ਸਰਕਾਰ ਦੀ ਵਕਫ਼ ਜ਼ਮੀਨ ’ਤੇ ਨਿਗ੍ਹਾ, ਅਗਲੀ ਵਾਰੀ ਮੰਦਰ ਟਰੱਸਟ ਜਾਇਦਾਦਾਂ ਦੀ ਹੋ ਸਕਦੀ ਹੈ: ਊਧਵ
ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਦੀ ਨਿਗ੍ਹਾ ਵਕਫ਼ ਬੋਰਡ ਦੀਆਂ ਜ਼ਮੀਨਾਂ ’ਤੇ ਹੈ ਅਤੇ ਅਗਲੀ ਵਾਰੀ ਮੰਦਰ, ਚਰਚ ਘਰਾਂ ਅਤੇ ਗੁਰਦੁਆਰਿਆਂ ਦੀਆਂ ਜਾਇਦਾਦਾਂ ਦੀ ਹੋ ਸਕਦੀ ਹੈ।
ਲੋਕ ਸਭਾ ਵਿੱਚ ਵਕਫ਼ (ਸੋਧ) ਬਿੱਲ ਪਾਸ ਹੋਣ ਮਗਰੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਊਧਵ ਠਾਕਰੇ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਵਕਫ਼ (ਸੋਧ) ਬਿੱਲ ’ਤੇ ਭਾਜਪਾ ਦੇ ਦੋਗਲੇ ਸਟੈਂਡ ਅਤੇ ‘(ਵਕਫ਼) ਜ਼ਮੀਨ ਖੋਹ ਕੇ ਆਪਣੇ ਉਦਯੋਗਪਤੀ ਦੋਸਤਾਂ ਨੂੰ ਦੇਣ ਦੀ ਇਸ ਚਾਲ’ ਦਾ ਵਿਰੋਧ ਕੀਤਾ ਹੈ।
ਭਾਜਪਾ ਦੀ ਸਾਬਕਾ ਸਹਿਯੋਗੀ ਸ਼ਿਵ ਸੈਨਾ (ਯੂਬੀਟੀ), ਜੋ ਹੁਣ ‘ਇੰਡੀਆ’ ਗੱਠਜੋੜ ਦਾ ਹਿੱਸਾ ਹੈ, ਨੇ ਵਕਫ਼ ਬਿੱਲ ਦਾ ਵਿਰੋਧ ਕੀਤਾ ਹੈ।
ਵਿਰੋਧੀ ਸ਼ਿਵ ਸੈਨਾ ਦੇ ਮੁਖੀ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਬਿੱਲ ਦਾ ਵਿਰੋਧ ਕਰਕੇ ਠਾਕਰੇ ਨੇ ਕਾਂਗਰਸ ਨਾਲ ਹੱਥ ਮਿਲਾਉਣ ਨਾਲੋਂ ਵੱਡਾ ‘ਗੁਨਾਹ’ ਕੀਤਾ ਹੈ।
ਠਾਕਰੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਭਾਜਪਾ ਅਤੇ ਉਸ ਦੇ ਸਹਿਯੋਗੀਆਂ ਵੱਲੋਂ ਬਿੱਲ ਦਾ ਸਮਰਥਨ ਕਰਨ ਵਾਲੇ ਮੁਸਲਿਮ ਭਾਈਚਾਰੇ ਬਾਰੇ ਦਿਖਾਈ ਗਈ ਚਿੰਤਾ (ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ) ਜਿਨਾਹ ਨੂੰ ਸ਼ਰਮਿੰਦਾ ਕਰੇਗੀ।’’
