ਤਹੱਵੁਰ ਰਾਣਾ ਤੋਂ ਲਗਾਤਾਰ ਪੁੱਛ-ਪੜਤਾਲ ਜਾਰੀ
ਉੱਜਵਲ ਜਲਾਲੀ
ਨਵੀਂ ਦਿੱਲੀ, 13 ਅਪਰੈਲ
ਮੁੰਬਈ ਦਹਿਸ਼ਤੀ ਹਮਲੇ ਦੇ ਸਾਜ਼ਿਸ਼ਘਾੜਿਆਂ ’ਚੋਂ ਇਕ ਤਹੱਵੁਰ ਰਾਣਾ ਤੋਂ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਇਥੇ ਆਪਣੇ ਦਫ਼ਤਰ ’ਚ ਲਗਾਤਾਰ ਤੀਜੇ ਦਿਨ ਪੁੱਛ-ਪੜਤਾਲ ਕੀਤੀ। ਸੂਤਰਾਂ ਮੁਤਾਬਕ ਰਾਣਾ ਨੇ ਐੱਨਆਈਏ ਨਾਲ ਹੁਣ ਸਹਿਯੋਗ ਕਰਨਾ ਸ਼ੁਰੂ ਕਰ ਦਿੱਤਾ ਹੈ। ਰਾਣਾ ਵੱਲੋਂ ਪਵਿੱਤਰ ਕੁਰਾਨ ਮੰਗੇ ਜਾਣ ’ਤੇ ਏਜੰਸੀ ਨੇ ਉਸ ਨੂੰ ਇਹ ਮੁਹੱਈਆ ਕਰਵਾ ਦਿੱਤੀ ਹੈ ਅਤੇ ਉਹ ਐੱਨਆਈਏ ਹੈੱਡਕੁਆਰਟਰ ’ਚ ਆਪਣੇ ਸੈੱਲ ਅੰਦਰ ਰੋਜ਼ਾਨਾ ਪੰਜ ਵਾਰ ਦੀ ਨਮਾਜ਼ ਅਦਾ ਕਰ ਰਿਹਾ ਹੈ। ਉਸ ਨੂੰ ਇਕ ਪੈੱਨ ਅਤੇ ਪੇਪਰ ਵੀ ਦਿੱਤਾ ਗਿਆ ਹੈ। ਉਂਝ ਉਸ ’ਤੇ ਨੇੜਿਉਂ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਉਹ ਪੈੱਨ ਨਾਲ ਆਪਣੇ ਆਪ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾ ਸਕੇ। ਇਕ ਹੋਰ ਅਹਿਮ ਘਟਨਾਕ੍ਰਮ ਤਹਿਤ ਐੱਨਆਈਏ ਵੱਲੋਂ ਰਾਣਾ ਦੀ ਆਵਾਜ਼ ਦੇ ਨਮੂਨੇ ਲੈਣ ਦੀ ਯੋਜਨਾ ਬਣਾਈ ਗਈ ਹੈ ਤਾਂ ਜੋ ਉਨ੍ਹਾਂ ਦਾ ਮਿਲਾਨ ਹਮਲਿਆਂ ਸਮੇਂ ਫੜੀਆਂ ਗਈਆਂ ਕਾਲ ਰਿਕਾਰਡਿੰਗਾਂ ਨਾਲ ਕੀਤਾ ਜਾ ਸਕੇ।
ਐੱਨਆਈਏ ਇਹ ਪਤਾ ਲਗਾਉਣ ਦੀ ਕੋਸ਼ਿਸ਼ ’ਚ ਹੈ ਕਿ ਨਵੰਬਰ 2008 ’ਚ ਮੁੰਬਈ ਵਿੱਚ ਹੋਏ ਹਮਲਿਆਂ ਦੌਰਾਨ ਕੀ ਰਾਣਾ ਦਹਿਸ਼ਤਗਰਦਾਂ ਨੂੰ ਫੋਨ ’ਤੇ ਨਿਰਦੇਸ਼ ਦੇ ਰਿਹਾ ਸੀ ਜਾਂ ਨਹੀਂ। ਸੂਤਰਾਂ ਨੇ ਕਿਹਾ ਕਿ ਏਜੰਸੀ ਉਸ ਵਿਅਕਤੀ ਦੀ ਭਾਲ ਕਰ ਰਹੀ ਹੈ ਜਿਸ ਨੂੰ ਰਾਣਾ ਦੁਬਈ ’ਚ ਮਿਲਿਆ ਸੀ ਕਿਉਂਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਵਿਅਕਤੀ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਨਾਲ ਜੁੜਿਆ ਹੋਇਆ ਸੀ। ਐੱਨਆਈਏ ਵੱਲੋਂ ਆਉਂਦੇ ਦਿਨਾਂ ’ਚ ‘ਸਰਕਾਰੀ ਗਵਾਹ’ ਸਾਹਮਣੇ ਰਾਣਾ ਤੋਂ ਪੁੱਛ-ਗਿੱਛ ਕੀਤੀ ਜਾਵੇਗੀ ਜਿਸ ਨਾਲ ਉਹ ਮੁੰਬਈ ਹਮਲਿਆਂ ਤੋਂ ਪਹਿਲਾਂ ਭਾਰਤ ਅੰਦਰ ਸੰਪਰਕ ’ਚ ਸੀ। ਸੂਤਰਾਂ ਮੁਤਾਬਕ ਇਸ ਗਵਾਹ ਨੇ ਡੇਵਿਡ ਹੈਡਲੀ ਦੇ ਮੁੰਬਈ ’ਚ ਰਹਿਣ-ਸਹਿਣ ਦਾ ਪ੍ਰਬੰਧ ਕੀਤਾ ਸੀ। ਜਾਂਚਕਾਰਾਂ ਵੱਲੋਂ ਰਾਣਾ ਦੇ 2008 ਦੇ ਦਿੱਲੀ, ਹਾਪੁੜ ਅਤੇ ਆਗਰਾ ਦੌਰਿਆਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਉਹ ਰਾਣਾ ਦੀ ਪਤਨੀ ਸਮਰਾਜ਼ ਰਾਣਾ ਅਖ਼ਤਰ, ਜੋ ਦੌਰੇ ਸਮੇਂ ਉਸ ਨਾਲ ਸੀ ਅਤੇ ਹੋਰ ਖਾਸ ਰਿਸ਼ਤੇਦਾਰਾਂ ਬਾਰੇ ਵੀ ਜਾਣਕਾਰੀ ਇਕੱਠੀ ਕਰ ਰਹੀ ਹੈ। ਜੋੜੇ ਨੇ ਕੋਚੀ ਅਤੇ ਅਹਿਮਦਾਬਾਦ ਦਾ ਦੌਰਾ ਵੀ ਕੀਤਾ ਸੀ।
ਐੱਨਆਈਏ ਦਫ਼ਤਰ ਦੇ ਆਲੇ-ਦੁਆਲੇ ਸੁਰੱਖਿਆ ਦੇ ਸਖ਼ਤ ਪ੍ਰਬੰਧ
ਦਿੱਲੀ ’ਚ ਐੱਨਆਈਏ ਦੇ ਦਫ਼ਤਰ ਬਾਹਰ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਗਏ ਹਨ। ਦਫ਼ਤਰ ਦੇ ਆਲੇ-ਦੁਆਲੇ ਨੇੜਿਉਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਥੇ ਕਿਸੇ ਦਾ ਆਸਾਨੀ ਨਾਲ ਪਹੁੰਚਣਾ ਬਹੁਤ ਮੁਸ਼ਕਲ ਹੈ। ਭਾਰਤ ਅਤੇ ਅਮਰੀਕਾ ਵਿਚਕਾਰ ਹਵਾਲਗੀ ਦਾ ਇਹ ਪਹਿਲਾ ਮਾਮਲਾ ਹੈ ਜਦੋਂ ਤਹੱਵੁਰ ਰਾਣਾ ਨੂੰ ਦਹਿਸ਼ਤਗਰਦੀ ਦੇ ਮਾਮਲੇ ’ਚ ਭਾਰਤ ਹਵਾਲੇ ਕੀਤਾ ਗਿਆ ਹੈ। ਹਵਾਲਗੀ ਮਾਮਲੇ ਨੂੰ ਕੂਟਨੀਤਕ ਜਿੱਤ ਕਰਾਰ ਦਿੰਦਿਆਂ ਭਾਰਤੀ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ।Advertisement