ਬਲਬੀਰ ਮਾਧੋਪੁਰੀ ਨੂੰ ਢਾਹਾਂ ਸਾਹਿਤ ਇਨਾਮ ਸਲਾਹਕਾਰ ਕਮੇਟੀ ਦਾ ਮੁਖੀ ਥਾਪਿਆ
ਕੁਲਦੀਪ ਸਿੰਘ
ਨਵੀਂ ਦਿੱਲੀ, 6 ਅਪਰੈਲ
ਪੰਜਾਬੀ ਭਾਸਾ ਤੇ ਪੰਜਾਬੀ ਸਾਹਿਤ ਨੂੰ ਵਿਸ਼ਵ ਪੱਧਰ ’ਤੇ ਉਭਾਰਨ ਵਾਲੀ ਢਾਹਾਂ ਸਾਹਿਤ ਇਨਾਮ ਸੰਸਥਾ ਕੈਨੇਡਾ ਨੇ 2025 ਲਈ ਸਲਾਹਕਾਰ ਕਮੇਟੀ ਦਾ ਆਪਣੀ ਵੈਬਸਾਈਟ ਉੱਤੇ ਵੇਰਵਾ ਐਲਾਨਿਆ ਹੈ। ਕੌਮਾਂਤਰੀ ਪੱਧਰ ’ਤੇ ਜਾਣੇ ਜਾਂਦੇ ਪੰਜਾਬੀ ਲੇਖਕ ਬਲਬੀਰ ਮਾਧੋਪੁਰੀ ਨੂੰ ਕਮੇਟੀ ਦੇ ਮੁਖੀ ਨਿਯੁਕਤ ਕੀਤਾ ਗਿਆ ਹੈ। ਕਮੇਟੀ ਦੇ ਹੋਰ ਨੌਂ ਮੈਂਬਰ ਨਿਯੁਕਤ ਕੀਤੇ ਗਏ ਹਨ ਜਿਨ੍ਹਾਂ ਵਿਚ ਪ੍ਰੋ. ਜ਼ੁਬੈਰ ਅਹਿਮਦ (ਲਾਹੌਰ) ਸਾਧੂ ਬਿਨਿੰਗ (ਬੀਸੀ, ਕੈਨੇਡਾ), ਸ਼ਹਿਜ਼ਾਦ ਨਯੀਰ ਖਾਨ (ਐਬਟਸਫੋਰਡ ਬੀਸੀ, ਕੈਨੇਡਾ), ਗੁਰਿੰਦਰ ਮਾਨ (ਲੈਕਚਰਾਰ, ਸਰੀ ਕੈਨੇਡਾ), ਸਫ਼ੀਰ ਐੱਚ. ਰਮਾਹ (ਵਰਜੀਨੀਆਂ, ਅਮਰੀਕਾ), ਡਾ. ਜਸਪਾਲ ਕੌਰ (ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ), ਡਾ. ਰਘਬੀਰ ਸਿੰਘ ਸਿਰਜਣਾ (ਕੈਨੇਡਾ), ਡਾ. ਖੌਲ੍ਹਾ ਇਫ਼ਤਖ਼ਾਰ ਚੀਮਾ (ਬਹਾਵਲ ਨਗਰ) ਅਤੇ ਦੇਸ ਤੇ ਦੁਨੀਆਂ ਵਿੱਚ ਆਪਣੇ ਸਾਹਿਤਕ ਕਾਰਜਾਂ, ਪ੍ਰਸਿੱਧ ਕਿਤਾਬਾਂ ਲਈ ਜਾਣੇ ਜਾਂਦੇ ਵਿਦਵਾਨ ਜੰਗ ਬਹਾਦੁਰ ਗੋਇਲ ਸ਼ਾਮਲ ਹਨ। ਇਨ੍ਹਾਂ ਸਭਨਾਂ ਦੇ ਜੀਵਨ ਵੇਰਵੇ ਵੈਬਸਾਈਟ ’ਤੇ ਦੇਖੇ ਜਾ ਸਕਦੇ ਹਨ। ਢਾਹਾਂ ਸਾਹਿਤ ਇਨਾਮ ਹਰੇਕ ਸਾਲ ਗੁਰਮੁਖੀ ਅਤੇ ਸ਼ਾਹਮੁਖੀ ਲਿੱਪੀਆਂ ਨੂੰ ਦਿੱਤਾ ਜਾਂਦਾ ਹੈ, ਜਿਸ ਦੀ ਕੁਲ ਰਾਸ਼ੀ 51,000 ਕਨੇਡੀਅਨ ਡਾਲਰ ਹੈ। ਇਨਾਮ 25,000 ਕੈਨੇਡੀਅਨ ਡਾਲਰ ਤੇ ਦੋ ਹੋਰ ਇਨਾਮ 10-10 ਹਜ਼ਾਰ ਕੈਨੇਡੀਅਨ ਡਾਲਰ ਦੇ ਹਨ। ਇਸ ਇਨਾਮ ਦੇ ਬਾਈ ਬਰਜ ਢਾਹਾਂ ਹਨ।ਜ਼ਿਕਰਯੋਗ ਹੈ ਕਿ ਇਨਾਮ ਸਲਾਹਕਾਰ ਕਮੇਟੀ ਦੇ ਮੁਖੀ ਬਲਬੀਰ ਮਾਧੋਪੁਰੀ ਦੀਆਂ ਕੁਝ ਕਿਤਾਬਾਂ ਭਾਰਤੀ ਭਾਸ਼ਾਵਾਂ ਸਮੇਤ ਅੰਗਰੇਜ਼ੀ, ਰੂਸੀ ਤੇ ਪੋਲਿਸ਼ ਭਾਸ਼ਾਵਾਂ ਵਿੱਚ ਛਪ ਚੁੱਕੀਆਂ ਹਨ। ਉਹ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਨ ਮੰਤਰਾਲਾ ਤੋਂ ਸੇਵਾ ਮੁਕਤ ਉੱਚ ਅਧਿਕਾਰੀ ਹਨ। ਉਹ ਪੰਜਾਬੀ ਭਵਨ, ਦਿੱਲੀ ਅਤੇ ‘ਸਮਕਾਲੀ ਸਾਹਿਤ’ ਮੈਗਜ਼ੀਨ ਦੇ ਸੰਪਾਦਕ ਰਹੇ। ਉਹ 14 ਪੁਸਤਕਾਂ ਦੇ ਲੇਖਕ ਤੇ 45 ਕਿਤਾਬਾਂ ਦੇ ਅਨੁਵਾਦਕ ਹਨ।