ਯੂਨੀਵਰਸਿਟੀ ਵਿੱਚ ਹਰਿਭਜਨ ਸਿੰਘ ਯਾਦਗਾਰੀ ਭਾਸ਼ਣ
ਕੁਲਦੀਪ ਸਿੰਘ
ਨਵੀਂ ਦਿੱਲੀ, 28 ਮਾਰਚ
ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ ਵੱਲੋਂ ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ ਦੇ ਸਹਿਯੋਗ ਨਾਲ ‘19ਵਾਂ ਡਾ. ਹਰਿਭਜਨ ਸਿੰਘ ਯਾਦਗਾਰੀ ਭਾਸ਼ਣ’ ਕਰਵਾਇਆ ਗਿਆ। ਇਸ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਉੱਘੇ ਸਮਾਜ ਸ਼ਾਸਤਰੀ ਡਾ. ਸੁਰਿੰਦਰ ਸਿੰਘ ਜੋਧਕਾ ਨੇ ‘ਪਿੰਡ : ਧਾਰਨਾਵਾਂ ਅਤੇ ਮੌਜੂਦਾ ਹਕੀਕਤਾਂ’ ਵਿਸ਼ੇ ’ਤੇ ਆਪਣੇ ਵਿਚਾਰ ਰੱਖੇ। ਪ੍ਰੋਗਰਾਮ ਦੀ ਪ੍ਰਧਾਨਗੀ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਕੀਤੀ। ਆਰੰਭ ਵਿੱਚ ਵਿਭਾਗ ਦੇ ਮੁਖੀ ਪ੍ਰੋ. ਕੁਲਵੀਰ ਗੋਜਰਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਉਪਰੰਤ ਉਨ੍ਹਾਂ ਪ੍ਰੋ. ਹਰਿਭਜਨ ਸਿੰਘ ਦੀ ਦੇਣ ਬਾਰੇ ਜਾਣੂ ਕਰਾਉਂਦਿਆਂ ਦੱਸਿਆ ਕਿ ਪੰਜਾਬੀ ਵਿਭਾਗ ਹਰ ਸਾਲ ਡਾ. ਹਰਿਭਜਨ ਸਿੰਘ ਨੂੰ ਚੇਤੇ ਕਰਦਿਆਂ ਉਨ੍ਹਾਂ ਦੀ ਯਾਦ ਵਿਚ ਭਾਸ਼ਣ ਕਰਵਾਉਂਦਾ ਹੈ। ਪ੍ਰੋ. ਸੁਰਿੰਦਰ ਸਿੰਘ ਜੋਧਕਾ ਨੇ ਦੱਸਿਆ ਕਿ ਪਿੰਡਾਂ ਬਾਰੇ ਉਨ੍ਹਾਂ ਦੀ ਸਮਝ ਕਿਸਾਨ ਅੰਦੋਲਨ ਦੌਰਾਨ ਉਸ ਸਮੇਂ ਬਦਲੀ ਜਦੋਂ ਉਨ੍ਹਾਂ ਦੇਖਿਆ ਕਿ ਕਿਸਾਨ ਬੜੀ ਦਲੀਲ ਨਾਲ ਖੇਤੀ ਬਿਲਾਂ ਬਾਰੇ ਆਪਣਾ ਪੱਖ ਰੱਖ ਰਹੇ ਹਨ। ਇਸ ਗੱਲ ਨੇ ਉਨ੍ਹਾਂ ਨੂੰ ਪਿੰਡਾਂ ਬਾਰੇ ਨਵੇਂ ਸਿਰੇ ਤੋਂ ਸੋਚਣ ਲਈ ਮਜਬੂਰ ਕੀਤਾ। ਉਨ੍ਹਾਂ ਦੱਸਿਆ ਕਿ ਪਿੰਡ ਬਾਰੇ ਸਾਡੇ ਮਨਾਂ ਵਿੱਚ ਜਿਹੜੀਆਂ ਧਾਰਨਾਵਾਂ ਬਣੀਆਂ ਹਨ, ਉਹ ਬਸਤੀਵਾਦੀ ਦੌਰ ਦੀ ਦੇਣ ਹਨ। ਪ੍ਰੋ. ਜੋਧਕਾ ਨੇ ਕਿਹਾ ਕਿ ਜੇ ਅਸੀਂ ਡਾਟਾ ਨੂੰ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਅੱਜ ਦੇ ਦੌਰ ਵਿਚ ਵੀ ਪਿੰਡਾਂ ਦੀ ਗਿਣਤੀ ਅਤੇ ਜਨਸੰਖਿਆ ਵਧ ਰਹੀ ਹੈ।
ਲਿਹਾਜ਼ਾ, ਪਿੰਡ ਤੇ ਸ਼ਹਿਰ ਬਾਰੇ ਸਾਨੂੰ ਨਵੇਂ ਸਿਰਿਓਂ ਸੋਚਣ ਦੀ ਲੋੜ ਹੈ ਤਾਂ ਕਿ ਬਸਤੀਵਾਦੀ ਦੌਰ ਵਿੱਚ ਪਿੰਡ ਤੇ ਸ਼ਹਿਰ ਬਾਰੇ ਬਣੀਆਂ ਧਾਰਨਾਵਾਂ ਨੂੰ ਮੌਜੂਦਾ ਹਕੀਕਤਾਂ ਸਾਹਮਣੇ ਰੱਖ ਕੇ ਵਿਚਾਰਿਆ ਜਾ ਸਕੇ। ਡਾ. ਮਹਿੰਦਰ ਸਿੰਘ ਨੇ ਡਾ. ਹਰਿਭਜਨ ਸਿੰਘ ਨਾਲ ਆਪਣੇ ਰਿਸ਼ਤੇ ਦੀ ਤੰਦ ਸਾਂਝੀ ਕਰਦਿਆਂ ਹਰਿਭਜਨ ਸਿੰਘ ਦੀ ਸ਼ਖ਼ਸੀਅਤ ਦੇ ਕਈ ਪੱਖਾਂ ’ਤੇ ਚਾਨਣਾ ਪਾਇਆ। ਅੰਤ ਵਿੱਚ ਪੰਜਾਬੀ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਬਲਜਿੰਦਰ ਨਸਰਾਲੀ ਨੇ ਸਮਾਰੋਹ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਹਰਿਭਜਨ ਸਿੰਘ ਦੀ ਪੁੱਤਰੀ ਡਾ. ਰਸ਼ਮੀ, ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਰਵੇਲ ਸਿੰਘ ਹਾਜ਼ਰ ਸਨ।