Escalating Tensions: ਚੰਡੀਗੜ੍ਹ ’ਚ ਅੱਜ ਸ਼ਾਮ 7 ਵਜੇ ਬੰਦ ਹੋਣਗੀਆਂ ਦੁਕਾਨਾਂ
ਦਵਾਈਆਂ ਸਮੇਤ ਜ਼ਰੂਰੀ ਚੀਜ਼ਾਂ ਵੇਚਣ ਵਾਲੀਆਂ ਦੁਕਾਨਾਂ ਨੂੰ ਹੋਵੇਗੀ ਇਨ੍ਹਾਂ ਹੁਕਮਾਂ ਤੋਂ ਛੋਟ
ਆਤਿਸ਼ ਗੁਪਤਾ
ਚੰਡੀਗੜ੍ਹ, 9 ਮਈ
ਭਾਰਤ ਅਤੇ ਪਾਕਿਸਤਾਨ ਦਰਮਿਆਨ ਵਧਦੇ ਤਣਾਅ ਅਤੇ ਸੰਭਾਵੀ ਸੁਰੱਖਿਆ ਖਤਰਿਆਂ ਦੇ ਵਿਚਕਾਰ, ਚੰਡੀਗੜ੍ਹ ਪ੍ਰਸ਼ਾਸਨ ਨੇ ਗੈਰ-ਜ਼ਰੂਰੀ ਚੀਜ਼ਾਂ ਜਿਵੇਂ ਕਿ ਕੱਪੜੇ, ਖਾਣ-ਪੀਣ ਵਾਲੇ ਸਥਾਨ, ਹੋਟਲ, ਰੈਸਟੋਰੈਂਟ ਅਤੇ ਮਾਲ ਵੇਚਣ ਵਾਲੀਆਂ ਸਾਰੀਆਂ ਦੁਕਾਨਾਂ ਆਦਿ ਨੂੰ ਸ਼ਾਮ 7 ਵਜੇ ਬੰਦ ਕਰਨ ਦੇ ਹੁਕਮ ਦਿੱਤੇ ਹਨ। ਇਸ ਦੌਰਾਨ ਦਵਾਈਆਂ ਸਮੇਤ ਜ਼ਰੂਰੀ ਚੀਜ਼ਾਂ ਵੇਚਣ ਵਾਲੀਆਂ ਦੁਕਾਨਾਂ ਨੂੰ ਇਸ ਨਿਰਦੇਸ਼ ਤੋਂ ਛੋਟ ਹੈ ਅਤੇ ਅਜਿਹੀਆਂ ਦੁਕਾਨਾਂ ਖੁੱਲ੍ਹੀਆਂ ਰਹਿ ਸਕਦੀਆਂ ਹਨ।
ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਦੇ ਅਨੁਸਾਰ, ਇਹ ਹੁਕਮ ਸਿਰਫ ਸ਼ੁੱਕਰਵਾਰ ਲਈ ਲਾਗੂ ਹੈ ਅਤੇ ਦੁਕਾਨਾਂ ਸਵੇਰੇ ਆਪਣੇ ਆਮ ਕੰਮਕਾਜ ਮੁੜ ਸ਼ੁਰੂ ਕਰ ਸਕਦੀਆਂ ਹਨ। ਬੋਰਡਿੰਗ ਅਤੇ ਰਿਹਾਇਸ਼ ਦੀ ਸਹੂਲਤ ਪ੍ਰਦਾਨ ਕਰਨ ਵਾਲੇ ਹੋਟਲ ਆਮ ਵਾਂਗ ਕੰਮ ਕਰ ਸਕਦੇ ਹਨ ਪਰ ਬਲੈਕਆਉੂਟ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਕੋਚਿੰਗ ਇੰਸਟੀਚਿਊਟਸ ਨੂੰ ਵੀ ਐਤਵਾਰ ਤੱਕ ਕਲਾਸਾਂ ਮੁਲਤਵੀ ਕਰਨ ਦੀ ਸਲਾਹ
ਚੰਡੀਗੜ੍ਹ ਪ੍ਰਸ਼ਾਸਨ ਨੇ ਕੋਚਿੰਗ ਇੰਸਟੀਚਿਊਟਸ (Coaching institutes in Chandigarh) ਨੂੰ ਵੀ ਐਤਵਾਰ ਤੱਕ ਆਪਣੀਆਂ ਕਲਾਸਾਂ ਮੁਲਤਵੀ ਕਰ ਦੇਣ ਲਈ ਕਿਹਾ ਹੈ। ਇਹ ਸੇਧ ਚੰਡੀਗੜ੍ਹ ਪ੍ਰਸ਼ਾਸਨ ਦੇ ਡਾਇਰੈਕਟਰ ਸਕੂਲ ਸਿੱਖਿਆ (Director of School Education, Chandigarh Administration) ਵੱਲੋਂ ਜਾਰੀ ਕੀਤੀ ਗਈ ਹੈ।
ਇਸ ਐਡਵਾਈਜ਼ਰੀ ਵਿਚ ਕਿਹਾ ਗਿਆ ਹੈ, ਮੌਜੂਦਾ ਹਾਲਾਤ ਨੂੰ ਧਿਆਨ ਵਿਚ ਰੱਖਦਿਆਂ ਅਤੇ ਵਿਦਿਆਰਥੀਆਂ ਤੇ ਸਟਾਫ਼ ਦੀ ਸਲਾਮਤੀ ਦੇ ਮੱਦੇਨਜ਼ਰ ਚੰਡੀਗੜ੍ਹ ਵਿਚਲੇ ਕੋਚਿੰਗ ਇਸਟੀਚਿਊਟ ਨੂੰ ਐਤਵਾਰ ਤੱਕ ਆਪਣੀਆਂ ਕਲਾਸਾਂ ਮੁਲਤਵੀ ਕਰ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ। ਐਤਵਾਰ ਸ਼ਾਮ ਨੂੰ ਹਾਲਾਤ ਉਤੇ ਨਜ਼ਰਸਾਨੀ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਅਗਲੇਰੀਆਂ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ।’’