ਵਿਦਿਆਰਥੀਆਂ ਵੱਲੋਂ ਬੈਨਰਜੀ ਦੇ ਹੱਕ ’ਚ ਮੁਜ਼ਾਹਰਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਅਪਰੈਲ
ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਸੱਦੇ ’ਤੇ ਅੱਜ ਵਿਦਿਆਰਥੀਆਂ ਨੇ ਅੱਜ ਕਰਮਪੁਰਾ ਕੈਂਪਸ ਵਿੱਚ ਪ੍ਰੋਫੈਸਰ ਕੌਸਤਵ ਬੈਨਰਜੀ ਨਾਲ ਇਕਜੁੱਟਤਾ ਪ੍ਰਗਟਾਈ। ਪ੍ਰੋਫੈਸਰ ਕੌਸਤਵ ਨੂੰ ਅੰਬੇਡਕਰ ਦਿੱਲੀ ਦੇ ਕਸ਼ਮੀਰੀ ਗੇਟ ਕੈਂਪਸ ਵਿੱਚ 24 ਮਾਰਚ 2025 ਨੂੰ ‘ਆਇਸਾ’ ਵੱਲੋਂ ਆਯੋਜਿਤ ਇੱਕ ਵਿਰੋਧ ਪ੍ਰਦਰਸ਼ਨ ਵਿੱਚ ਆਪਣੀ ਵਿਦਿਆਰਥਣ, ਮਨਤਾਸ਼ਾ ਇਰਫਾਨ ਦੀ ਮੁਅੱਤਲੀ ਵਿਰੁੱਧ ਆਪਣੀ ਅਸਹਿਮਤੀ ਜ਼ਾਹਿਰ ਕਰਨ ਬਦਲੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ।
ਵਿਦਿਆਰਥੀਆਂ ਵੱਲੋਂ ਧਰਨਾ ਦੇ ਕੇ ਮੰਗ ਕੀਤੀ ਗਈ ਕਿ ਬੈਨਰਜੀ ਨੂੰ ਜਾਰੀ ਕਾਰਨ ਦੱਸੋ ਨੋਟਿਸ ਵਾਪਸ ਲਿਆ ਜਾਵੇ। ਪ੍ਰਦਰਸ਼ਨਕਾਰੀਆਂ ਨੇ ਕਿਹਾ ਜਦਕਿ ਮਨਤਾਸ਼ਾ ਦੀ ਮੁਅੱਤਲੀ ਦੋ ਹਫਤਿਆਂ ਦੇ ਲੰਬੇ ਵਿਰੋਧ ਅਤੇ 72 ਘੰਟਿਆਂ ਤੋਂ ਵੱਧ ਦੇ ਅਣਮਿੱਥੇ ਸਮੇਂ ਲਈ ਧਰਨੇ ਤੋਂ ਬਾਅਦ ਵਾਪਸ ਲੈ ਲਈ ਗਈ ਸੀ ਪਰ ਪ੍ਰੋਫੈਸਰ ਕੌਸਤਵ ਬੈਨਰਜੀ ਦਾ ਕਾਰਨ ਦੱਸੋ ਨੋਟਿਸ ਵਾਪਸ ਨਹੀਂ ਲਿਆ ਗਿਆ। ‘ਆਇਸਾ’ ਵੱਲੋਂ ਕਿਹਾ ਗਿਆ ਕਿ ’ਵਰਸਿਟੀ ਪ੍ਰਸ਼ਾਸਨ ਤੁਰੰਤ ਨੋਟਿਸ ਵਾਪਸ ਲਵੇ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਨੂੰ ਹੋਰ ਨਿਸ਼ਾਨਾ ਬਣਾਉਣ ਤੋਂ ਗੁਰੇਜ਼ ਕਰੇ ਨਹੀਂ ਤਾਂ ਪਹਿਲਾਂ ਵਾਂਗ ਇੱਕ ਵਾਰ ਫਿਰ ਸੰਘਰਸ਼ ਕਰਨ ਤੋਂ ਵਿਦਿਆਰਥੀ ਸੰਕੋਚ ਨਹੀਂ ਕਰਨਗੇ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ‘ਅੰਬੇਡਕਰ ਯੂਨੀਵਰਸਿਟੀ ਵਿੱਚ ਪ੍ਰਗਤੀਸ਼ੀਲ ਆਵਾਜ਼ਾਂ ਦਾ ਸ਼ਿਕਾਰ ਕਰਨਾ ਬੰਦ ਕਰੋ‘, , ‘ਪ੍ਰੋਫੈਸਰ ਕੌਸਤਵ ਬੈਨਰਜੀ ਦੇ ਨਾਲ ਖੜ੍ਹੇ ਹਾਂ’ ਦੇ ਨਾਅਰੇ ਲਾਏ ਗਏ। ਇਸ ਦੌਰਾਨ ਵਿਦਿਆਰਥੀਆਂ ਨੇ ਪ੍ਰੋਫੈਸਰ ਕੌਸਤਵ ਬੈਨਰਜੀ ਦੇ ਹੱਕ ਵਿੱਚ ਵੀ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਜੇ ਨੋਟਿਸ ਵਾਪਸ ਨਾ ਲਿਆ ਗਿਆ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ, ਜਿਸ ਦਾ ਜ਼ਿੰਮੇਵਾਰ ਯੂਨੀਵਰਸਿਟੀ ਪ੍ਰਸ਼ਾਸਨ ਹੋਵੇਗਾ। ਵਿਦਿਆਰਥੀਆਂ ਨੇ ਇਸ ਦੌਰਾਨ ਆਪਣੇ ਹੱਥਾਂ ਵਿੱਚ ਆਪ ਲਿਖੇ ਹੋਏ ਬੈਨਰ ਫੜੇ ਹੋਏ ਸਨ।