ਸਿੱਖ ਧਰਮ ਹੇਮਕੁੰਟ ਦੇ ਪ੍ਰਸੰਗ ਵਿੱਚ
04:50 AM Apr 26, 2025 IST
ਭਾਈ ਅਸ਼ੋਕ ਸਿੰਘ ਬਾਗੜੀਆਂ
Advertisement

ਇਤਿਹਾਸਕ ਪ੍ਰਸੰਗ ਵਿੱਚ ਦੇਖੀਏ ਤਾਂ ਪਹਿਲੇ ਪੰਜ ਗੁਰੂ ਸਾਹਿਬਾਨ ਵਲੋਂ ਆਪਣੇ ਕਾਲ ਵਿੱਚ ਸਿੱਖ ਧਰਮ ਲਈ ਕਈ ਸਿਧਾਂਤ ਉਲੀਕੇ ਗਏ ਜਿਨ੍ਹਾਂ ਦੀ ਅੱਜ ਵੀ ਓਨੀ ਹੀ ਮਾਨਤਾ ਅਤੇ ਮਹੱਤਤਾ ਹੈ। ਮਿਸਾਲ ਵਜੋਂ ਤਿੰਨ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸਨ ਪਰ ਉਨ੍ਹਾਂ ਨੂੰ ਗੁਰੂ ਉਦੋਂ ਤੋਂ ਹੀ ਮੰਨਿਆ ਗਿਆ, ਜਦੋਂ ਉਨ੍ਹਾਂ ਨੂੰ ਗੁਰਗੱਦੀ ਮਿਲੀ; ਭਾਵ, ਗੁਰੂ ਨਾਨਕ ਜੀ ਦਾ 1469-1539 ਦੇ ਸਮੇਂ ਵਿੱਚ ਗੁਰੂ ਅੰਗਦ ਦੇਵ ਜੀ ਦਾ ਜਨਮ 1504 (ਉਮਰ 35 ਸਾਲ), ਗੁਰੂ ਅਮਰਦਾਸ ਜੀ ਦਾ ਜਨਮ 1479 ਈਸਵੀ (ਉਮਰ 60 ਸਾਲ), ਗੁਰੂ ਰਾਮਦਾਸ ਜੀ ਦਾ ਜਨਮ 1534 ਈਸਵੀ (ਉਪਰ 5 ਸਾਲ) ਵਿੱਚ ਹੋਇਆ। ਇਹ ਤਿੰਨੋਂ ਗੁਰੂ ਸਾਹਿਬਾਨ ਕ੍ਰਮਵਾਰ 35, 60 ਅਤੇ 5 ਸਾਲ ਗੁਰੂ ਨਾਨਕ ਦੇਵ ਜੀ ਦੇ ਵੀ ਸਮਕਾਲੀ ਸਨ ਅਤੇ ਇਕ ਦੂਜੇ ਗੁਰੂ ਸਾਹਿਬਾਨ ਦੇ ਵੀ ਸਮਕਾਲੀ ਸਨ। ਗੁਰੂ ਅੰਗਦ ਦੇਵ ਜੀ ਦੇ ਪਿਤਾ ਮੰਦਰ ਦੇ ਪੁਜਾਰੀ ਸਨ ਅਤੇ ਗੁਰਗੱਦੀ ’ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਆਪ ਦੁਰਗਾ ਦੇ ਭਗਤ ਸਨ। ਗੁੁਰੂ ਅਮਰਦਾਸ ਜੀ ਨੂੰ ਗੁਰੂ ਗੱਦੀ ਮਿਲਣ ਤੋਂ ਪਹਿਲਾਂ ਹਰ ਸਾਲ ਤੀਰਥਾਂ ਦੀ ਯਾਤਰਾ ਕਰਦੇ ਸਨ ਪਰ ਜਿਸ ਵਕਤ ਗੁਰੂ ਗੱਦੀ ਉਨ੍ਹਾਂ ਨੂੰ ਸੌਂਪੀ ਗਈ ਤਾਂ ਉਨ੍ਹਾਂ ਦੀ ਪਹਿਲੀ ਜਿ਼ੰਦਗੀ ਵਿੱਚ ਕੀ ਘਟਿਆ, ਉਸ ਨੂੰ ਪਿੱਛੇ ਛੱਡ ਦਿੱਤਾ ਗਿਆ ਅਤੇ ਗੁਰੂ ਗੱਦੀ ਮਿਲਣ ਤੋਂ ਬਾਅਦ ਉਨ੍ਹਾਂ ਦੇ ਕੀਤੇ ਕੰਮਾਂ ਨੂੰ ਮਹੱਤਵ ਦਿੱਤਾ ਗਿਆ। ਸਿੱਖ ਧਰਮ ਵਿੱਚ ਕਿਤੇ ਵੀ ਉਨ੍ਹਾਂ ਦੀ ਦੇਵੀ ਪੂਜਣ ਵਾਲੇ ਜਾਂ ਤੀਰਥਾਂ ਦੀ ਯਾਤਰਾ ਕਰਨ ਦੇ ਕੰਮਾਂ ਦਾ ਕੋਈ ਵੀ ਮਹੱਤਵ ਨਾ ਰਿਹਾ।
