ਦਿੱਲੀ: ਔਰਤਾਂ ਨੂੰ ਮੁਫ਼ਤ ਬੱਸ ਸਫ਼ਰ ਲਈ ਮਿਲੇਗਾ ਸਮਾਰਟ ਕਾਰਡ
ਨਵੀਂ ਦਿੱਲੀ, 3 ਅਪਰੈਲ
ਦਿੱਲੀ ਸਰਕਾਰ ਦੀ ਮੁਫ਼ਤ ਬੱਸ ਯਾਤਰਾ ਯੋਜਨਾ ਸਿਰਫ਼ ਉਨ੍ਹਾਂ ਔਰਤਾਂ ਲਈ ਉਪਲਬਧ ਹੋਵੇਗੀ ਜੋ ਕੌਮੀ ਰਾਜਧਾਨੀ ਦੀਆਂ ਵਸਨੀਕ ਹਨ। ਇਸ ਸਬੰਧੀ ਅਧਿਕਾਰੀਆਂ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਦਿੱਲੀ ਦੀਆਂ ਔਰਤਾਂ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਸਮਾਰਟ ਕਾਰਡ ਜਾਰੀ ਕਰਨ ਦੀ ਕਵਾਇਦ ਸ਼ੁਰੂ ਕਰਨ ਜਾ ਰਿਹਾ ਹੈ, ਜੋ ‘ਉਮਰ ਭਰ’ ਲਈ ਯੋਗ ਹੋਵੇਗਾ। ਅਧਿਕਾਰੀਆਂ ਅਨੁਸਾਰ ਦਿੱਲੀ ਵਿੱਚ ਭਾਜਪਾ ਸਰਕਾਰ ਛੇਤੀ ਹੀ ਸਰਕਾਰੀ ਬੱਸਾਂ ਵਿੱਚ ਮੁਫਤ ਯਾਤਰਾ ਲਈ ਸਮਾਰਟ ਕਾਰਡ ਪ੍ਰਾਪਤ ਕਰਨ ਦੀਆਂ ਇੱਛੁਕ ਔਰਤਾਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰੇਗੀ। ਇਹ ਕਦਮ ਦਿੱਲੀ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਪਿਛਲੀ ‘ਆਪ’ ਸਰਕਾਰ ’ਤੇ ਗੁਲਾਬੀ ਟਿਕਟ ਯੋਜਨਾ ਤਹਿਤ ਭ੍ਰਿਸ਼ਟਾਚਾਰ ਦੇ ਦੋਸ਼ ਲਾਉਣ ਤੋਂ ਕੁਝ ਦਿਨ ਬਾਅਦ ਚੁੱਕਿਆ ਗਿਆ ਹੈ। ਗੁਪਤਾ ਨੇ ਕਿਹਾ ਸੀ, ‘‘ਅਸੀਂ ਔਰਤਾਂ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਪ੍ਰਦਾਨ ਕਰਨ ਲਈ ਵਚਨਬੱਧ ਹਾਂ ਪਰ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਸੀਂ ਔਰਤਾਂ ਲਈ ਡਿਜੀਟਲ ਟਰੈਵਲ ਕਾਰਡ ਲਾਂਚ ਕਰਾਂਗੇ, ਜਿਸ ਨਾਲ ਉਹ ਕਿਸੇ ਵੀ ਸਮੇਂ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਕਰ ਸਕਣਗੀਆਂ। ਇਸ ਨਾਲ ਟਿਕਟ ਸਬੰਧੀ ‘ਗੁਲਾਬੀ ਭ੍ਰਿਸ਼ਟਾਚਾਰ’ ਨੂੰ ਖ਼ਤਮ ਕੀਤਾ ਜਾਵੇਗਾ।’’ ਗੁਪਤਾ ਨੇ ਕਿਹਾ ਸੀ ਕਿ ਸਮੁੱਚੀ ਪ੍ਰਣਾਲੀ ਦਾ ਆਧੁਨਿਕੀਕਰਨ ਕੀਤਾ ਜਾਵੇਗਾ ਅਤੇ ਮੌਜੂਦਾ ਖਾਮੀਆਂ ਸਕੀਮਾਂ ਨੂੰ ਸੁਧਾਰਿਆ ਜਾਵੇਗਾ। ਉਨ੍ਹਾਂ ਕਿਹਾ ਸੀ, ‘‘ਸਾਡਾ ਉਦੇਸ਼ ਦਿੱਲੀ ਦੀ ਜਨਤਕ ਆਵਾਜਾਈ ਨੂੰ ਵਧੇਰੇ ਪਹੁੰਚਯੋਗ, ਭਰੋਸੇਮੰਦ ਅਤੇ ਵਿਸ਼ਵ ਪੱਧਰ ’ਤੇ ਮਾਨਤਾ ਪ੍ਰਾਪਤ ਬਣਾਉਣਾ ਹੈ।’’ ਜ਼ਿਕਰਯੋਗ ਹੈ ਕਿ ‘ਆਪ’ ਨੇ 2019 ’ਚ ਭਾਈ ਦੂਜ ਮੌਕੇ ’ਤੇ ਗੁਲਾਬੀ ਟਿਕਟ ਸਕੀਮ ਦੀ ਸ਼ੁਰੂਆਤ ਕੀਤੀ ਸੀ, ਜਿਸ ਦੇ ਤਹਿਤ ਔਰਤਾਂ ਨੂੰ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਦੀਆਂ ਬੱਸਾਂ ’ਚ ਮੁਫਤ ਸਫਰ ਦੀ ਸਹੂਲਤ ਦਿੱਤੀ ਜਾਂਦੀ ਹੈ। -ਪੀਟੀਆਈ