ਤਿੰਨ ਘੰਟਿਆਂ ਦਾ ਰਾਜ਼
ਕਰਮਜੀਤ ਸਿੰਘ ਚਿੱਲਾ
ਸਾਲ 2015 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਦੇ ਗੁਰਧਾਮਾਂ ਲਈ ਭੇਜੇ ਜਾਂਦੇ ਜਥੇ ਵਿੱਚ ਸ਼ਾਮਿਲ ਹੋ ਕੇ ਪਰਤ ਰਹੇ ਸਾਂ। ਜਥੇ ਵਿੱਚ ਜਾਣ ਦਾ ਸਬੱਬ ਵੀ ਮਿੰਟਾਂ ਵਿੱਚ ਹੀ ਬਣ ਗਿਆ। ਮੇਰੇ ਦੋਸਤ ਸੁਰਿੰਦਰ ਸਿੰਘ ਨੇ ਫੋਨ ਕਰਕੇ ਪੁੱਛਿਆ ਕਿ ਪਾਸਪੋਰਟ ਹੈਗਾ? ਮੈਂ ਹਾਂ ਵਿੱਚ ਜਵਾਬ ਦਿੱਤਾ ਤਾਂ ਉਸ ਨੇ ਕਿਹਾ ਕਿ ਸਵੇਰੇ ਮੈਨੂੰ ਫੜਾ ਦਿਉ, ਆਪਾਂ ਨੇ ਪਾਕਿਸਤਾਨ ਜਾਣਾ। ਮੈਂ ਰੋਜ਼ਾਨਾ ਸਵੇਰੇ ਸ਼ਾਮ ਸੁਰਿੰਦਰ ਦੇ ਪਿੰਡ ਦੁਰਾਲੀ ਨੂੰ ਲੰਘ ਕੇ ਆਪਣੇ ਕਲੀਨਿਕ ਉੱਤੇ ਸਨੇਟਾ ਆਉਂਦਾ ਹਾਂ। ਮੈਂ ਦੁਬਿਧਾ ਵਿੱਚ ਸਾਂ ਪਰ ਉਸ ਨੇ ਸਖ਼ਤੀ ਨਾਲ ਆਖਿਆ, ‘‘ਕੋਈ ਬਹਾਨਾ ਨਹੀਂ ਚੱਲੇਗਾ। ਅਸੀਂ ਵੀ ਸਾਰੇ ਜਾ ਰਹੇ ਹਾਂ।’’
ਮੈਂ ਪਾਸਪੋਰਟ ਫੜਾ ਆਇਆ। ਕਿੰਨੀ ਫੀਸ ਜਮ੍ਹਾਂ ਕਰਵਾਈ, ਕਿੱਥੇ ਪਾਸਪੋਰਟ ਭੇਜਿਆ, ਮੈਨੂੰ ਪੁੱਛਣ ’ਤੇ ਵੀ ਨਹੀਂ ਦੱਸਿਆ, ਬੱਸ ਤਿਆਰੀ ਕਰਨ ਲਈ ਕਿਹਾ। ਕੁਝ ਦਿਨਾਂ ਬਾਅਦ ਸੋਹਾਣੇ ਥਾਣੇ ਤੋਂ ਇਨਕੁਆਰੀ ਲਈ ਫੋਨ ਆਇਆ। ਮੈਂ ਪਿੰਡ ਦੇ ਦੋ ਜ਼ਿੰਮੇਵਾਰ ਬੰਦਿਆਂ ਕੋਲੋਂ ਆਪਣੀ ਸ਼ਰਾਫ਼ਤ ਦੀਆਂ ਚਾਰ ਸਤਰਾਂ ਲਿਖਵਾ ਕੇ ਥਾਣੇ ਫੜਾ ਆਇਆ। ਵੀਜ਼ਾ ਲੱਗ ਗਿਆ। ਜਾਣ ਸਮੇਂ ਅਸੀਂ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਚਲੇ ਗਏ ਤੇ ਰਾਤ ਸ੍ਰੀ ਦਰਬਾਰ ਸਾਹਿਬ ਵਿਖੇ ਰੁਕੇ।
