB water row: ਮਾਨ ਸਰਕਾਰ ਨੂੰ ਸਪਸ਼ਟ ਹਦਾਇਤਾਂ ਕਿਉਂ ਨਹੀਂ ਦੇ ਰਹੀ ਮੋਦੀ ਸਰਕਾਰ: ਸੁਰਜੇਵਾਲਾ
ਚੰਡੀਗੜ੍ਹ, 4 ਮਈ
ਪਾਣੀਆਂ ਦੀ ਵੰਡ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਵਿਚ ਬਣੇ ਜਮੂਦ ਦਰਮਿਆਨ ਕਾਂਗਰਸ ਆਗੂ ਰਣਦੀਪ ਸਿੰਘ ਸੁਰਜੇਵਾਲਾ ਨੇ ਐਤਵਾਰ ਨੂੰ ਇਸ ਮੁੱਦੇ ’ਤੇ ਕੇਂਦਰ ਦੀ ਚੁੱਪੀ ’ਤੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਹਰਿਆਣਾ ਦੇ ਪਾਣੀ ਦੀ ਵੰਡ ਵਿੱਚ ਕੋਈ ਰੁਕਾਵਟ ਨਾ ਪਾਉਣ ਸਬੰਧੀ ਨਿਰਦੇਸ਼ ਦੇਵੇ।
ਸੁਰਜੇਵਾਲਾ ਨੇ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਭਾਖੜਾ ਹੈੱਡਵਰਕਸ ’ਤੇ ਪੰਜਾਬ ਪੁਲੀਸ ਦੇ ਮੁਲਾਜ਼ਮਾਂ ਦੀ ਕਥਿਤ ਤਾਇਨਾਤੀ ਦਾ ਵੀ ਹਵਾਲਾ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਇਸ ਨਾਲ ਹਰਿਆਣਾ ਨੂੰ ਪਾਣੀ ਛੱਡਣ ਵਿੱਚ ਰੁਕਾਵਟ ਪੈਦਾ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਨੰਗਲ ਡੈਮ ਨੂੰ ‘ਗੈਰ-ਕਾਨੂੰਨੀ ਕਬਜ਼ੇ’ ਤੋਂ ਮੁਕਤ ਕਰਵਾਏ।
ਰਾਜ ਸਭਾ ਮੈਂਬਰ ਸੁਰਜੇਵਾਲਾ ਨੇ ਸਵਾਲ ਕੀਤਾ ਕਿ ਕੀ ਕਾਰਨ ਹੈ ਕਿ ਨਰਿੰਦਰ ਮੋਦੀ ਸਰਕਾਰ ਸੰਵਿਧਾਨ ਦੀ ਧਾਰਾ 257 (ਕੁਝ ਮਾਮਲਿਆਂ ਵਿੱਚ ਰਾਜਾਂ ਉੱਤੇ ਸੰਘ ਦੇ ਕੰਟਰੋਲ ਨਾਲ ਨਜਿੱਠਣਾ) ਤਹਿਤ ਮਾਨ ਸਰਕਾਰ ਨੂੰ ਲਿਖਤੀ ਆਦੇਸ਼ ਜਾਰੀ ਨਹੀਂ ਕਰ ਰਹੀ ਹੈ। ਇਹ ਹਰਿਆਣਾ ਦੇ ਪਾਣੀ ਨੂੰ ਨਾ ਰੋਕਣ ਦੇ ਹੁਕਮ ਕਿਉਂ ਨਹੀਂ ਦਿੰਦੀ? ਉਨ੍ਹਾਂ ਮੰਗ ਕੀਤੀ ਕਿ ਮੋਦੀ ਸਰਕਾਰ ਭਾਖੜਾ-ਨੰਗਲ ਡੈਮ ਪ੍ਰੋਜੈਕਟ ਦੀ ਸੁਰੱਖਿਆ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਨੂੰ ਸੌਂਪ ਦੇਵੇ।
