ਆਈਏਐੱਸ ਪ੍ਰੋਬੇਸ਼ਨਰ ਪੂਜਾ ਖੇੜਕਰ 2 ਮਈ ਨੂੰ ਦਿੱਲੀ ਪੁਲੀਸ ਅੱਗੇ ਪੇਸ਼ ਹੋਵੇ: ਸੁਪਰੀਮ ਕੋਰਟ
ਨਵੀਂ ਦਿੱਲੀ, 21 ਅਪਰੈਲ
ਸੁਪਰੀਮ ਕੋਰਟ ਨੇ ਸਿਵਲ ਸੇਵਾਵਾਂ ਪ੍ਰੀਖਿਆ ਵਿੱਚ ਧੋਖਾਧੜੀ ਅਤੇ ਗਲਤ ਤਰੀਕੇ ਨਾਲ ਓਬੀਸੀ ਅਤੇ ਅਪੰਗਤਾ ਕੋਟੇ ਦੇ ਲਾਭ ਲੈਣ ਦੀ ਦੋਸ਼ੀ ਸਾਬਕਾ ਆਈਏਐਸ ਪ੍ਰੋਬੇਸ਼ਨਰ ਪੂਜਾ ਖੇੜਕਰ ਨੂੰ 2 ਮਈ ਨੂੰ ਦਿੱਲੀ ਪੁਲੀਸ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ।
ਜਸਟਿਸ ਬੀਵੀ ਨਾਗਰਤਨਾ ਅਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੇ ਬੈਂਚ ਨੇ ਕਿਹਾ ਕਿ ਖੇੜਕਰ ਵਿਰੁੱਧ 21 ਮਈ ਨੂੰ ਹੋਣ ਵਾਲੀ ਅਗਲੀ ਸੁਣਵਾਈ ਤੱਕ ਕੋਈ ਸਖ਼ਤ ਕਾਰਵਾਈ ਨਾ ਕੀਤੀ ਜਾਵੇੇ। ਉਂਝ ਸੁਣਵਾਈ ਦੌਰਾਨ ਸਿਖਰਲੀ ਅਦਾਲਤ ਨੇ ਨੋਟ ਕੀਤਾ ਕਿ ਮਾਮਲੇ ਦੀ ਕੋਈ ਠੋਸ ਜਾਂਚ ਨਹੀਂ ਹੋਈ ਹੈ ਤੇ ਦਿੱਲੀ ਪੁਲੀਸ ਨੂੰ ਜਾਂਚ ਨੂੰ ਤੇਜ਼ੀ ਨਾਲ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਹਨ।
ਸੁਣਵਾਈ ਦੌਰਾਨ ਦਿੱਲੀ ਪੁਲੀਸ ਵੱਲੋਂ ਪੇਸ਼ ਵਧੀਕ ਸੌਲੀਸਿਟਰ ਜਨਰਲ ਐੱਸਵੀ ਰਾਜੂ ਨੇ ਕਿਹਾ ਕਿ ਖੇੜਕਰ ਦੀ ਹਿਰਾਸਤੀ ਪੁੱਛਗਿੱਛ ਜ਼ਰੂਰੀ ਹੈ। ਹਾਲਾਂਕਿ, ਸੁਪਰੀਮ ਕੋਰਟ ਨੇ ਉਸ ਨੂੰ ਅੰਤਰਿਮ ਸੁਰੱਖਿਆ ਪ੍ਰਦਾਨ ਕਰ ਦਿੱਤੀ। ਖੇੜਕਰ ’ਤੇ 2022 ਦੀ ਯੂਪੀਐੱਸਸੀ ਸਿਵਲ ਸੇਵਾਵਾਂ ਪ੍ਰੀਖਿਆ ਲਈ ਰਾਖਵੇਂਕਰਨ ਦੇ ਲਾਭ ਪ੍ਰਾਪਤ ਕਰਨ ਲਈ ਆਪਣੀ ਅਰਜ਼ੀ ਵਿੱਚ ਗਲਤ ਜਾਣਕਾਰੀ ਪੇਸ਼ ਕਰਨ ਦਾ ਦੋਸ਼ ਹੈ। ਖੇੜਕਰ ਨੇ ਹਾਲਾਂਕਿ ਆਪਣੇ ਖਿਲਾਫ ਲੱਗੇ ਸਾਰੇ ਦੋਸ਼ਾਂ ਦਾ ਖੰਡਨ ਕੀਤਾ ਹੈ। -ਪੀਟੀਆਈ