ਉਨ੍ਹਾਂ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ, ਜਦੋਂ ਸ਼ਿੰਦੇ ਦੀ ਅਗਵਾਈ ਵਾਲੀ ਭਾਜਪਾ ਅਤੇ ਸ਼ਿਵ ਸੈਨਾ ਨੇ ਵਕਫ਼ (ਸੋਧ) ਬਿੱਲ ਦਾ ਸਮਰਥਨ ਨਾ ਕਰਨ ’ਤੇ ਹਿੰਦੂਤਵ ਅਤੇ ਪਾਰਟੀ ਦੇ ਸੰਸਥਾਪਕ ਬਾਲ ਠਾਕਰੇ ਦੇ ਆਦਰਸ਼ਾਂ ਨੂੰ ‘ਤਿਆਗ’ ਦੇਣ ਲਈ ਸੈਨਾ (ਯੂਬੀਟੀ) ਨੂੰ ਘੇਰਨ ਦੀ ਕੋਸ਼ਿਸ਼ ਕੀਤੀ।
ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਠਾਕਰੇ ਨੇ ਕਿਹਾ, ‘‘ਤੁਸੀਂ ਵਕਫ਼ ਜ਼ਮੀਨ ’ਤੇ ਨਿਗ੍ਹਾ ਰੱਖ ਰਹੇ ਹੋ, ਪਰ ਮੰਦਰ ਟਰੱਸਟਾਂ, ਚਰਚਾਂ, ਗੁਰਦੁਆਰਿਆਂ ਕੋਲ ਵੀ ਜ਼ਮੀਨ ਹੈ। ਤੁਸੀਂ ਸਾਡੇ (ਹਿੰਦੂ ਮੰਦਰਾਂ ਦੀਆਂ ਜ਼ਮੀਨਾਂ) ’ਤੇ ਵੀ ਨਜ਼ਰ ਰੱਖ ਸਕਦੇ ਹੋ। ਬਿੱਲ ਸਿਰਫ਼ ਜ਼ਮੀਨ ਲਈ ਲਿਆਂਦਾ ਗਿਆ ਸੀ। ਅਸੀਂ ਇਸ ਧੋਖੇ ਦਾ ਵਿਰੋਧ ਕੀਤਾ ਹੈ।’’
ਉਨ੍ਹਾਂ ਕਿਹਾ, ‘‘ਜੇਕਰ ਵਕਫ਼ ਬਿੱਲ ਮੁਸਲਿਮ ਭਾਈਚਾਰੇ ਦੀ ਬਿਹਤਰੀ ਲਈ ਹੈ ਤਾਂ ਵਕਫ਼ (ਸੋਧ) ਬਿੱਲ ਦਾ ਹਿੰਦੂਤਵ ਨਾਲ ਕੀ ਸਬੰਧ ਹੈ? ਇਸ ਤੋਂ ਹਿੰਦੂਆਂ ਨੂੰ ਕੀ ਲਾਭ ਹੋਵੇਗਾ?’’
ਹਾਲਾਂਕਿ ਊਧਵ ਠਾਕਰੇ ਨੇ ਮੰਨਿਆ ਕਿ ਬਿੱਲ ਵਿੱਚ ਕੁੱਝ ਚੰਗੇ ਪੱਖ ਵੀ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਮਾੜੀ ਸਿਆਸਤ ਦਾ ਸਾਥ ਨਹੀਂ ਦੇਵੇਗੀ। ‘ਪਾਰਦਰਸ਼ਤਾ ਹੋਣੀ ਚਾਹੀਦੀ ਹੈ।’
ਉਨ੍ਹਾਂ ਕਿਹਾ ਕਿ ਭਾਜਪਾ ਨੇ ਕੇਂਦਰ ਵਿੱਚ ਤੀਜੀ ਵਾਰ ਜਿੱਤ ਪ੍ਰਾਪਤ ਕੀਤੀ ਹੈ ਅਤੇ ਚੀਜ਼ਾਂ ਠੀਕ ਚੱਲ ਰਹੀਆਂ ਹਨ, ਫਿਰ ਵੀ ਇਹ ਹਿੰਦੂ-ਮੁਸਲਿਮ ਮੁੱਦਿਆਂ ਨੂੰ ਉਭਾਰ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਭਗਵਾ ਪਾਰਟੀ ਦੀ ਨੀਤੀ ਫੁੱਟ ਪਾਉਣਾ, ਲੜਾਈ ਲਈ ਉਕਸਾਉਣਾ ਅਤੇ ਰਾਜ ਕਰਨਾ ਹੈ।
ਠਾਕਰੇ ਨੇ ਭਾਜਪਾ ਨੂੰ ਇਹ ਵੀ ਚੁਣੌਤੀ ਦਿੱਤੀ ਕਿ ਜੇਕਰ ਉਹ ਮੁਸਲਮਾਨਾਂ ਨੂੰ ਨਾਪਸੰਦ ਕਰਦੀ ਹੈ ਤਾਂ ਉਹ ਆਪਣੇ ਪਾਰਟੀ ਝੰਡੇ ਤੋਂ ਹਰਾ ਰੰਗ ਹਟਾ ਦੇਵੇ।