ਸੁਰਿੰਦਰ ਦਾ ਕੋਈ ਜਾਣੂੰ ਸੱਜਣ ਸਾਨੂੰ ਅਟਾਰੀ ਰੇਲਵੇ ਸਟੇਸ਼ਨ ਛੱਡ ਗਿਆ। ਅਸੀਂ ਪਾਕਿਸਤਾਨ ਨੂੰ ਜਥਾ ਲੈ ਕੇ ਜਾਣ ਵਾਲੀਆਂ ਤਿੰਨ ਰੇਲਗੱਡੀਆਂ ਵਿੱਚੋਂ ਪਹਿਲੀ ਰੇਲਗੱਡੀ ਵਿੱਚ ਬੈਠ ਕੇ ਪਹਿਲਾਂ ਵਾਹਗਾ ਬਾਰਡਰ ਦੇ ਪਾਕਿਸਤਾਨ ਵਾਲੇ ਖੇਤਰ ਵਿੱਚ ਉਤਰੇ। ਰਸਮੀ ਸੁਆਗਤ ਮਗਰੋਂ ਸਾਰੇ ਦਿਨ ਦਾ ਸਫ਼ਰ ਤੈਅ ਕਰਕੇ ਰਾਤੀਂ ਪੰਜਾ ਸਾਹਿਬ ਜਾ ਪਹੁੰਚੇ। ਨੌਂ ਰਾਤਾਂ ਤੇ ਦਸ ਦਿਨਾਂ ਦੀ ਇਸ ਪਾਕਿਸਤਾਨ ਯਾਤਰਾ ਤੋਂ ਵਾਪਸੀ ਸਮੇਂ ਮੈਂ ਕੁੜਤਾ-ਪਜਾਮਾ ਪਾਇਆ ਹੋਇਆ ਸੀ ਤੇ ਪੱਗ ਬੰਨ੍ਹੀ ਹੋਈ ਸੀ। ਬਾਕੀ ਸਾਰਿਆਂ ਨੇ ਪੈਂਟ ਕਮੀਜ਼ਾਂ ਪਾਈਆਂ ਹੋਈਆਂ ਸਨ।
ਪਾਕਿਸਤਾਨ ਤੋਂ ਵਾਪਸੀ ਮੌਕੇ ਭਾਰਤੀ ਇਮੀਗਰੇਸ਼ਨ ਅਤੇ ਕਸਟਮ ਵਾਲੇ ਪੈਂਟਾਂ ਵਾਲਿਆਂ ਨੂੰ ਨਾਮ ਅਤੇ ਐਡਰੈੱਸ ਪੁੱਛ ਕੇ ਅਗਲੀ ਕਾਰਵਾਈ ਤੇ ਰਸਮੀ ਤਲਾਸ਼ੀ ਲਈ ਉਸ ਕਤਾਰ ਵਿੱਚ ਭੇਜੀ ਜਾ ਰਹੇ ਸਨ, ਜਿੱਥੇ ਮਸਾਂ ਪੰਜ ਸੱਤ ਮਿੰਟ ਵਿੱਚ ਵਿਅਕਤੀ ਫਾਰਗ ਹੋ ਜਾਂਦਾ ਸੀ। ਕੁੜਤੇ ਪਜਾਮੇ ਵਾਲਿਆਂ ਅਤੇ ਬੀਬੀਆਂ ਲਈ ਵੱਖੋ-ਵੱਖਰੀਆਂ ਕਤਾਰਾਂ ਸਨ। ਗੇਟ ਅੰਦਰ ਵੜਨ ਦੀ ਮੇਰੀ ਵਾਰੀ ਆਈ ਤਾਂ ਬਦਕਿਸਮਤੀ ਨਾਲ ਮੈਂ ਗੇਟ ’ਤੇ ਖੜ੍ਹੇ ਅਫਸਰ, ਜਿਹੜਾ ਕਤਾਰਾਂ ਵਿੱਚ ਭੇਜਣ ਦਾ ਫ਼ੈਸਲਾ ਕਰ ਰਿਹਾ ਸੀ, ਨੂੰ ਪੁੱਛ ਬੈਠਿਆ, ‘‘ਸਰ, ਮਾਵੀ ਸਾਹਿਬ ਦੀ ਵੀ ਡਿਊਟੀ ਹੈਗੀ ਇੱਥੇ? ਮਾਵੀ ਸਾਹਿਬ ਕਸਟਮ ਵਿੱਚ ਪੋਸਟਿਡ ਹਨ ਅਤੇ ਸਾਡੇ ਪਿੰਡ ਉਨ੍ਹਾਂ ਦੀ ਨਜ਼ਦੀਕੀ ਰਿਸ਼ਤੇਦਾਰੀ ਹੈ। ਉਹ ਅਕਸਰ ਕਿਹਾ ਕਰਦੇ ਸਨ ਕਿ ਕਦੇ ਮਿਲ ਕੇ ਜਾਇਓ।’’
ਇੱਕ ਤਾਂ ਮੇਰੇ ਕੁੜਤਾ ਪਜਾਮਾ ਪਾਇਆ ਹੋਇਆ ਸੀ ਤੇ ਦੂਜਾ ਮੈਂ ਮਾਵੀ ਸਾਹਿਬ ਦਾ ਜ਼ਿਕਰ ਕਰ ਬੈਠਾ। ਗੇਟ ’ਤੇ ਖੜ੍ਹੇ ਅਫਸਰ ਨੇ ਇਕਦਮ ਅਜੀਬ ਜਿਹੀ ਨਿਗ੍ਹਾ ਨਾਲ ਮੇਰੇ ਵੱਲ ਵੇਖਿਆ। ਫੇਰ ਉਸ ਨੇ ਮੇਰੇ ਬਾਕੀ ਦੋਸਤਾਂ ਵਾਲੀ ਕਤਾਰ ਦੀ ਥਾਂ ਮੈਨੂੰ ਉਸ ਕਤਾਰ ਵਿੱਚ ਜਾਣ ਲਈ ਲਿਖ ਦਿੱਤਾ, ਜਿਸ ਵਿੱਚ ਬਹੁਤ ਜ਼ਿਆਦਾ ਸਖ਼ਤੀ ਨਾਲ ਸਾਮਾਨ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾਂਦੀ ਹੈ। ਮੇਰੇ ਸਾਰੇ ਦੋਸਤ ਮਿੰਟੋ-ਮਿੰਟੀਂ ਫਾਰਗ ਹੋ ਕੇ ਬਾਹਰ ਚਲੇ ਗਏ ਤੇ ਮੈਂ ਉਸ ਕਤਾਰ ਵਿੱਚ ਸਾਂ, ਜਿੱਥੇ ਹਰ ਕਿਸੇ ’ਤੇ ਦਸ-ਪੰਦਰਾਂ ਮਿੰਟ ਲਗਾਏ ਜਾ ਰਹੇ ਸਨ ਤੇ ਮੇਰੇ ਮੂਹਰੇ ਪੰਦਰਾਂ-ਵੀਹ ਜਣੇ ਹੋਰ ਸਨ।
