Saif Ali Khan: ਸੈਫ ਅਲੀ ’ਤੇ ਹਮਲੇ ਦਾ ਮਾਮਲਾ: ਅਦਾਲਤ ਨੇ ਪੁਲੀਸ ਤੋਂ ਜਵਾਬ ਮੰਗਿਆ
ਮੁੰਬਈ, 1 ਅਪਰੈਲ
Court seeks police's response to bail plea of Saif: ਇੱਥੋਂ ਦੀ ਸੈਸ਼ਨ ਅਦਾਲਤ ਨੇ ਅੱਜ ਮੁੰਬਈ ਪੁਲੀਸ ਨੂੰ ਇਸ ਸਾਲ ਜਨਵਰੀ ਵਿੱਚ ਬੌਲੀਵੁੱਡ ਅਦਾਕਾਰ ਸੈਫ ਅਲੀ ਖਾਨ ਨੂੰ ਚਾਕੂ ਮਾਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਗਏ ਬੰਗਲਾਦੇਸ਼ੀ ਨਾਗਰਿਕ ਦੀ ਜ਼ਮਾਨਤ ਅਰਜ਼ੀ ’ਤੇ ਆਪਣਾ ਜਵਾਬ ਦਾਇਰ ਕਰਨ ਲਈ ਕਿਹਾ ਹੈ।
ਇਸ ਤੋਂ ਪਹਿਲਾਂ ਹਮਲਾ ਕਰਨ ਦੇ ਦੋਸ਼ ਹੇਠ ਕਾਬੂ ਕੀਤੇ ਗਏ ਮੁਹੰਮਦ ਸ਼ਰੀਫੁਲ ਇਸਲਾਮ (30) ਨੇ ਪਿਛਲੇ ਹਫ਼ਤੇ ਦਾਇਰ ਆਪਣੀ ਅਰਜ਼ੀ ਵਿੱਚ ਦਾਅਵਾ ਕੀਤਾ ਸੀ ਕਿ ਉਸ ਖਿਲਾਫ ਝੂਠਾ ਕੇਸ ਦਰਜ ਕੀਤਾ ਗਿਆ ਸੀ। ਇਹ ਪਟੀਸ਼ਨ ਵਧੀਕ ਸੈਸ਼ਨ ਜੱਜ ਏ.ਐਮ. ਪਾਟਿਲ ਦੇ ਸਾਹਮਣੇ ਸੁਣਵਾਈ ਲਈ ਪੇਸ਼ ਹੋਈ। ਅਦਾਲਤ ਨੇ ਇਸ ਮਾਮਲੇ ਵਿਚ ਪੁਲੀਸ ਨੂੰ ਜਵਾਬ ਦਾਇਰ ਕਰਨ ਲਈ ਕਿਹਾ ਹੈ। ਸ਼ਰੀਫੁਲ ਦੇ ਵਕੀਲ ਅਜੇ ਗਵਲੀ ਨੇ ਕਿਹਾ ਕਿ ਇਸ ਮਾਮਲੇ ਦੀ ਅਗਲੀ ਸੁਣਵਾਈ 4 ਅਪਰੈਲ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਬੌਲੀਵੁੱਡ ਅਦਾਕਾਰ ਨੂੰ 16 ਜਨਵਰੀ ਨੂੰ ਬਾਂਦਰਾ ਖੇਤਰ ਵਿੱਚ ਉਸ ਦੇ ਅਪਾਰਟਮੈਂਟ ਦੀ 12ਵੀਂ ਮੰਜ਼ਿਲ ’ਤੇ ਆ ਕੇ ਇੱਕ ਘੁਸਪੈਠੀਏ ਨੇ ਕਈ ਵਾਰ ਚਾਕੂ ਨਾਲ ਹਮਲਾ ਕੀਤਾ ਸੀ। ਇਸ ਤੋਂ ਬਾਅਦ 54 ਸਾਲਾ ਅਦਾਕਾਰ ਦੀ ਐਮਰਜੈਂਸੀ ਸਰਜਰੀ ਹੋਈ ਅਤੇ ਪੰਜ ਦਿਨਾਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ।
ਜ਼ਮਾਨਤ ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਮਾਮਲੇ ਦੀ ਜਾਂਚ ਲਗਪਗ ਖਤਮ ਹੋ ਗਈ ਅਤੇ ਸਿਰਫ਼ ਚਾਰਜਸ਼ੀਟ ਦਾਇਰ ਕੀਤੀ ਜਾਣੀ ਬਾਕੀ ਸੀ। ਪੀਟੀਆਈ