Lok Sabha and Raj Sabha SINE DIE ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ
ਨਵੀਂ ਦਿੱਲੀ, 4 ਅਪਰੈਲ
LS-RS-SINE DIE ਸੰਸਦ ਦੇ ਦੋਵਾਂ ਸਦਨਾਂ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਸੰਸਦ ਅਣਮਿੱਥੇ ਲਈ ਚੁੱਕੇ ਜਾਣ ਨਾਲ 31 ਜਨਵਰੀ ਤੋਂ ਸ਼ੁਰੂ ਹੋਇਆ ਬਜਟ ਸੈਸ਼ਨ ਦਾ ਦੂਜਾ ਗੇੜ ਸਮਾਪਤ ਹੋ ਗਿਆ ਹੈ। ਉਂਝ ਸੰਸਦੀ ਕਾਰਵਾਈ ਮੁਲਤਵੀ ਕੀਤੇ ਜਾਣ ਤੋਂ ਪਹਿਲਾਂ ਦੋਵਾਂ ਸਦਨਾਂ ਵਿਚ ਜਮ ਕੇ ਹੰਗਾਮਾ ਦੇਖਣ ਨੂੰ ਮਿਲਿਆ।
ਕਾਂਗਰਸ ਆਗੂ ਸੋਨੀਆ ਗਾਂਧੀ ਦੇ ਬਿਆਨ ਨੂੰ ਲੈ ਕੇ ਪਏ ਰੌਲੇ-ਰੱਪੇ ਮਗਰੋਂ ਲੋਕ ਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ ਕੀਤੇ ਜਾਣ ਤੋਂ ਬਾਅਦ ਜਿਵੇਂ ਹੀ ਸਦਨ ਮੁੜ ਜੁੜਿਆ ਤਾਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਆਪਣਾ ਸਮਾਪਤੀ ਭਾਸ਼ਣ ਪੜ੍ਹਿਆ ਅਤੇ ਸਦਨ ਨੂੰ ਅਣਮਿੱਥੇ ਸਮੇਂ ਲਈ (ਨਵਾਂ ਸੈਸ਼ਨ ਬੁਲਾਏ ਜਾਣ ਤੱਕ) ਮੁਲਤਵੀ ਕਰ ਦਿੱਤਾ।
ਬਿਰਲਾ ਨੇ ਕਿਹਾ ਕਿ ਸੈਸ਼ਨ ਦੌਰਾਨ ਵਕਫ਼ ਸੋਧ ਬਿੱਲ ਸਣੇ ਕੁੱਲ 16 ਬਿੱਲ ਪਾਸ ਕੀਤੇ ਗਏ ਅਤੇ ਸਦਨ ਦੀ ਕੰਮਕਾਜੀ ਉਤਪਾਦਕਤਾ 118 ਪ੍ਰਤੀਸ਼ਤ ਤੋਂ ਵੱਧ ਰਹਿਣ ਦਾ ਅਨੁਮਾਨ ਹੈ। ਬਿਰਲਾ ਦੇ ਸੰਬੋਧਨ ਦੌਰਾਨ ਵਿਰੋਧੀ ਧਿਰ ਦੇ ਮੈਂਬਰ ਸੋਨੀਆ ਗਾਂਧੀ ਬਾਰੇ ਟਿੱਪਣੀਆਂ ਨੂੰ ਲੈ ਕੇ ਨਾਅਰੇਬਾਜ਼ੀ ਕਰਦੇ ਰਹੇ।
ਬਜਟ ਸੈਸ਼ਨ ਦੌਰਾਨ ਲੋਕ ਸਭਾ ਵੱਲੋਂ ਵੱਖ-ਵੱਖ ਮੰਤਰਾਲਿਆਂ ਲਈ ਗ੍ਰਾਂਟਾਂ ਦੀਆਂ ਮੰਗਾਂ ਦੇ ਨਾਲ-ਨਾਲ ਵਿੱਤ ਬਿੱਲ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਸਰਕਾਰ ਨੇ ਆਪਣਾ ਬਜਟ ਅਭਿਆਸ ਪੂਰਾ ਕਰ ਲਿਆ। ਲੋਕ ਸਭਾ ਨੇ ਕੇਂਦਰੀ ਸ਼ਾਸਨ ਅਧੀਨ ਮਨੀਪੁਰ ਲਈ ਬਜਟ ਨੂੰ ਵੀ ਹਰੀ ਝੰਡੀ ਦੇ ਦਿੱਤੀ। -ਪੀਟੀਆਈ
ਵਕਫ਼ ਬਿੱਲ ’ਤੇ ਸੋਨੀਆ ਗਾਂਧੀ ਦੀ ਟਿੱਪਣੀ ਸੰਸਦੀ ਲੋਕਤੰਤਰ ਦੀ ਮਰਿਆਦਾ ਦੇ ਖ਼ਿਲਾਫ਼: ਬਿਰਲਾ
