ਸੁਪਰਫਾਸਟ ਰੇਲ ਗੱਡੀਆਂ ਯਮੁਨਾਨਗਰ ਰੋਕਣ ਦੀ ਮੰਗ
ਪੱਤਰ ਪ੍ਰੇਰਕ
ਯਮੁਨਾਨਗਰ, 1 ਅਪਰੈਲ
ਆਲ ਇੰਡੀਆ ਰੇਲਵੇ ਮੈਨਜ਼ ਫੈਡਰੇਸ਼ਨ ਅਤੇ ਉੱਤਰੀ ਰੇਲਵੇ ਮੈਨਜ਼ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਸ਼ਿਵ ਗੋਪਾਲ ਮਿਸ਼ਰਾ ਇਥੇ ਸਥਿਤ ਵਰਕਸ਼ਾਪ ਵਿੱਚ ਪਹੁੰਚੇ । ਉਨ੍ਹਾਂ ਕਿਹਾ ਕਿ ਭਾਰਤੀ ਰੇਲਵੇ ਦੀ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਦੇਸ਼ ਦੇ 100 ਸਟੇਸ਼ਨਾਂ ਦੇ ਆਧੁਨਿਕੀਕਰਨ ਦਾ ਕੰਮ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ । ਸਰਕਾਰ ਨੇ ਨਵੇਂ ਬਜਟ ਵਿੱਚ ਹੋਰ ਸਟੇਸ਼ਨਾਂ ਨੂੰ ਅਪਗ੍ਰੇਡ ਕਰਨ ਦੀ ਯੋਜਨਾ ਬਣਾਈ ਗਈ ਹੈ ਤਾਂ ਜੋ ਰੇਲਵੇ ਸਹੂਲਤਾਂ ਦਾ ਵਿਸਥਾਰ ਕੀਤਾ ਜਾ ਸਕੇ। ਰੇਲਵੇ ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਨਵੇਂ ਸਟੇਸ਼ਨਾਂ ਤੋਂ ਹੋਰ ਰੇਲ ਸੇਵਾਵਾਂ ਚਲਾਈਆਂ ਜਾਣ ਅਤੇ ਮੌਜੂਦਾ ਸਟੇਸ਼ਨਾਂ ਨੂੰ ਵਧੀਆ ਬਣਾਇਆ ਜਾਵੇ। ਕਰੋਨਾ ਕਾਲ ਦੌਰਾਨ ਬੰਦ ਕੀਤੀਆਂ ਗਈਆਂ ਜ਼ਿਆਦਾਤਰ ਯਾਤਰੀ ਰੇਲਗੱਡੀਆਂ ਅਜੇ ਵੀ ਚਾਲੂ ਨਹੀਂ ਹੋਈਆਂ। ਉਨ੍ਹਾਂ ਕਿਹਾ ਕਿ ਸਟਾਫ ਦੀ ਘਾਟ ਇੱਕ ਚੁਣੌਤੀ ਬਣੀ ਹੋਈ ਹੈ, ਪਰ ਸਥਿਤੀ ਰੇਲ ਸੰਚਾਲਨ ਵਿੱਚ ਕੋਈ ਵੱਡਾ ਵਿਘਨ ਨਹੀਂ ਪਾ ਰਹੀ ਹੈ। ਰੇਲਵੇ ਬੋਰਡ ਦਾ ਦਾਅਵਾ ਹੈ ਕਿ ਸਾਰੀਆਂ ਰੇਲਗੱਡੀਆਂ ਸੁਚਾਰੂ ਢੰਗ ਨਾਲ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਧਿਆ ਹੋਇਆ ਬਜਟ ਰੇਲਵੇ ਦੇ ਵਿਕਾਸ ਨੂੰ ਹੁਲਾਰਾ ਦੇਵੇਗਾ। ਪਿਛਲੇ ਸਾਲਾਂ ਵਿੱਚ ਰੇਲਵੇ ਬਜਟ 50-52 ਲੱਖ ਕਰੋੜ ਸੀ ਜਿਸ ਨੂੰ ਹੁਣ ਵਧਾ ਕੇ 2,26,000 ਕਰੋੜ ਕਰ ਦਿੱਤਾ ਗਿਆ ਹੈ। ਉਨ੍ਹਾਂ ਬ੍ਰਾਂਚ ਮੁਖੀ ਰਵਿੰਦਰ ਸ਼ਰਮਾ ਦੇ ਸੇਵਾਮੁਕਤੀ ਮੌਕੇ ਕਰਮਚਾਰੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉੱਤਰੀ ਰੇਲਵੇ ਮੈਨਜ਼ ਯੂਨੀਅਨ ਦੇ ਪ੍ਰਧਾਨ ਐੱਸਕੇ ਤਿਆਗੀ, ਮੰਡਲ ਪ੍ਰਧਾਨ ਕ੍ਰਿਸ਼ਨ ਪਹਿਲਵਾਨ, ਮੰਡਲ ਮੰਤਰੀ ਅਨੂਪ ਵਾਜਪਾਈ, ਬਿਜਲੀ ਸ਼ਾਖਾ ਦੇ ਸਕੱਤਰ ਸੰਦੀਪ ਦੱਤਾ ਮੌਜੂਦ ਸਨ। ਇਸ ਦੌਰਾਨ ਉਦਯੋਗ ਵਪਾਰ ਮੰਡਲ ਹਰਿਆਣਾ ਦੇ ਕਾਰਜਕਾਰੀ ਪ੍ਰਧਾਨ ਸੰਜੇ ਮਿੱਤਲ ਅਤੇ ਕਾਰਜਕਾਰਨੀ ਨੇ ਸ੍ਰੀ ਮਿਸ਼ਰਾ ਨਾਲ ਮੁਲਾਕਾਤ ਕੀਤੀ ਅਤੇ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ ਅਤੇ ਯਮੁਨਾਨਗਰ ਜਗਾਧਰੀ ਰੇਲਵੇ ਸਟੇਸ਼ਨ ’ਤੇ ਸੁਪਰਫਾਸਟ ਰੇਲਗੱਡੀਆਂ ਦੇ ਰੁਕਣ ਦੀ ਮੰਗ ਕੀਤੀ।