ਤਿਹਾਇਆ ਕਾਂ
ਭਲੇ ਵੇਲਿਆਂ ਦੀ ਗੱਲ ਹੈ, ਸ਼ਾਇਦ 75 ਵਰ੍ਹੇ ਪਹਿਲਾਂ ਦੀ। ਮੈਂ ਛੋਟਾ ਜਿਹਾ ਸਾਂ। ਬਾਪੂ ਜੀ ਜਿਨ੍ਹਾਂ ਨੂੰ ਅਸੀਂ ‘ਬਾਈ ਜੀ’ ਕਹਿੰਦੇ ਸਾਂ, ਰਿਆਸਤੀ ਫ਼ੌਜ ਦਾ ਹਿੱਸਾ ਹੋ ਕੇ ਦੂਜੀ ਆਲਮੀ ਜੰਗ ਲੜ ਚੁੱਕੇ ਸਨ। ਨੌਕਰੀ ਸਖ਼ਤ ਸੀ। ਨੌਕਰੀ ਦੇ ਨਾਲ-ਨਾਲ ਚੰਗੇ ਭਵਿੱਖ ਲਈ ਨੇੜਲੇ ਪਿੰਡ ਮੁੱਲ ਲਈ ਜ਼ਮੀਨ ਵਿਚ ਵਾਹੀ ਕਰਦੇ/ਕਰਵਾਉਂਦੇ ਸੀ। ਉਹ ਜੱਦੀ ਪਿੰਡ ਵਿੱਚੋਂ ਪਹਿਲਾ ਕਿਸਾਨ ਪੁੱਤ ਸੀ ਜੋ ਪੰਜਵੀਂ ਤੋਂ ਹੋਸਟਲ ਵਿਚ ਰਹਿ ਕੇ ਮੈਟਰਿਕ ਪਾਸ ਹੋਇਆ ਸੀ। ਹੱਦ ਦਰਜੇ ਦਾ ਮਿਹਨਤੀ, ਕੱਟੜ, ਪੱਥਰ ਵਰਗਾ ਕਰੜਾ ਪੂਰਾ ਸਵੈ-ਅਨੁਸ਼ਾਸਤ ਅਤੇ ਕਦੇ ਵੀ ਹਾਰ ਮੰਨਣ ਵਾਲਾ ਨਹੀਂ ਸੀ।
ਚਾਰ ਦੀਵਾਰੀ ਵਾਲੇ ਸ਼ਹਿਰ ਫ਼ਰੀਦਕੋਟ ਦੀ ਲੰਘ ਤੋਂ ਬਾਹਰ, ਨਾਲ ਲਗਦੀ ਖੁੱਲ੍ਹੀ ਡੁੱਲ੍ਹੀ ਬਸਤੀ ਵਿੱਚ ਸਾਡਾ ਮੋਕਲਾ ਜਿਹਾ ਘਰ ਸੀ। ਅੱਗੇ ਇਕ ਪਾਸੇ ਪਸ਼ੂ ਮੰਡੀ ਅਤੇ ਦੁਸਹਿਰੇ ਦੇ ਮੇਲੇ ਲਈ ਲਗਦੇ ਜੰਗਲ ਮਗਰੋਂ, ਮਾਲਵੇ ਦਾ ਲਾਹੌਰ ਤੋਂ ਮਗਰੋਂ ਇੱਕੋ-ਇੱਕ ਸਟੇਡੀਅਮ ਅਤੇ ਅੱਗੇ ਵਿਦਿਅਕ ਸੰਸਥਾਵਾਂ ਸਨ। ਡਿਗਰੀ ਕਾਲਜ, ਬਿਕਰਮ ਕਾਲਜ ਆਫ ਕਮਰਸ, ਬਲਬੀਰ ਸਕੂਲ ਆਦਿ।