ਕਾਬਿਲੇਗੌਰ ਹੈ ਕਿ ਪਾਣੀ ਦੀ ਵੰਡ ਨੂੰ ਲੈ ਕੇ ਸ਼ਨਿੱਚਰਵਾਰ ਨੂੰ ਪੰਜਾਬ ਅਤੇ ਹਰਿਆਣਾ ਵਿਚਕਾਰ ਟਕਰਾਅ ਉਦੋਂ ਹੋਰ ਤੇਜ਼ ਹੋ ਗਿਆ ਜਦੋਂ ਪੰਜਾਬ ਸਰਕਾਰ ਨੇ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐੱਮਬੀ) ਦੀ ਮੀਟਿੰਗ ਦਾ ਬਾਈਕਾਟ ਕੀਤਾ ਅਤੇ ਹਰਿਆਣਾ ਵਿੱਚ ਸੱਦੀ ਸਰਬ ਪਾਰਟੀ ਮੀਟਿੰਗ ’ਚ ਪੰਜਾਬ ਸਰਕਾਰ ਨੂੰ ਬਿਨਾਂ ਸ਼ਰਤ ਪਾਣੀ ਛੱਡਣ ਲਈ ਕਿਹਾ ਗਿਆ। ‘ਆਪ’ ਸ਼ਾਸਿਤ ਪੰਜਾਬ ਨੇ ਭਾਜਪਾ ਸ਼ਾਸਿਤ ਹਰਿਆਣਾ ਨੂੰ ਹੋਰ ਪਾਣੀ ਛੱਡਣ ਤੋਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਕਿ ਗੁਆਂਢੀ ਰਾਜ ‘ਮਾਰਚ ਤੱਕ ਪਹਿਲਾਂ ਹੀ ਅਲਾਟ ਕੀਤੇ ਗਏ ਪਾਣੀ ਦਾ 103 ਫੀਸਦ ਵਰਤ ਚੁੱਕਾ ਹੈ।’
ਸੁਰਜੇਵਾਲਾ ਨੇ ਦੋਸ਼ ਲਗਾਇਆ, ‘‘ਜੇ ਹਰਿਆਣਾ ਨੂੰ ਹਰ ਰੋਜ਼ 8,500 ਕਿਊਸਿਕ ਪਾਣੀ ਦਿੱਤਾ ਜਾਂਦਾ ਹੈ, ਤਾਂ 21 ਮਈ ਤੱਕ, ਡੈਮ ਦਾ ਮੌਜੂਦਾ ਪਾਣੀ ਦਾ ਪੱਧਰ 1,556 ਫੁੱਟ ਤੋਂ ਸਿਰਫ਼ 1,532 ਫੁੱਟ ਤੱਕ ਪਹੁੰਚ ਜਾਵੇਗਾ, ਜੋ ਕਿ ਘੱਟੋ-ਘੱਟ ਪੱਧਰ ਤੋਂ ਬਹੁਤ ਉੱਪਰ ਹੈ। ਅਜਿਹੀ ਸਥਿਤੀ ਵਿੱਚ ਕਿਸੇ ਵੀ ਰਾਜ ਨੂੰ ਕੀ ਇਤਰਾਜ਼ ਹੋ ਸਕਦਾ ਹੈ? ਪਰ ਇਤਰਾਜ਼ ਜਾਣਬੁੱਝ ਕੇ ਕੀਤੇ ਜਾ ਰਹੇ ਹਨ ਤਾਂ ਜੋ ਭਾਜਪਾ ਮਾਨ ਦੇ ਡੁੱਬਦੇ ਜਹਾਜ਼ ਦਾ ਸਮਰਥਨ ਕਰ ਸਕੇ।’’
ਸੁਰਜੇਵਾਲਾ ਨੇ ਕਿਹਾ ਕਿ ਹਰਿਆਣਾ ਖਾਸ ਕਰਕੇ ਕੈਥਲ, ਕੁਰੂਕਸ਼ੇਤਰ, ਜੀਂਦ, ਫਤਿਹਾਬਾਦ, ਰੇਵਾੜੀ, ਮਹਿੰਦਰਗੜ੍ਹ ਅਤੇ ਸਿਰਸਾ ਵਰਗੇ ਜ਼ਿਲ੍ਹਿਆਂ ਵਿੱਚ ਗੰਭੀਰ ਪਾਣੀ ਸੰਕਟ ਨਾਲ ਜੂਝ ਰਿਹਾ ਹੈ ਤੇ ਭਾਖੜਾ ਦਾ ਪਾਣੀ 8,500 ਕਿਊਸਕ ਤੋਂ ਘਟਾ ਕੇ 4,000 ਕਿਊਸਕ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਿਆਨਕ ਗਰਮੀ ਵਿੱਚ, ਪਿੰਡਾਂ ਦੇ ਤਲਾਅ ਲਗਪਗ ਸੁੱਕ ਗਏ ਹਨ ਅਤੇ ਪਸ਼ੂ ਪਿਆਸ ਨਾਲ ਮਰਨ ਕੰਢੇ ਹਨ। ਟੈਂਕਰ ਮਾਫੀਆ ਪੂਰੇ ਰਾਜ ਵਿੱਚ ਹਾਵੀ ਹੈ ਅਤੇ ਪ੍ਰਤੀ ਟੈਂਕਰ 1,000 ਰੁਪਏ ਵਸੂਲੇ ਜਾ ਰਹੇ ਹਨ। ਸੁਰਜੇਵਾਲਾ ਨੇ ਦਾਅਵਾ ਕੀਤਾ ਕਿ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ ਸਿਰਫ਼ ਬਿਆਨਬਾਜ਼ੀ ਵਿੱਚ ਰੁੱਝੇ ਹੋਏ ਹਨ ਜਦੋਂ ਕਿ ਕੇਂਦਰ ਸਰਕਾਰ ਇਸ ਮੁੱਦੇ ’ਤੇ ‘ਸੁੱਤੀ’ ਪਈ ਹੈ। -ਪੀਟੀਆਈ