ਕਿਰਤ ਦਾ ਕਤਲ
ਡੀਐੱਸਪੀ ਸ੍ਰੀ ਚਮਕੌਰ ਸਾਹਿਬ ਵਜੋਂ ਨਵੀਂ ਤਾਇਨਾਤੀ ’ਤੇ ਆਇਆਂ ਅਜੇ ਕੁਝ ਹੀ ਦਿਨ ਹੋਏ ਸਨ, ਹਰ ਰੋਜ਼ ਦਫ਼ਤਰ ਆਉਂਦਾ ਜਾਂਦਾ ਦੇਖਦਾ... ਸ਼ਹਿਰ ਦੇ ਬਾਹਰ ਝੁੱਗੀਆਂ ਪਾ ਕੇ ਬੈਠੇ ਸਿਕਲੀਗਰ ਵਣਜਾਰੇ... ਅਣਖੀ ਰਾਜਪੂਤ ... ਲੋਹਾ ਕੁੱਟ ਕੇ ਖੇਤੀ ਦੇ ਵੱਖ-ਵੱਖ ਔਜ਼ਾਰ ਦਾਤੀਆਂ, ਖੁਰਪੇ, ਤੱਕਲੇ, ਖੁਰਚਣੇ, ਬੱਠਲ ਆਦਿ ਬਣਾਉਣੇ, ਮੁਰੰਮਤ ਕਰਨੀ, ਨਾਲ-ਨਾਲ ਬਲਦਾਂ ਦਾ ਵਪਾਰ ਇਨ੍ਹਾਂ ਦਾ ਪੁਸ਼ਤੈਨੀ ਕਿੱਤਾ ਹੈ ਜੋ ਬਚਪਨ ਤੋਂ ਦੇਖ ਰਿਹਾ ਹਾਂ... ਪਰ ਅੱਜ ਕੱਲ੍ਹ ਇਨ੍ਹਾਂ ਦੀਆਂ ਝੁੱਗੀਆਂ ਵਿੱਚੋਂ ਲੋਹਾ ਕੁੱਟਣ ਦੀ ਆਵਾਜ਼ ਕਿਉਂ ਗਾਇਬ ਹੈ, ਭੱਠੀਆਂ ਠੰਢੀਆਂ ਅਤੇ ਹਥੌੜੇ ਛੈਣੀਆਂ ਬੇ-ਹਰਕਤ ਕਿਉਂ ਹਨ? ਇਨ੍ਹਾਂ ਦਾ ਹੱਥੀਂ ਬਣਾਇਆ ਸਮਾਨ ਪਿੰਡਾਂ ਵਿੱਚ ਜਾ ਕੇ ਵੇਚਣ ਵਾਲਾ ਹੋਕਾ ਕਿਉਂ ਗਾਇਬ ਹੈ?
ਇਨ੍ਹਾਂ ਕਿਆਸਾਂ ਵਿੱਚੋਂ ਉੱਤਰ ਤਲਾਸ਼ਦਾ ਹੋਇਆ ਅਕਸਰ ਹੀ ਆਪਣੇ ਦਫ਼ਤਰੀ ਕੰਮ ਵਿੱਚ ਮਸਰੂਫ ਹੋ ਜਾਂਦਾ। ਇੱਕ ਦਿਨ ਦਫ਼ਤਰ ਪਹੁੰਚਿਆ ਹੀ ਸਾਂ ਕਿ ਖਿੜਕੀ ਵਿੱਚੋਂ ਬਾਹਰ ਨਜ਼ਰ ਪਈ... ਗੱਡੀਆਂ ਵਾਲੀਆਂ ਵਣਜਾਰਨਾਂ ਨੂੰ ਮੇਰਾ ਰੀਡਰ ਘੂਰ ਕੇ ਮੋੜਦਾ ਹੋਇਆ ਕਹਿ ਰਿਹਾ ਸੀ- “ਸਾਬ੍ਹ ਨਵਾਂ ਆਇਐ, ਐਵੇਂ ਜਿ਼ਦ ਨਾ ਕਰੋ... ਤੁਸੀਂ ਮੁੜ-ਮੁੜ ਕੇ ਆ ਜਾਂਦੀਆਂ ਹੋ...।”
“ਵੇ ਤੂੰ ਮਿਲ ਲੈਣ ਦੇ ਸਾਨੂੰ ਸਰਦਾਰ ਨੂੰ... ਨਵਾਂ ਆਇਆ ਤਾਂ ਕੀ ਹੋਇਆ, ਅਸਾਂ ਤੇ ਫਰਿਆਦ ਈ ਕਰਨੀ...।” ਉਹ ਤਰਲੇ ਲੈ ਰਹੀਆਂ ਸਨ। ਮੈਂ ਹੈਰਾਨ ਹੋਇਆ ਅਤੇ ਬੇਚੈਨ ਵੀ ਕਿ ਰੀਡਰ ਕਿਉਂ ਮਿਲਣ ਤੋਂ ਰੋਕ ਰਿਹੈ। ਪੁੱਛਿਆ ਤਾਂ ਕਹਿਣ ਲੱਗਾ, “ਅੰਦਰ ਬੁਲਾ ਲੈਂਦਾ ਹਾਂ, ਤੁਸੀਂ ਆਪ ਹੀ ਸੁਣ ਲਵੋ... ਇਹ ਤਾਂ ਹਰ ਤੀਜੇ ਦਿਨ ਆ ਜਾਂਦੀਆਂ।”