ਮੈਂ ਪ੍ਰਾਇਮਰੀ (ਚੌਥੀ ਜਮਾਤ) ਪਾਸ ਕਰ ਕੇ ਬਲਬੀਰ ਹਾਈ ਸਕੂਲ ਆ ਵੱਜਿਆ। ਇਹ ਸਕੂਲ ਬ੍ਰਿਜ ਇੰਦਰ ਹਾਈ ਸਕੂਲ ਜੋ 1941 ਵਿਚ ਅਪਗਰੇਡ ਕਰ ਕੇ ਕਾਲਜ ਬਣ ਗਿਆ ਸੀ, ਦਾ ‘ਬੀ’ ਹੋਸਟਲ ਹੁੰਦਾ ਸੀ ਅਤੇ ਉਸੇ ਸਾਲ ਵੱਖਰਾ ਹਾਈ ਸਕੂਲ ਬਣ ਗਿਆ। ਉਸ ਵਕਤ ਪ੍ਰਾਇਮਰੀ ਸਕੂਲ ਅੱਜ ਦੇ ਜੇਬੀਟੀ ਸੰਸਥਾ ਵਾਲੀ ਜਗ੍ਹਾ ਹੁੰਦਾ ਸੀ। ਇਥੇ ਹੀ ਮੈਂ ਮੌਲਵੀ ਕੋਲ ਦਾਖਲ ਹੋ ਕੇ ਪਹਿਲੀ ਵਾਰ ਸਕੂਲੇ ਗਿਆ ਸਾਂ।
ਦੇਸ਼ (ਕਾਹਨੂੰ ਪੰਜਾਬ) ਵੰਡਿਆ ਗਿਆ। ਉਰਦੂ ਦੀ ਅਲਫ਼ ਬੇ ਪੇ ਦੀ ਥਾਂ ਊੜਾ ਆੜਾ ਨੇ ਲੈ ਲਈ। ਖ਼ੈਰ! ਸਾਨੂੰ ਅੰਗਰੇਜ਼ੀ ਪੰਜਵੀ ਜਮਾਤ ’ਚ ਸ਼ੁਰੂ ਹੁੰਦੀ ਸੀ ਅਤੇ ਹਿੰਦੀ ਸਤਵੀਂ ’ਚ। ਪੰਜਵੀ ਦੇ ਇੱਕੋ ਸਾਲ ਵਿਚ ਸਾਨੂੰ ਏ ਬੀ ਸੀ ਤੋਂ ਲੈ ਕੇ, ਛੋਟੇ-ਛੋਟੇ ਵਾਕ, ਦਸ ਵਾਕਾਂ ਵਾਲੇ ਲੇਖ/ਕਹਾਣੀਆਂ ਸਿਖਾ ਦਿੱਤੀਆਂ ਸਨ; ਜਿਵੇਂ ਏ ਟੇਬਲ, ਏ ਚੇਅਰ, ਏ ਕਾਉ, ਥਰਸਿਟੀ ਕਰੋਅ, ਮਾਈ ਸਕੂਲ ਆਦਿ।
ਖੁੱਲ੍ਹੇ ਅਸਮਾਨ ਹੇਠ, ਤੱਪੜਾਂ ਤੇ ਤੂਤਾਂ, ਸਫੇਦਿਆਂ, ਜਾਮਣਾਂ ਹੇਠ ਅਸੀਂ ਪੜ੍ਹਦੇ ਸਾਂ। ਕਮਰੇ ਸਿਰਫ਼ ਨੌਵੀਂ ਤੇ ਦਸਵੀਂ ਲਈ ਸਨ। ਅੰਗਰੇਜ਼ੀ ਸਾਨੂੰ ਬਹੁਤ ਹੀ ਸੋਹਣੇ ਸੁਨੱਖੇ, ਸੋਨੇ ਰੰਗ ਦੀਆਂ ਐਨਕਾਂ ਵਾਲੇ, ਲੰਮ ਸਲੰਮੇ ਮਾਸਟਰ ਹਰਨੇਕ ਸਿੰਘ ਪੜ੍ਹਾਉਂਦੇ ਸਨ। ਉਹ ਹਰ ਰੋਜ਼ ਕੋਟਕਪੂਰੇ ਤੋਂ (ਸੱਤ ਮੀਲ) ਸਾਈਕਲ ’ਤੇ ਆਉਂਦੇ ਸਨ।