ਮੈਂ ਵੇਖਿਆ ਕਿ ਉਸ ਕਤਾਰ ਵਿੱਚ ਬਹੁਤ ਸਾਰੇ ਸੱਜਣਾਂ ਦੇ ਬੈਗਾਂ ’ਚੋਂ ਪਾਕਿਸਤਾਨ ਤੋਂ ਲਿਆਂਦੀ ਖਸਖਸ ਨਿਕਲ ਰਹੀ ਸੀ। ਇਹ ਪਾਕਿਸਤਾਨ ਵਿੱਚ ਬਹੁਤ ਸਸਤੀ ਮਿਲਦੀ ਹੈ। ਕੁਝ ਲੋਕ ਇਸ ਨੂੰ ਚਾਹ ਵਗੈਰਾ ਵਿੱਚ ਉਬਾਲ ਕੇ ਨਸ਼ੇ ਦੀ ਤੋਟ ਦੂਰ ਕਰਨ ਲਈ ਵਰਤਦੇ ਹਨ। ਕਸਟਮ ਵਾਲੇ ਉਸ ਨੂੰ ਬੈਗਾਂ ਵਿੱਚੋਂ ਕੱਢ ਇੱਕ ਪਾਸੇ ਰੱਖੀ ਜਾ ਰਹੇ ਸਨ। ਇੱਕਾ-ਦੁੱਕਾ ਬੀਬੀਆਂ ਦੇ ਬੈਗਾਂ ਵਿੱਚੋਂ ਵੀ ਇਹ ਸਮੱਗਰੀ ਨਿਕਲੀ। ਮੇਰੇ ਦੋਸਤ ਬਾਹਰ ਖੜ੍ਹੇ ਬੇਹਾਲ ਹੋ ਰਹੇ ਸਨ ਤੇ ਮੈਂ ਅੰਦਰ ਖੜ੍ਹਾ। ਇਸੇ ਦੌਰਾਨ ਲੰਚ ਦਾ ਸਮਾਂ ਹੋ ਗਿਆ।
ਪੂਰੇ ਢਾਈ ਘੰਟੇ ਬਾਅਦ ਮੇਰੀ ਵਾਰੀ ਆਈ ਤਾਂ ਤਿੰਨ ਮੁਲਾਜ਼ਮ ਮੇਰੇ ਬੈਗ ਨੂੰ ਚੈੱਕ ਕਰਨ ਲੱਗੇ। ਉਨ੍ਹਾਂ ਵਿੱਚ ਪਾਕਿਸਤਾਨੋਂ ਲਿਆਂਦੀਆਂ ਕੁਝ ਜੁੱਤੀਆਂ, ਪਰਿਵਾਰ ਲਈ ਲਾਹੌਰ ਤੋਂ ਖ਼ਰੀਦੇ ਕੁਝ ਸੂਟ ਤੇ ਕੁਝ ਕਿਤਾਬਾਂ ਸਨ। ਹੋਰ ਕੁਝ ਨਹੀਂ ਸੀ, ਪਰ ਉਨ੍ਹਾਂ ਪੂਰੀ ਤਸੱਲੀ ਨਾਲ ਸਾਰਾ ਕੁਝ ਘੋਖਿਆ ਤੇ ਬੈਗਾਂ ਵਿਚਲਾ ਸਾਰਾ ਸਾਮਾਨ ਵੀ ਬਾਹਰ ਕੱਢ ਕੇ ਚੈੱਕ ਕੀਤਾ, ਜਿਸ ਨੂੰ ਪਾਉਣ ਲਈ ਅੱਧਾ ਘੰਟਾ ਹੋਰ ਲਗਾ ਕੇ ਪੂਰੇ ਤਿੰਨ ਘੰਟੇ ਬਾਅਦ ਮੈਂ ਕਸਟਮ ਕੇਂਦਰ ਵਿੱਚੋਂ ਬਾਹਰ ਨਿਕਲਿਆ।
ਸੁਰਿੰਦਰ ਤੇ ਹੋਰ ਸਾਰੇ ਮੈਨੂੰ ਕਹਿਣ ਲੱਗੇ ਕਿ ਤੁਹਾਨੂੰ ਸਾਡੇ ਵਾਲੀ ਕਤਾਰ ਵਿੱਚ ਕਿਉਂ ਨਹੀਂ ਭੇਜਿਆ। ਮੈਂ ਕਿਹਾ, ‘‘ਭਾਈ, ਇੱਕ ਤਾਂ ਕੁੜਤਾ-ਪਜਾਮਾ ਵੇਖ ਕੇ ਅਗਲਿਆਂ ਨੇ ਸਮਝਿਆ ਹੋਣ ਬੈਗ ਵਿੱਚ ਪੱਕਾ ਖਸਖਸ ਹੋਊ। ਫਿਰ ਵੀ ਉਹ ਮੈਨੂੰ ਤੁਹਾਡੇ ਵਾਲੀ ਕਤਾਰ ਵਿੱਚ ਭੇਜਣ ਹੀ ਲੱਗਾ ਸੀ ਕਿ ਮੈਂ ਉੱਥੇ ਕਸਟਮ ਵਿੱਚ ਸਰਵਿਸ ਕਰਦੇ ਆਪਣੇ ਇੱਕ ਦੋਸਤ ਬਾਰੇ ਪੁੱਛ ਬੈਠਿਆ। ਗੇਟ ’ਤੇ ਖੜ੍ਹਾ ਅਧਿਕਾਰੀ ਪਹਿਲਾਂ ਹੀ ਮੇਰੇ ਬਾਰੇ ਜੱਕੋਤੱਕੀ ਵਿੱਚ ਸੀ ਕਿ ਕਿੱਧਰ ਭੇਜਾਂ, ਪਰ ਫਿਰ ਉਸ ਨੇ ਸੋਚਿਆ ਹੋਵੇਗਾ ਕਿ ਇਹ ਬੰਦਾ ਕਿਸੇ ਕਰਮਚਾਰੀ ਦਾ ਨਾਮ ਸ਼ਾਇਦ ਤਲਾਸ਼ੀ ਤੋਂ ਬਚਣ ਲਈ ਲੈ ਰਿਹਾ ਹੋਵੇਗਾ ਤੇ ਪੱਕਾ ਇਸ ਦੇ ਬੈਗ ਵਿੱਚ ਕੁਝ ਹੋਵੇਗਾ। ਇਸ ਕਰਕੇ ਉਸ ਨੇ ਸਭ ਤੋਂ ਵੱਧ ਬਾਰੀਕੀ ਨਾਲ ਕੀਤੀ ਜਾਂਦੀ ਤਲਾਸ਼ੀ ਵਾਲੀ ਕਤਾਰ ਵਿੱਚ ਭੇਜਿਆ। ਮੇਰੇ ਕੁੜਤੇ ਪਜਾਮੇ ਅਤੇ ਦੋਸਤ ਦੇ ਲਏ ਨਾਮ ਨੇ ਹੀ ਬੈਗਾਂ ਵਿੱਚ ਕੋਈ ਵੀ ਗ਼ਲਤ ਵਸਤ ਨਾ ਹੋਣ ਦੇ ਬਾਵਜੂਦ ਮੇਰੇ ਤਿੰਨ ਘੰਟੇ ਫਾਲਤੂ ਲਗਵਾਏ, ਜਿਹੜੇ ਮੇਰੇ ਚੇਤੇ ਵਿੱਚੋਂ ਅੱਜ ਤੱਕ ਨਹੀਂ ਵਿਸਰੇ। ਹੁਣ ਜਦੋਂ ਵੀ ਮੇਰਾ ਕੋਈ ਜਾਣਕਾਰ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਂਦੇ ਜਥਿਆਂ ਵਿੱਚ ਜਾਣ ਸਬੰਧੀ ਕੋਈ ਸਲਾਹ ਮੰਗਦਾ ਹੈ ਤਾਂ ਮੈਂ ਬਾਕੀ ਸਭ ਕੁਝ ਦੱਸਣ ਦੇ ਨਾਲ-ਨਾਲ ਇਹ ਜ਼ਰੂਰ ਆਖਦਾ ਹਾਂ ਕਿ ਵਾਪਸੀ ਸਮੇਂ ਪੈਂਟ-ਕਮੀਜ਼ ਪਾ ਕੇ ਹੀ ਆਇਓ।
ਸੰਪਰਕ: 98155-23166