ਪੰਜਾਬ ’ਚ ਸੀਜ਼ਨ ਦਾ ਸਭ ਤੋਂ ਗਰਮ ਦਿਨ, ਪਾਰਾ 46 ਡਿਗਰੀ ਨੂੰ ਟੱਪਿਆ
ਆਤਿਸ਼ ਗੁਪਤਾ
ਚੰਡੀਗੜ੍ਹ, 9 ਜੂਨ
ਪੰਜਾਬ ਵਿਚ ਅੱਜ ਸੀਜ਼ਨ ਦਾ ਸਭ ਤੋਂ ਗਰਮ ਦਿਨ ਰਿਹਾ ਤੇ ਪੰਜਾਬ ਜੇਠ ਮਹੀਨੇ ਦੇ ਆਖਰੀ ਦਿਨਾਂ ਵਿਚ ਤੰਦੂਰ ਵਾਂਗ ਤਪਣ ਲੱਗਾ ਹੈ। ਸੂਬੇ ਵਿਚ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਪੰਜਾਬ ਵਿੱਚ ਸਮਰਾਲਾ ਸ਼ਹਿਰ ਸਭ ਤੋਂ ਗਰਮ ਰਿਹਾ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 46.1 ਡਿਗਰੀ ਸੈਲਸੀਅਸ ਰਿਹਾ। ਗਰਮੀ ਵਧਣ ਨਾਲ ਸੂਬੇ ਵਿਚ ਬਿਜਲੀ ਦੀ ਮੰਗ ਅੱਜ 15,600 ਮੈਗਾਵਾਟ ਤੋਂ ਟੱਪ ਗਈ ਹੈ। ਮੌਸਮ ਵਿਭਾਗ ਨੇ ਪੂਰੇ ਹਫ਼ਤੇ ਅਤਿ ਦੀ ਗਰਮੀ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਨੇ 10 ਤੇ 11 ਜੂਨ ਨੂੰ ਸੰਤਰੀ ਤੇ 12 ਤੇ 15 ਜੂਨ ਤੋਂ ਪੀਲਾ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਲੂ ਚੱਲੇਗੀ ਅਤੇ ਤਾਪਮਾਨ 47 ਤੋਂ 48 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੇ ਆਸਾਰ ਹਨ।
ਪੰਜਾਬ ਵਿੱਚ ਅੱਜ ਤਾਪਮਾਨ ਆਮ ਨਾਲੋਂ 5 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੂਬੇ ਵਿੱਚ ਇਕ ਦਰਜਨ ਦੇ ਕਰੀਬ ਸ਼ਹਿਰਾਂ ਦਾ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਗਰਮੀ ਵਧਣ ਕਰਕੇ ਸੂਬੇ ਦੀਆਂ ਸੜਕਾਂ ’ਤੇ ਸੁੰਨ ਪਸਰਨ ਲੱਗੀ ਹੈ। ਲੋਕ ਆਮ ਦਿਨਾਂ ਦੇ ਮੁਕਾਬਲੇ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰ ਰਹੇ ਹਨ। ਡਾਕਟਰਾਂ ਨੇ ਵੀ ਲੋਕਾਂ ਨੂੰ ਦੁਪਹਿਰ ਸਮੇਂ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਫਿਰ ਵੀ ਜੇ ਘਰੋਂ ਬਾਹਰ ਨਿਕਲਣਾ ਪਏ ਤਾਂ ਸਿਰ ਢਕ ਕੇ ਰੱਖਣ ਦੀ ਅਪੀਲ ਕੀਤੀ ਗਈ ਹੈ। ਗਰਮੀ ਵਧਣ ਨਾਲ ਸਬਜ਼ੀ ਕਾਸ਼ਤਕਾਰਾਂ ਦੇ ਸਾਹ ਵੀ ਸੁੱਕ ਗਏ ਹਨ। ਗਰਮੀ ਕਰਕੇ ਸਬਜ਼ੀਆਂ ਨੂੰ ਵਾਧੂ ਪਾਣੀ ਦੇਣਾ ਪੈ ਰਿਹਾ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਵਿਚ ਅੱਜ ਵੱਧ ਤੋਂ ਵੱਧ ਤਾਪਮਾਨ 43.8 ਡਿਗਰੀ ਸੈਲਸੀਅਸ ਰਿਹਾ। ਇਸੇ ਤਰ੍ਹਾਂ ਅੰਮ੍ਰਿਤਸਰ 44.9 ਡਿਗਰੀ ਸੈਲਸੀਅਸ, ਲੁਧਿਆਣਾ 43.3 ਡਿਗਰੀ, ਪਟਿਆਲਾ 42.9, ਪਠਾਨਕੋਟ 43.8, ਬਠਿੰਡਾ 45.6, ਗੁਰਦਾਸਪੁਰ 44.5, ਨਵਾਂ ਸ਼ਹਿਰ 41.7, ਫਤਹਿਗੜ੍ਹ ਸਾਹਿਬ 41.9, ਫਾਜ਼ਿਲਕਾ 43.2, ਫਿਰੋਜ਼ਪੁਰ 44, ਹੁਸ਼ਿਆਰਪੁਰ 41.6, ਜਲੰਧਰ 42.6, ਮੋਗਾ 42.8, ਮੁਹਾਲੀ 41.6 ਤੇ ਰੋਪੜ ਵਿਚ 41.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਹੈ।
ਪੰਜਾਬ ਵਿੱਚ ਗਰਮੀ ਵਧਣ ਕਰਕੇ ਬਿਜਲੀ ਦੀ ਮੰਗ ਵੱਧ ਗਈ ਹੈ। ਦੁਪਹਿਰ ਸਮੇਂ ਬਿਜਲੀ ਦੀ ਮੰਗ 15,600 ਮੈਗਾਵਾਟ ਨੂੰ ਟੱਪ ਗਈ ਸੀ। ਹਾਲਾਂਕਿ ਪੰਜਾਬ ਵਿੱਚ ਅਜੇ ਝੋਨੇ ਦੀ ਲੁਆਈ ਦਾ ਕੰਮ ਅੱਧ ਵਿਚਕਾਰ ਹੋਣ ਕਰਕੇ ਖੇਤੀ ਖੇਤਰ ਵੱਲੋਂ ਬਹੁਤਾ ਲੋਡ ਨਹੀਂ ਪਾਇਆ ਜਾ ਰਿਹਾ ਹੈ।