ਆ ਗਿਆ ਮਾਰਚ 1953 ਦਾ ਸਾਲਾਨਾ ਇਮਤਿਹਾਨ। ਪਤਾ ਸੀ ਐਤਕੀਂ ‘ਥਰਸਿਟੀ ਕਰੋਅ’ (ਪਿਆਸਾ ਕਾਂ) ਜਾਂ ‘ਮਾਈ ਸਕੂਲ’ (ਮੇਰਾ ਸਕੂਲ) ਵਿੱਚੋਂ ਇਕ ਆਉਣਾ ਹੀ ਆਉਣਾ ਹੈ। ਬਾਈ ਜੀ ਰੋਜ਼ ‘ਥਰਸਿਟੀ ਕਰੋਅ’ ਯਾਦ ਕਰਨ ਨੂੰ ਕਹਿੰਦੇ, ਸ਼ਾਇਦ ਉਨ੍ਹਾਂ ਨੂੰ ਵੀ ਪੰਜਵੀ ’ਚ ਇਹੀ ਆਇਆ ਸੀ। ਪਰ ਮੈਂ ਕੀ ਕਰਦਾ? ਇਹ ਯਾਦ ਹੀ ਨਹੀਂ ਸੀ ਹੁੰਦਾ। ‘ਮਾਈ ਸਕੂਲ’ ਹੋਰ ਵੀ ਔਖਾ ਲਗਦਾ।
ਸਾਲਾਨਾ ਇਮਤਿਹਾਨਾਂ ਵਿਚ ਹਾਕੀ, ਫੁਟਬਾਲ ਆਦਿ ਦੀ ਗਰਾਊਂਡਾਂ ਦੂਰ-ਦੂਰ ਕਰ ਕੇ ਲਾਈਨਾਂ ਵਿਚ ਬਿਠਾਏ ਵੱਡੀਆਂ ਜਮਾਤਾਂ ਦੇ ਵਿਦਿਆਰਥੀਆਂ ਨਾਲ ਭਰ ਗਈਆਂ। ਪੰਜਵੀਂ ਛੇਵੀਂ ਵਾਲਿਆਂ ਨੂੰ ਅਲਾਟ ਹੋਈ ਪੰਚਵਟੀ ਵਾਲੀਆਂ ਖੁੱਲ੍ਹੀਆਂ ਗਰਾਊਂਡਾਂ। ਆ ਗਿਆ ਅੰਗਰੇਜ਼ੀ ਦਾ ਪੇਪਰ। ਖ਼ੱਦਰ ਦੇ ਚਾਰਖਾਨੇ ਵਾਲੇ ਝੱਗੇ, ਤੇੜ ਕੱਛਾ ਅਤੇ ਵਿਰਲੇ-ਵਿਰਲੇ ਲੰਮੀਆਂ ਕਮੀਜ਼ਾਂ ਅਤੇ ਬੋਸਕੀ ਦੇ ਪਜਾਮਿਆਂ ਵਾਲੇ, ਦੇਸੀ ਜੁੱਤੀਆਂ (ਅਜੇ ‘ਵੀ’ ਚਪਲਾਂ ਭਾਰਤ ਨਹੀਂ ਸੀ ਆਈਆਂ) ਸਾਨੂੰ ਖਿਲਾਰ ਕੇ ਬਿਠਾ ਦਿੱਤਾ। ਮੋਟੇ ਗੱਤੇ ਉਤੇ ਚੂੰਡੀਆਂ (ਚੁਟਕੀਆਂ) ਲਾ ਕੇ ਬਣੇ ਕਲਿਪ ਬੋਰਡ ਦਾ ਵਿਗੜਿਆ ਰੂਪ ਸੀ। ਸਿਆਹੀ ਵਾਲੀ ਦਵਾਤ (ਸ਼ੀਸ਼ੀ) ਅਤੇ ਅੰਗਰੇਜ਼ੀ ਦੇ ਪੇਪਰ ਲਈ ਹੋਲਡਰ ਵਿਚ ‘ਜੀ’ ਦਾ ਨਿੱਬ ਅਤੇ ਚਾਰ ਲਾਈਨਾਂ ਵਾਲੀਆਂ ਖਾਲੀ ਸ਼ੀਟਾਂ ’ਤੇ ਮਾਸਟਰ ਵਲੋਂ ਮੋਹਰ ’ਤੇ ਦਸਤਖਤ ਕੀਤੇ ਕਾਗਜ਼।
