ਖ਼ਾਲਸਾ ਸਕੂਲ ਦੀ ਵਰ੍ਹੇਗੰਢ ਮੌਕੇ ਸਮਾਗਮ
ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਅਪਰੈਲ
ਇੱਥੋਂ ਦੇ ਨਾਮਵਰ ਸਕੂਲਾਂ ਵਿੱਚੋਂ ਖਾਲਸਾ (ਗਰਲਜ਼) ਸੀਨੀਅਰ ਸੈਕੰਡਰੀ ਸਕੂਲ, ਚੂਨਾ ਮੰਡੀ ਪਹਾੜ ਗੰਜ ਨਵੀਂ ਦਿੱਲੀ ਵੱਲੋਂ ਆਪਣੇ ਸਕੂਲ ਦੀ 75ਵੀਂ ਵਰ੍ਹੇਗੰਢ ਬੜੇ ਉਤਸ਼ਾਹ ਤੇ ਚੜ੍ਹਦੀ ਕਲਾ ਨਾਲ ਮਨਾਈ ਗਈ। ਗੁਰੂ ਸਾਹਿਬ ਦੇ ਸ਼ੁਕਰਾਨੇ ਵਜੋਂ ਸਹਿਜ ਪਾਠ ਦੀ ਸਮਾਪਤੀ ਤੇ ਕੀਰਤਨ ਵਿਦਿਆਰਥੀਆਂ ਵਲੋਂ ਕੀਤਾ ਗਿਆ। ਵਿਦਿਆ ਤੇ ਸਰਗਰਮੀਆਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਮਾਣ ਦੇਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਮੁੱਚੀ ਪ੍ਰਬੰਧਕ ਕਮੇਟੀ, ਸਕੂਲ ਸਟਾਫ਼ ਤੇ ਵਿਦਿਆਰਥੀਆਂ ਨੇ ਸਮਰਪਿਤ ਹੋ ਕੇ ਇਸ ਗੋਲਡਨ ਜੁਬਲੀ ਸਮਾਗਮ ਨੂੰ ਸਫ਼ਲ ਬਣਾਇਆ। ਪੰਜਾਬੀ ਪ੍ਰੋਮੋਸ਼ਨ ਫੋਰਮ ਵੱਲੋਂ ਇਸ ਮੌਕੇ ਪ੍ਰਿੰਸੀਪਲ ਰਵਿੰਦਰਜੀਤ ਕੌਰ ਨੂੰ ਵਿਸ਼ੇਸ਼ ਤੌਰ ’ਤੇ ਹਜ਼ੂਰ ਸਾਹਿਬ ਦੀ ਕ੍ਰਿਪਾਨ ਤੇ ਦੁਸ਼ਾਲੇ ਨਾਲ ਸਨਮਾਨਿਤ ਕੀਤਾ ਗਿਆ। ਸਮੁੱਚੇ ਸਟਾਫ਼ ਤੇ ਪ੍ਰਬੰਧਕਾਂ ਵੱਲੋਂ ਫੋਰਮ ਦੇ ਮੁੱਖ ਸੇਵਾਦਾਰ ਬੀ. ਵਰਿੰਦਰਜੀਤ ਸਿੰਘ ਤੇ ਜਨਰਲ ਸਕੱਤਰ ਰਣਧੀਰ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਬੰਧਕ ਕਮੇਟੀ ਦੇ ਇੰਦਰ ਸਿੰਘ ਲਾਂਬਾ, ਪ੍ਰਿੰਸੀਪਲ ਰਵਿੰਦਰਜੀਤ ਕੌਰ, ਵਾਈਸ ਪ੍ਰਿੰਸੀਪਲ ਅਨੁਪਮਾ ਵਰਮਾ ਤੇ ਹੋਰ ਅਧਿਆਪਕਾਂ ਨੇ ਜਿੱਥੇ ਫੋਰਮ ਦੀ ਲਗਾਤਾਰ ਚਲਦੀ ਮੁਹਿੰਮ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਉਥੇ ਨਾਲ ਹੀ ਇਸ ਵਰ੍ਹੇ ਹਮੇਸ਼ਾ ਵਾਂਗ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਜ਼ਿਕਰਯੋਗ ਹੈ ਕਿ ਇਹ ਸਕੂਲ ਪੰਜਾਬੀ ਪ੍ਰੋਮੋਸ਼ਨ ਫੋਰਮ ਦਿੱਲੀ ਦਾ ਸਭ ਤੋਂ ਪੁਰਾਣਾ ਹੈ ਅਤੇ ਫੋਰਮ ਵੱਲੋਂ 12 ਮਈ ਨੂੰ ਇਸ ਵਰ੍ਹੇ 74ਵੇਂ ਕੈਂਪ ਲਈ ਆਰੰਭੀਆਂ ਜਾਣ ਵਾਲੀਆਂ ਕਲਾਸਾਂ ਦੀ ਸਰਮਰਮੀਆਂ ਇਸ ਸ਼ੁਭ ਸਮਾਗਮ ਤੋਂ ਆਰੰਭ ਹੋ ਗਈਆਂ।