ਹਰਿਆਣਾ ਨੂੰ ਮਿਲਿਆ ਆਪਣਾ ‘ਰਾਜ ਗੀਤ’
ਆਤਿਸ਼ ਗੁਪਤਾ
ਚੰਡੀਗੜ੍ਹ, 28 ਮਾਰਚ
ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਆਖ਼ਰੀ ਦਿਨ ਹਰਿਆਣਾ ਨੂੰ ਆਪਣਾ ‘ਰਾਜ ਗੀਤ’ ਮਿਲ ਗਿਆ। ਵਿਧਾਨ ਸਭਾ ਨੇ ਰਾਜ ਗੀਤ ਦੇ ਚੋਣ ਲਈ ਬਣਾਈ ਕਮੇਟੀ ਵੱਲੋਂ ਪੇਸ਼ ਰਾਜ ਗੀਤ ਦੇ ਮਤੇ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਸ ਗੀਤ ਨੂੰ ਤਿਆਰ ਕਰਨ ਵਾਲਿਆਂ ਧੰਨਵਾਦ ਕਰਦਿਆਂ ਕਿਹਾ ਕਿ ਇਹ ਦੋ ਕਰੋੜ 80 ਲੱਖ ਲੋਕਾਂ ਦੀ ਭਾਵਨਾਵਾਂ ਵਿੱਚ ਜੋਸ਼ ਭਰਨ ਵਾਲਾ ਗੀਤ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰ ਗੀਤ ਵਾਂਗ ਹੀ ਇਸ ਰਾਜ ਗੀਤ ਸਬੰਧੀ ਕੁੱਝ ਨਿਯਮ ਨਿਰਧਾਰਿਤ ਹੋਣੇ ਚਾਹੀਦੇ ਹਨ। ਸ੍ਰੀ ਸੈਣੀ ਨੇ ਕਿਹਾ ਕਿ ਹਰਿਆਣਾ 1966 ਵਿੱਚ ਵੱਖਰਾ ਸੂਬਾ ਬਣਿਆ ਸੀ ਪਰ ਛੇ ਦਹਾਕੇ ਬੀਤ ਜਾਣ ਦੇ ਬਾਵਜੂਦ ਇਸ ਦਾ ਕੋਈ ਰਾਜ ਗੀਤ ਨਹੀਂ ਹੈ। ਇਸ ਦਾ ਬੀੜਾ ਵੀ ਭਾਜਪਾ ਸਰਕਾਰ ਨੇ ਹੀ ਚੁੱਕਿਆ।
ਜ਼ਿਕਰਯੋਗ ਹੈ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਪਹਿਲਾਂ ਇਸ ਰਾਜ ਗੀਤ ਦਾ ਮਤਾ ਲਿਆਂਦਾ ਗਿਆ ਸੀ। ਉਸ ਸਮੇਂ ਸਦਨ ਵਿੱਚ ਮੌਜੂਦ ਮੈਂਬਰਾਂ ਨੇ ਕੁਝ ਇਤਰਾਜ਼ ਜ਼ਾਹਰ ਕੀਤੇ ਗਏ ਸਨ ਅਤੇ ਇਹ ਗੀਤ ਦੁਬਾਰਾ ਕਮੇਟੀ ਕੋਲ ਭੇਜਿਆ ਗਿਆ। ਉਸ ਤੋਂ ਬਾਅਦ ਕੁਝ ਸ਼ਬਦਾਂ ਦੇ ਬਦਲਾਅ ਤੋਂ ਬਾਅਦ ਅੱਜ ਮੁੜ ਵਿਧਾਨ ਸਭਾ ਵਿੱਚ ਮਤਾ ਪੇਸ਼ ਕੀਤਾ ਤਾਂ ਸਾਰਿਆਂ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ।
ਬਜਟ ’ਚ ਕੀਤੇ ਐਲਾਨਾਂ ਨੂੰ ਤਿੰਨ ਗੁਣਾਂ ਰਫ਼ਤਾਰ ਨਾਲ ਲਾਗੂ ਕਰਨ ਦਾ ਵਾਅਦਾ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਬਜਟ ਸਰਕਾਰ ਦੇ ਖ਼ਰਚਿਆਂ ਦਾ ਲੇਖਾ-ਜੋਖਾ ਨਹੀਂ, ਸਗੋਂ ਇਹ ਇਸ ਦੀ ਨੀਤੀ, ਨੀਅਤ ਅਤੇ ਵਿਜ਼ਨ ਦਾ ਦਸਤਾਵੇਜ਼ ਹੈ। ਉਨ੍ਹਾਂ ਨੇ ਹਰਿਆਣਾ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਬਜਟ ਵਿੱਚ ਕੀਤੇ ਐਲਾਨਾਂ ਨੂੰ ਤਿੰਨ ਗੁਣਾਂ ਰਫ਼ਤਾਰ ਨਾਲ ਜ਼ਮੀਨੀ ਪੱਧਰ ’ਤੇ ਲਾਗੂ ਕੀਤਾ ਜਾਵੇਗਾ।