ਨਵੀਂ ਦਿੱਲੀ: ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਦਾ ਨਾਮ ਲਏ ਬਿਨਾਂ ਕਿਹਾ ਕਿ ਵਕਫ਼ (ਸੋਧ) ਬਿੱਲ ਨੂੰ ਪਾਸ ਕਰਨ ’ਤੇ ਉਨ੍ਹਾਂ ਦੀ ਟਿੱਪਣੀ ਮੰਦਭਾਗੀ ਅਤੇ ਸੰਸਦੀ ਲੋਕਤੰਤਰ ਦੀ ਮਰਿਆਦਾ ਦੇ ਖ਼ਿਲਾਫ਼ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਵੱਲੋਂ ਮੁੱਦਾ ਉਠਾਏ ਜਾਣ ਅਤੇ ਸਪੀਕਰ ਨੂੰ ਇਸ ਸਬੰਧੀ ਫੈਸਲਾ ਸੁਣਾਉਣ ਦੀ ਅਪੀਲ ਕਰਨ ’ਤੇ ਬਿਰਲਾ ਨੇ ਸੋਨੀਆ ਗਾਂਧੀ ਦੀ ਟਿੱਪਣੀ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ। ਸੰਵਿਧਾਨ ਭਵਨ ਵਿੱਚ ਵੀਰਵਾਰ ਨੂੰ ਕਾਂਗਰਸ ਸੰਸਦੀ ਦਲ ਦੀ ਮੀਟਿੰਗ ਵਿੱਚ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸੋਨੀਆ ਗਾਂਧੀ ਨੇ ਕਿਹਾ ਸੀ, ‘‘ਕੱਲ੍ਹ ਲੋਕ ਸਭਾ ਵਿੱਚ ਵਕਫ਼ ਸੋਧ ਬਿੱਲ, 2024 ਪਾਸ ਹੋਇਆ ਅਤੇ ਅੱਜ ਇਸ ਨੂੰ ਰਾਜ ਸਭਾ ਵਿੱਚ ਪੇਸ਼ ਕੀਤਾ ਜਾਣਾ ਹੈ। ਬਿੱਲ ਨੂੰ ਜਬਰੀ ਪਾਸ ਕੀਤਾ ਗਿਆ। ਸਾਡੀ ਪਾਰਟੀ ਦੀ ਸਥਿਤੀ ਸਪੱਸ਼ਟ ਹੈ। ਇਹ ਬਿੱਲ ਸੰਵਿਧਾਨ ’ਤੇ ਇਕ ਖੁੱਲ੍ਹਾ ਹਮਲਾ ਹੈ। ਇਹ ਸਾਡੇ ਸਮਾਜ ਨੂੰ ਸਥਾਈ ਧਰੁੱਵੀਕਰਨ ਦੀ ਸਥਿਤੀ ਵਿੱਚ ਰੱਖਣ ਦੀ ਭਾਜਪਾ ਦੀ ਸੋਚੀ-ਸਮਝੀ ਰਣਨੀਤੀ ਦਾ ਹਿੱਸਾ ਹੈ।’’ -ਪੀਟੀਆਈ
ਸਦਨ ਬਣਿਆ ਮੋਦੀ ਦਾ ਦਰਬਾਰ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਬਜਟ ਇਜਲਾਸ ਦੌਰਾਨ ਜਿਸ ਢੰਗ ਨਾਲ ਸੰਸਦ ਦੀ ਕਾਰਵਾਈ ਚੱਲੀ ਅਤੇ ਵਕਫ਼ ਬਿੱਲ ਬਾਰੇ ਸੋਨੀਆ ਗਾਂਧੀ ਦੀ ਟਿੱਪਣੀ ਦੀ ਲੋਕ ਸਭਾ ਸਪੀਕਰ ਓਮ ਬਿਰਲਾ ਵੱਲੋਂ ਕੀਤੀ ਗਈ ਆਲੋਚਨਾ ’ਤੇ ਅੱਜ ਤਿੱਖੀ ਪ੍ਰਤੀਕਿਰਿਆ ਦਿੱਤੀ। ਕਾਂਗਰਸ ਪਾਰਟੀ ਨੇ ਦੋਸ਼ ਲਗਾਇਆ ਕਿ ਇੰਝ ਲੱਗਦਾ ਹੈ ਕਿ ਸਦਨ ਹੌਲੀ-ਹੌਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਰਬਾਰ ਵਿੱਚ ਤਬਦੀਲ ਹੋ ਰਿਹਾ ਹੈ। ਲੋਕ ਸਭਾ ਵਿੱਚ ਪਾਰਟੀ ਦੇ ਉਪ ਨੇਤਾ ਗੌਰਵ ਗੋਗੋਈ ਨੇ ਕਿਹਾ ਕਿ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ਨਾਲ ਇਸ ਬਾਰੇ ਮਸ਼ਵਰਾ ਕੀਤਾ ਜਾਵੇਗਾ ਕਿ ਸੋਨੀਆ ਗਾਂਧੀ ਦੀ ਟਿੱਪਣੀ ’ਤੇ ਲੋਕ ਸਭਾ ਸਪੀਕਰ ਵੱਲੋਂ ਸਖ਼ਤ ਰੁਖ਼ ਅਪਣਾਏ ਜਾਣ ’ਤੇ ਕੀ ਉਚਿਤ ਕਦਮ ਉਠਾਏ ਜਾਣ। -ਪੀਟੀਆਈ