ਇਸ ਤੋਂ ਦੋ ਗੱਲਾਂ ਭਲੀ-ਭਾਂਤੀ ਸਿੱਧ ਹੁੰਦੀਆਂ ਹਨ; ਪਹਿਲੀ ਤਾਂ ਇਹ ਕਿ ਸਿੱਖ ਧਰਮ ਵਿੱਚ ਦੇਵੀ ਪੂਜਾ ਜਾਂ ਤੀਰਥ ਯਾਤਰਾ, ਬੁੱਤ ਪ੍ਰਸਤੀ, ਤਪ ਆਦਿ ਦਾ ਕੋਈ ਮਹੱਤਵ ਨਹੀਂ; ਦੂਜਾ, ਗੁਰੂ ਪਦਵੀ ਪ੍ਰਾਪਤ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਧਾਰਮਿਕ ਜਿ਼ੰਦਗੀ ਕਿਹੋ ਜਿਹੀ ਸੀ, ਉਹ ਵੀ ਪਿੱਛੇ ਛੱਡ ਦਿੱਤੀ ਗਈ ਪਰ ਹੇਮਕੁੰਟ ਦਾ ਸਬੰਧ ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜਨਾ ਅਤੇ ਉਹ ਵੀ ਇਹ ਦਲੀਲ ਦੇ ਕੇ ਕਿ ਉਨ੍ਹਾਂ ਨੇ ਆਪਣੇ ਪਿਛਲੇ ਜਨਮ ਵਿੱਚ ਇੱਥੇ ਭਗਤੀ ਜਾਂ ਤਪ ਕੀਤਾ ਸੀ, ਸਿੱਖ ਪੰਥ ਨੂੰ ਬੜੀ ਹਾਸੋ-ਹੀਣੀ ਸਥਿਤੀ ਵਿੱਚ ਪਾ ਦਿੰਦਾ ਹੈ। ਹੇਮਕੁੰਟ ਨੂੰ ਸਿੱਖਾਂ ਦਾ ਤੀਰਥ ਬਣਾ ਕੇ ਸਿੱਖਾਂ ਨੂੰ ਹਿੰਦੂ ਧਰਮ ਦੀ ਅਮਰਨਾਥ ਤੀਰਥ ਦੀ ਦੁਰਗਮ ਯਾਤਰਾ ਵਰਗਾ ਬਣਾ ਦਿੱਤਾ ਗਿਆ ਹੈ ਜਦਕਿ ਗੁਰਬਾਣੀ ਅਨੁਸਾਰ ਪਿਛਲੇ ਜਨਮ ਦੀ ਬਜਾਏ ਇਸ ਜਨਮ ਦੇ ਕਰਮ ਨੂੰ ਜ਼ਿਆਦਾ ਤਵੱਜੋ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਰਵਾਲਸਰ ਜੋ ਹਿਮਾਚਲ ਪ੍ਰਦੇਸ਼ ਵਿੱਚ ਹੈ, ਨੂੰ ਹੇਮਕੁੰਟ ਵਾਂਗ ਸਿੱਖਾਂ ਵਿੱਚ ਤੀਰਥ ਵਜੋਂ ਹਰਮਨ ਪਿਆਰਾ ਕਰਨ ਦਾ ਯਤਨ ਕੀਤਾ ਗਿਆ ਸੀ। ਉਸ ਗੁਰਦੁਆਰੇ ਦੀ ਉਸਾਰੀ ਉਨ੍ਹੀਂ ਦਿਨੀਂ, ਜਦੋਂ ਜੋਗਿੰਦਰ ਨਗਰ ਦਾ ਹਾਈਡ੍ਰੋ-ਪ੍ਰਾਜੈਕਟ ਤਿਆਰ ਹੋ ਰਿਹਾ ਸੀ, ਠੇਕੇਦਾਰ ਡਾਕਟਰ ਟਹਿਲ ਸਿੰਘ ਦੀ ਹਿੰਮਤ ਨਾਲ ਹੋਈ ਜੋ ਇਸ ਹਾਈਡ੍ਰੋ-ਪ੍ਰਾਜੈਕਟ ਦਾ ਠੇਕੇਦਾਰ ਸੀ। ਉਸ ਨੂੰ ਵੀ ਉਸ ਵਕਤ ਹੇਮਕੁੰਟ ਵਾਲੀ ਸਪਤ-ਸਿੰਗ ਵਾਲੀ ਥਿਊਰੀ ਨਾਲ ਪ੍ਰਚਾਰਿਆ ਜਾਂਦਾ ਸੀ।
ਸਿੱਖ ਧਰਮ ਜਾਂ ਸਿਧਾਂਤ ਵਿੱਚ ਅਜਿਹੇ ਪਿਛਲੇ ਜਨਮ ਦੇ ਤੀਰਥਾ ਜਾਂ ਤਪ ਅਸਥਾਨ ਦੀ ਕੋਈ ਮਾਨਤਾ ਨਹੀਂ। ਸਿੱਖ ਰਹਿਤ ਮਰਿਯਾਦਾ ਕਹਿੰਦੀ ਹੈ ਕਿ ਇਨ੍ਹਾਂ ਮੜ੍ਹੀਆਂ ਮਸਾਣਾਂ ਆਦਿ ਦੀ ਪੂਜਾ ਨਹੀਂ ਕਰਨੀ ਅਤੇ ਕੋਈ ਵੀ ਅੰਗੀਠਾ ਸਾਹਿਬ ਗੁਰਦੁਆਰਾ ਨਹੀਂ ਬਣਾਉ ਪਰ ਅੱਜ ਕੱਲ੍ਹ ਸਿੱਖ ਧਰਮ ਵਿੱਚ ਪਨਪੇ ਡੇਰੇਦਾਰਾਂ ਵਲੋਂ ਇਸ ਤਰ੍ਹਾਂ ਦੇ ਆਲੀਸ਼ਾਨ ਗੁਰਦੁਆਰੇ ਬਣਾ ਕੇ ਸਿੱਖਾਂ ਵਿੱਚ ਤੀਰਥਾਂ ਦੀ ਥਿਊਰੀ ਨੂੰ ਪ੍ਰਚੱਲਤ ਕੀਤਾ ਜਾ ਰਿਹਾ ਹੈ, ਜੋ ਸਿੱਖਾਂ ਦੇ ਅੱਡਰੇਪਨ ਲਈ ਘਾਤਕ ਹੋਵੇਗਾ।
ਸਿੱਖ ਸਮਾਜ ਗੁਰੂ ਸਾਹਿਬਾਨ ਨੂੰ 10 ਨਾਨਕ ਜੋਤਾਂ ਮੰਨਦਾ ਹੈ; ਭਾਵ, ਇਕ ਜੋਤ ਦੂਜੀ ਵਿੱਚ ਤਬਦੀਲ ਹੋਈ ਪਰ ਅਗਰ ਹੇਮਕੁੰਟ ਦੀ ਥਿਊਰੀ ਨੂੰ ਸਵੀਕਾਰ ਕੀਤਾ ਜਾਂਦਾ ਹੈ ਤਾਂ ਫਿਰ ਗੁਰੂ ਗੋਬਿੰਦ ਸਿੰਘ ਨਾਨਕ ਦੀ ਦਸਵੀਂ ਜੋਤ ਕਿਵੇਂ ਹੋ ਸਕਦੀ ਹੈ? ਕਿਉਂਕਿ ਹੇਮਕੁੰਟ ਦੀ ਧਾਰਨਾ ਸਿੱਖੀ ਦੇ ਮੁਢਲੇ ਅਸੂਲ ਦੇ ਬਿਲਕੁਲ ਉਲਟ ਹੈ। ਦੂਜਾ, ਜਦੋਂ ਸਰਕਾਰਾਂ ਜਾਂ ਮਨਮਤੀਏ ਧਰਮ ਵਿੱਚ ਇਹੋ ਜਿਹੇ ਵਿਗਾੜ ਪੈਦਾ ਕਰਨ ਵਾਲੇ ਕੰਮਾਂ ਨੂੰ ਉਤਸ਼ਾਹਿਤ ਕਰਦੇ ਹਨ ਤਾਂ ਪੜ੍ਹਿਆ-ਲਿਖਿਆ ਸਿੱਖ ਵਰਗ ਕਿਉਂ ਨਹੀਂ ਬੋਲਦਾ? ਇਸ ਦਾ ਮਤਲਬ ਤਾਂ ਇਹ ਹੋਇਆ ਕਿ ਜਾਂ ਤਾਂ ਉਹ ਸਿੱਖ ਸਿਧਾਂਤਾਂ ਤੋਂ ਬਿਲਕੁਲ ਸੱਖਣੇ ਹਨ, ਜਾਂ ਫਿਰ ਉਨ੍ਹਾਂ ਨੂੰ ਸਿਧਾਂਤਾਂ ਵਿੱਚ ਪਾਏ ਜਾ ਰਹੇ ਇਸ ਵਿਗਾੜ ਨਾਲ ਕੋਈ ਫ਼ਰਕ ਹੀ ਨਹੀਂ ਪੈਂਦਾ।
ਅੰਤ ਵਿੱਚ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਉਹ ਐਸੀ ਮਨਮਤ ਦੇ ਪ੍ਰਚਾਰ ਨੂੰ ਪ੍ਰਵਾਨਗੀ ਨਾ ਦੇਣ ਅਤੇ ਅਜਿਹੇ ਪ੍ਰਚਾਰ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨ ਤਾਂ ਜੋ ਸਿੱਖ ਧਰਮ ਵਿੱਚ ਹੋਰ ਵਿਗਾੜ ਪੈਣ ਤੋਂ ਰੋਕਿਆ ਜਾ ਸਕੇ। ਇਹੀ ਸਿੱਖ ਧਰਮ ਦੇ ਹਿੱਤ ਵਿੱਚ ਹੋਵੇਗਾ।
ਸੰਪਰਕ: 98140-95308
Advertisement
Advertisement