ਕੇਜਰੀਵਾਲ ਤੇ ਹੋਰਾਂ ਖ਼ਿਲਾਫ਼ ਜਨਤਕ ਫੰਡਾਂ ਦੀ ਦੁਰਵਰਤੋਂ ਦਾ ਕੇਸ ਦਰਜ
ਨਵੀਂ ਦਿੱਲੀ, 28 ਮਾਰਚ
ਦਿੱਲੀ ਪੁਲੀਸ ਨੇ ਅੱਜ ਇਥੋਂ ਦੀ ਅਦਾਲਤ ਨੂੰ ਦੱਸਿਆ ਕਿ ਕੌਮੀ ਰਾਜਧਾਨੀ ਵਿੱਚ ਵੱਡੇ ਹੋਰਡਿੰਗ ਲਗਾ ਕੇ ਪਬਲਿਕ ਪ੍ਰਾਪਰਟੀ ਐਕਟ ਦੀ ਕਥਿਤ ਉਲੰਘਣਾ ਕਰਨ ਦੇ ਦੋਸ਼ ਹੇਠ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ 2019 ਵਿੱਚ ਦਾਇਰ ਇੱਕ ਸ਼ਿਕਾਇਤ ਨਾਲ ਸਬੰਧਤ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੇ ਹੋਰ ਨੇਤਾਵਾਂ ਨਾਲ ਮਿਲ ਕੇ ਸ਼ਹਿਰ ਦੇ ਦਵਾਰਕਾ ਖੇਤਰ ਵਿੱਚ ਵੱਡੇ ਹੋਰਡਿੰਗ ਲਗਾ ਕੇ ਜਨਤਕ ਫੰਡਾਂ ਦੀ ਕਥਿਤ ਦੁਰਵਰਤੋਂ ਕੀਤੀ ਸੀ।
ਪੁਲੀਸ ਨੇ ਵਧੀਕ ਮੁੱਖ ਜੁਡੀਸ਼ਲ ਮੈਜਿਸਟਰੇਟ ਨੇਹਾ ਮਿੱਤਲ ਦੀ ਅਦਾਲਤ ਨੂੰ ਇਹ ਜਾਣਕਾਰੀ ਦਿੱਤੀ। ਅਦਾਲਤ ਨੇ 11 ਮਾਰਚ ਨੂੰ ਪੁਲੀਸ ਨੂੰ ਇੱਕ ਸ਼ਿਕਾਇਤ ’ਤੇ ਕੇਸ ਦਰਜ ਕਰਨ ਦਾ ਹੁਕਮ ਦਿੱਤਾ ਸੀ। ਇਹ ਸ਼ਿਕਾਇਤ ਸ਼ਿਵ ਕੁਮਾਰ ਸਕਸੈਨਾ ਵੱਲੋਂ ਦਰਜ ਕਰਵਾਈ ਗਈ ਸੀ ਜਿਸ ਨੇ ਦੋਸ਼ ਲਾਇਆ ਸੀ ਕਿ ਦੁਆਰਕਾ ਦੀਆਂ ਜਨਤਕ ਥਾਵਾਂ ’ਤੇ ਗ਼ੈਰਕਾਨੂੰਨੀ ਢੰਗ ਨਾਲ ਸਾਬਕਾ ਮੁੱਖ ਮੰਤਰੀ ਕੇਜਰੀਵਾਲ, ਸਾਬਕਾ ਵਿਧਾਇਕ ਗੁਲਾਬ ਸਿੰਘ ਅਤੇ ਹੋਰਾਂ ਦੇ ਵੱਡੇ ਹੋਰਡਿੰਗਜ਼ ਲਗਾਏ ਗਏ ਸਨ। ਉਨ੍ਹਾਂ ਦਾਅਵਾ ਕੀਤਾ ਕਿ ਬੈਨਰਾਂ ਰਾਹੀਂ ਦਿੱਲੀ ਪ੍ਰੀਵੈਨਸ਼ਨ ਆਫ ਡੀਫੇਸਮੈਂਟ ਆਫ ਪ੍ਰਾਪਰਟੀ ਐਕਟ ਦੀ ਉਲੰਘਣਾ ਕੀਤੀ ਗਈ ਹੈ। ਮਾਮਲੇ ਦੀ ਅਗਲੀ ਸੁਣਵਾਈ 18 ਅਪਰੈਲ ਨੂੰ ਹੋਵੇਗੀ।