ਉਨ੍ਹਾਂ ਕਿਹਾ ਕਿ ਜਦੋਂ 1995 ਤੋਂ 1999 ਤੱਕ ਸ਼ਿਵ ਸੈਨਾ-ਭਾਜਪਾ ਗੱਠਜੋੜ ਰਾਜ ਵਿੱਚ ਸੱਤਾ ਵਿੱਚ ਸੀ ਤਾਂ ਉਨ੍ਹਾਂ ਦੇ ਪਿਤਾ ਅਤੇ ਸੈਨਾ ਦੇ ਸੰਸਥਾਪਕ ਬਾਲ ਠਾਕਰੇ ਨੇ ਤਤਕਾਲੀ ਮੁੱਖ ਮੰਤਰੀ ਮਨੋਹਰ ਜੋਸ਼ੀ ਅਤੇ ਉਪ ਮੁੱਖ ਮੰਤਰੀ ਗੋਪੀਨਾਥ ਮੁੰਡੇ ਨੂੰ ਪੂਜਾ ਸਥਾਨਾਂ ਨੂੰ ਵਾਧੂ ਐੱਫਐੱਸਆਈ ਦੇਣ ਲਈ ਕਿਹਾ ਸੀ।
ਮੁੱਖ ਮੰਤਰੀ ਦਵੇਂਦਰ ਫੜਨਵੀਸ ਵੱਲੋਂ ਹਿੰਦੂਤਵ ਵਿਚਾਰਧਾਰਾ ਨੂੰ ‘ਤਿਆਗ’ ਦੇਣ ਲਈ ਨਿਸ਼ਾਨਾ ਬਣਾਉਣ ’ਤੇ ਊਧਵ ਠਾਕਰੇ ਨੇ ਕਿਹਾ, ‘‘ਤੁਸੀਂ ਉਦੋਂ ਬੱਚੇ ਸੀ। ਸਾਨੂੰ ਬਾਲ ਠਾਕਰੇ ਦੇ ਆਦਰਸ਼ਾਂ ਬਾਰੇ ਨਾ ਸਿਖਾਓ।’’
ਠਾਕਰੇ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਉਨ੍ਹਾਂ ਦੀ ਪਾਰਟੀ ਨੇ ਸਹਿਯੋਗੀ ਕਾਂਗਰਸ ਦੇ ਦਬਾਅ ਕਾਰਨ ਵਕਫ਼ ਬਿੱਲ ਦਾ ਵਿਰੋਧ ਕਰਨ ਦਾ ਫ਼ੈਸਲਾ ਕੀਤਾ, ਜਿਵੇਂ ਕਿ ਏਕਨਾਥ ਸ਼ਿੰਦੇ ਨੇ ਸੁਝਾਅ ਦਿੱਤਾ ਸੀ।
ਉਨ੍ਹਾਂ ਦੇ ਬਿਆਨਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਸ਼ਿੰਦੇ ਨੇ ਕਿਹਾ ਕਿ ਸੈਨਾ (ਯੂਬੀਟੀ) ਵੱਲੋਂ ਵਕਫ਼ ਬਿੱਲ ਦਾ ਵਿਰੋਧ ਕਰਨ ਨਾਲ ਇਸ ਦੇ ‘ਨਕਲੀ ਹਿੰਦੂਤਵ’ ਦਾ ਪਰਦਾਫਾਸ਼ ਹੋਇਆ ਅਤੇ ਸਾਬਤ ਹੋਇਆ ਕਿ ਇਸ ਨੇ ਬਾਲ ਠਾਕਰੇ ਦੇ ਆਦਰਸ਼ਾਂ ਨੂੰ ਹਮੇਸ਼ਾ ਲਈ ਤਿਆਗ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਦੇ ਸਟੈਂਡ ਨੇ ਇਸ ਦੇ ਸੰਸਦ ਮੈਂਬਰਾਂ ਨੂੰ ਸ਼ਰਮਿੰਦਗੀ ਦਿੱਤੀ।
ਉਨ੍ਹਾਂ ਕਿਹਾ, ‘‘ਇਹ ਸੈਨਾ (ਯੂਬੀਟੀ) ਲਈ ਇੱਕ ਮੰਦਭਾਗਾ ਦਿਨ ਸੀ।’’ ਜੂਨ 2022 ਵਿੱਚ ਠਾਕਰੇ ਦੀ ਅਗਵਾਈ ਵਿਰੁੱਧ ਬਗਾਵਤ ਕਰਨ ਅਤੇ ਸ਼ਿਵ ਸੈਨਾ ਨੂੰ ਵੰਡਣ ਵਾਲੇ ਸ਼ਿੰਦੇ ਨੇ ਕਿਹਾ ਕਿ ਵਕਫ਼ ਬਿੱਲ ਦਾ ਵਿਰੋਧ ਕਰਕੇ, ਠਾਕਰੇ ਨੇ 2019 ਵਿੱਚ ਕਾਂਗਰਸ ਨਾਲ ਹੱਥ ਮਿਲਾਉਣ ਨਾਲੋਂ ਵੱਡਾ ਅਪਰਾਧ ਕੀਤਾ ਹੈ। -ਪੀਟੀਆਈ