ਪਰਚੇ (ਪ੍ਰਸ਼ਨ ਪੱਤਰ) ਵੰਡੇ ਗਏ। ਮਾੜੀ ਕਿਸਮਤ ‘ਥਰਸਿਟੀ ਕਰੋਅ’ ਤੇ ‘ਮਾਈ ਸਕੂਲ’ ’ਚੋਂ ਇਕ ਲਿਖਣਾ ਸੀ। ਪੂਰੀ ਤਰ੍ਹਾਂ ਕੋਈ ਵੀ ਨਹੀਂ ਸੀ ਚੇਤੇ। ਬਾਕੀ ਸਵਾਲ ਹੱਲ ਕਰ ਲਏ- ਹੁਣ ਕੀ ਕਰਾਂ? ਮਨ ਅਵੱਲਾ ਸੀ- ਮੈਂ ‘ਥਰਸਿਟੀ ਕਰੋਅ’ ਘਰੋਂ ਲਿਖ ਕੇ ਨਕਲ ਲਈ, ਜੁੱਤੀ ’ਚ ਪਾ ਕੇ ਗਿਆ ਸਾਂ। ਦਾਅ ਲਗਣ ’ਤੇ ਨਕਲ ਮਾਰ ਕੇ ਲਿਖ ਦਿਤਾ। ਘਰੇ ਆ ਗਏ।
ਪਿਛਲੇ ਪਹਿਰ ਬਾਪੂ ਵਰਦੀ ਬਦਲਣ ਆਇਆ ਤਾਂ ਕਹਿੰਦਾ- “ਲਿਆ ਦਿਖਾ, ਪਰਚਾ।” ਉਹ ਨੰਗੇ ਪਿੰਡੇ, ਮੰਜੀ ’ਤੇ ਵਿਹੜੇ ’ਚ ਬੈਠਾ ਸੀ। ਨਿਗ੍ਹਾ ਸਿੱਧੀ ਲੇਖ ਵਾਲੇ ਸਵਾਲ ’ਤੇ ਗਈ... “ਸੁਣਾ ਕੀ ਲਿਖਿਆ। ਮੈਂ ਕਿਹਾ ਸੀ ਨਾ, ‘ਥਰਸਿਟੀ ਕਰੋਅ’ ਜ਼ਰੂਰ ਆਊ, ਪੱਕੇ ਇਮਤਿਹਾਨ ’ਚ।” ਮੈਂ ਜਵਾਬ ਦਿੱਤਾ, “ਮੈਂ ਤਾਂ ‘ਮਾਈ ਸਕੂਲ’ ਲਿਖ ਕੇ ਆਇਆਂ।” ਬਾਪੂ ਤਾੜ ਗਿਆ ਕਿ ਗੱਪ ਮਾਰਦਾਂ। ਝੱਟ ਕਹਿੰਦਾ, “ਚੱਲ, ‘ਮਾਈ ਸਕੂਲ’ ਸੁਣਾ।” ਸੁਣਾਉਣਾ ਕਿੱਥੋਂ ਸੀ? ਆਉਂਦੇ ਤਾਂ ਦੋਵੇਂ ਲੇਖ ਹੀ ਡੱਬ-ਖੜੱਬੇ ਸਨ। ਬਾਪੂ ਨੇ ਦੇਸੀ ਘਰ ਵਾਲੀ ਜੁੱਤੀ ਲਾਹ ਲਈ, ਉਤੋਂ ਗਾਲ੍ਹਾਂ ਦੀ ਮੀਂਹ। ਮਾਂ ਨੇ ਮਸਾਂ ਛੁਡਾਇਆ ਤੇ ਜਾਨ ਬਚੀ। ਇਹ ਸੀ ਪਹਿਲੀ ਤੇ ਆਖ਼ਿਰੀ ਵਾਰ ਮਾਰੀ ਨਕਲ। ਉਹ ਦਿਨ ਤੋਂ ਬਾਅਦ ਕਿਸੇ ਇਮਤਿਹਾਨ ’ਚ ਨਕਲ ਨਹੀਂ ਮਾਰੀ। ਇੱਥੋਂ ਤੱਕ ਕਿ ਐੱਮਏ ਅਤੇ ਪੋਸਟ ਗਰੈਜੂਏਸ਼ਨ ਦੇ ਇਕ ਪੇਪਰ ’ਚ ਮੈਂ ਹਾਲ/ਸੈਂਟਰ ’ਚ ਇਕੱਲਾ ਪੇਪਰ ਦੇਣ ਵਾਲਾ ਸਾਂ, ਸੁਪਰਵਾਈਜ਼ਰ ਚਾਹ ਦਾ ਕੱਪ ਵੀ ਭੇਜ ਦਿੰਦਾ ਸੀ ਤੇ ਕਹਿੰਦਾ ਸੀ- ਅਰਾਮ ਨਾਲ ਪੇਪਰ ਕਰ ਲਵੋ। ਪੀਜੀ ਦੇ ਇਕ ਪੇਪਰ ਵੇਲੇ ਤਾਂ ਮੌਕੇ ਦਾ ਅਗਜ਼ਾਮੀਨਰ ਕਹਿੰਦਾ- “ਅੰਦਰ ਠੰਢ ਐ, ਆਖੋ ਤਾਂ ਬਾਹਰ ਧੁੱਪੇ ਛੱਤ ’ਤੇ ਮੇਜ਼ ਲਵਾ ਏਈਏ। ਮਦਦ ਦੀ ਲੋੜ ਹੈ ਤਾਂ ਦੱਸ ਦਿਉ।” ਪਰ ਕਿੱਥੇ? ਅਸੀਂ ਤਾਂ ‘ਥਰਸਿਟੀ ਕਰੋਅ’ ਵਾਲੇ ਸਾਂ। ਨਾ ਨਕਲ ਮਾਰੀ ਤੇ ਨਾ ਮਾਰਨ ਦਿੱਤੀ- ਸਿਵਾਏ ਇਕ ਵਾਰੀ... ਜਦੋਂ ਦੋ ਅਫਸਰਾਂ ਦੇ ਆਖ਼ਿਰੀ ਚਾਂਸ ਵਿਚ ਪਾਰਟ ਡੀ ਇਮਤਿਹਾਨ (ਪੱਕਾ ਮੇਜਰ ਬਨਣ ਲਈ) ਨਾ ਪਾਸ ਹੋਣ ’ਤੇ ਸਰਵਿਸ ਵਿੱਚੋਂ ਡਿਸਮਿਸ ਕਰ ਦੇਣਾ ਸੀ। ਉਦੋਂ ਮੈਂ ਹੈੱਡ ਆਗਜ਼ਾਮੀਨਰ ਸਾਂ। ਮੈਂ ਮੂੰਹ ਪਾਸੇ ਕਰ ਲਿਆ- ਮੇਰਾ ਅਤੇ ਦੋਵੇਂ ਅਫਸਰਾਂ ਦਾ ਕੋਰਟ ਮਾਰਸ਼ਲ ਹੋ ਸਕਦਾ ਸੀ, ਰਿਪੋਰਟ ਹੋਣ ’ਤੇ।...
ਹੁਣ ਵੀ ਥਰਸਿਟੀ ਕਰੋਅ (ਤਿਹਾਇਆ ਕਾਂ) ਮੇਰੇ ਮੋਢੇ ’ਤੇ ਬੈਠਾ ਹੈ।
ਸੰਪਰਕ: 92165-50902