ਭਾਈ ਵੀਰ ਸਿੰਘ ਦੀਆਂ ਲਿਖਤਾਂ ’ਤੇ ਇੰਨੀ ਕੌਰ ਦਾ ਲੈਕਚਰ
ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਅਪਰੈਲ
ਗੁਰੂ ਗ੍ਰੰਥ ਸਾਹਿਬ ਰਿਸੋਰਸ ਸੈਂਟਰ, ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ ਵੱਲੋਂ ਭਾਈ ਵੀਰ ਸਿੰਘ ਸਟੱਡੀ ਸਰਕਲ ਰਾਹੀਂ ਕਰਵਾਏ ਮਹੀਨਾਵਾਰ ਪ੍ਰੋਗਰਾਮ ਤਹਿਤ ਸਿੱਖ ਰਿਸਰਚ ਇੰਸਟੀਟਿਊਟ, ਅਮਰੀਕਾ ਦੇ ਕਰੀਏਟਿਵ ਡਾਇਰੈਕਟਰ ਬੀਬੀ ਇੰਨੀ ਕੌਰ ਨੇ ਲੈਕਚਰ ਦਿੱਤਾ। ਇਸ ਦਾ ਵਿਸ਼ਾ ‘ਭਾਈ ਵੀਰ ਸਿੰਘ ਦੀਆਂ ਲਿਖਤਾਂ ਨੇ ਕਿਵੇਂ ਮੇਰੇ ਜੀਵਨ ਨੂੰ ਪਰਿਵਰਤਿਤ ਕੀਤਾ’ ਸੀ। ਇਸ ਮੌਕੇ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਸਭ ਨੂੰ ਜੀ-ਆਇਆਂ ਕਹਿੰਦਿਆਂ ਬੀਬੀ ਇੰਨੀ ਕੌਰ ਬਾਰੇ ਸੰਖੇਪ ’ਚ ਦੱਸਿਆ। ਉਪਰੰਤ ਬੀਬੀ ਇੰਨੀ ਕੌਰ ਨੇ ਆਪਣੇ ਲੈਕਚਰ ’ਚ ਆਪਣੀ ਜੀਵਨ ਬਾਰੇ ਦੱਸਦਿਆਂ ਉਨ੍ਹਾਂ ਹਾਲਾਤ ਦਾ ਜ਼ਿਕਰ ਕੀਤਾ ਜਦ ਉਨ੍ਹਾਂ ਦਾ ਪ੍ਰੋ. ਪੂਰਨ ਸਿੰਘ ਦੀਆਂ ਲਿਖਤਾਂ ਨਾਲ ਸਬੰਧ ਜੁੜਿਆ। ਪ੍ਰੋ. ਪੂਰਨ ਸਿੰਘ ਦੀਆਂ ਲਿਖਤਾਂ ਤੋਂ ਉਹ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਗੁਰਮੁਖੀ ਸਿੱਖੀ ਅਤੇ ਭਾਈ ਵੀਰ ਸਿੰਘ ਦੀਆਂ ਲਿਖਤਾਂ ਨੂੰ ਪੜ੍ਹਨਾ ਸ਼ੁਰੂ ਕੀਤਾ। ਬੀਬੀ ਇੰਨੀ ਕੌਰ ਅਨੁਸਾਰ ਉਨ੍ਹਾਂ ਅੱਗੇ ਵੀ ਜੋ ਕੁਝ ਲਿਖਿਆ ਹੈ ਉਹ ਭਾਈ ਸਾਹਿਬ ਦੀਆਂ ਲਿਖਤਾਂ ਤੋਂ ਪ੍ਰਾਪਤ ਹੋਈ ਪ੍ਰੇਰਨਾ ਦਾ ਹੀ ਫਲ ਹੈ। ਅੱਜ ਉਨ੍ਹਾਂ ਕੋਲ ਸਭ ਤੋਂ ਵੱਡਾ ਸਰਮਾਇਆ ਪ੍ਰੋ. ਪੂਰਨ ਸਿੰਘ, ਭਾਈ ਵੀਰ ਸਿੰਘ ਦੀਆਂ ਲਿਖਤਾਂ ਅਤੇ ਗੁਰਬਾਣੀ ਹੈ। ਸਮਾਗਮ ਦੌਰਾਨ ਸਵੇਰੇ ਗੁਰਮਤਿ ਸਮਾਗਮ ਹੋਇਆ ਜਿਸ ਵਿੱਚ ਵਿਰਸਾ ਸੰਭਾਲ ਅਕੈਡਮੀ ਦੇ ਜੱਥੇ ਨੇ ਕੀਰਤਨ ਕੀਤਾ। ਬੀਬੀ ਅਮਰਜੀਤ ਕੌਰ ਨੇ ਵਿਸਾਖੀ ਦੀ ਸਾਖੀ ਅਤੇ ਭਾਈ ਸਾਹਿਬ ਦੀ ਕਵਿਤਾ ‘ਸਿਰ ਭੇਟਾ ਚਾ ਧਰੀਏ’ ਸਰਵਣ ਕਰਾਈ। ਅਰਦਾਸ, ਹੁਕਮਨਾਮੇ ਅਤੇ ਬੀਬੀ ਇੰਨੀ ਕੌਰ ਦੇ ਲੈਕਚਰ ਤੋਂ ਬਾਅਦ ਗੁਰੂ ਕਾ ਲੰਗਰ ਅਤੁੱਟ ਵਰਤਿਆ।