“ਹਾਂ ਬੀਬਾ ਜੀ, ਤੁਸੀਂ ਤਾਂ ਬੜੇ ਹੁਨਰਮੰਦ ਕਿਰਤੀ ਲੋਕ ਹੋ, ਕੀ ਸਮੱਸਿਆ ਹੈ?” ਮੈਂ ਸਹਿਜ ਸੁਭਾਅ ਪੁੱਛਿਆ ਤਾਂ ਉਹ ਫਿੱਸ ਪਈਆਂ, “ਵੇ ਸਰਦਾਰਾ, ਅਸਾਡੀ ਤੇ ਜਿ਼ੰਦਗੀ ਹੀ ਅਸਾਡੀ ਸਮੱਸਿਆ ਏ... ਹੁਣ ਕਿਹੜਾ ਹੁਨਰ ਤੇ ਕਾਹਦੀ ਕਿਰਤ... ਬਲਦ ਬੇਲੋੜੇ ਕਰ ਦਿੱਤੇ ਮਸੀ਼ਨਰੀ ਨੇ ਤੇ ਹੁਨਰ ਹੱਥਾਂ ਦਾ ਖੋਹ ਲਿਆ ਪਲਾਸਟਿਕ ਨੇ... ਕੋਈ ਨ੍ਹੀਂ ਕੁਝ ਬਣਵਾਂਵਦਾ ਹੁਣ ਅਸਾਡੇ ਕੋਲੋਂ... ਕੁਝ ਬਣਾਂਵਦੇ ਵੀ ਆਂ ਤਾਂ ਮਿਹਨਤ ਘਣੀ ਲੱਗਦੀ ਤੇ ਮੁੱਲ ਕੋਈ ਪਾਂਵਦਾ ਨਾਂਹੀ... ਨਾ ਕੋਈ ਸਾਡਾ ਘਰ-ਘਾਟ, ਨਾ ਸਰਕਾਰੀ ਸਹੂਲਤ... ਅਸਾਂ ਤਾਂ ਹੁਣ ਤੇਰੇ ਵਰਗੇ ਲੋਕਾਂ ਤੋਂ ਮੰਗ ਖਾਂਵਦੇ ਆਂ... ਤੂੰ ਕੁਝ ਸੌਦਾ ਪੱਤਾ ਲੈ ਦੇ ਰੋਟੀ ਬਣਾਵਣੇ ਲਈ।”
ਹੋਰ ਬੜਾ ਕੁਝ ਕਹਿੰਦੀਆਂ ਪੱਲਾ ਅੱਡ ਕੇ ਖੜੋਤੀਆਂ ਅਣਖੀ ਕੌਮ ਦੀਆਂ ਸਮੇਂ ਹੱਥੋਂ ਲਾਚਾਰ ਔਰਤਾਂ ਇੱਕੋ ਸਾਹੇ ਆਪਣੀ ਜਿ਼ੰਦਗੀ ਦਾ ਪਹਾੜ ਜਿੱਡਾ ਦਰਦ ਬੋਲ ਗਈਆਂ ਸਨ... ਮੈਂ ਅਵਾਕ, ਝੰਜੋੜਿਆ ਗਿਆ ਸਾਂ। ਵਿਕਾਸ ਦੀ ਹਨੇਰੀ ਅੱਗੇ ਤੀਲ੍ਹਾ-ਤੀਲ੍ਹਾ ਹੋ ਕੇ ਤਿਲ-ਤਿਲ ਮਰ ਰਿਹਾ ਹੁਨਰ ਮਜਬੂਰੀ ਵੱਸ ਅਣਖ ਗੈਰਤ ਤਿਆਗ ਕੇ ਭੀਖ ਮੰਗ ਰਿਹਾ ਸੀ। ਇਨ੍ਹਾਂ ਦੀਆਂ ਠੰਢੀਆਂ ਪਈਆਂ ਭੱਠੀਆਂ ਅਤੇ ਖ਼ਾਮੋਸ਼ ਹੋ ਚੁੱਕੇ ਔਜ਼ਾਰਾਂ ਦੀਆਂ ਦਰਦਮਈ ਚੀਕਾਂ ਮੇਰੇ ਕੰਨਾਂ ਵਿੱਚ ਗੂੰਜ ਰਹੀਆਂ ਸਨ। ਚੁਫੇਰੇ ਨਜ਼ਰ ਮਾਰਦਾ ਹੋਇਆ ਪ੍ਰੇਸਾ਼ਨ ਸਾਂ। ਇੰਝ ਜਾਪਿਆ ਜਿਵੇਂ ਉਹ ਮੇਰੇ ਕੋਲੋਂ ਭੀਖ ਨਹੀਂ ਸਗੋਂ ਆਪਣੀ ਕਿਰਤ ਦੇ ਕਤਲ ਦੀ ਕਾਰਵਾਈ ਦੀ ਮੰਗ ਕਰ ਰਹੀਆਂ ਸਨ... ਅਜਿਹੇ ਕਤਲ ਦੀ ਕਾਰਵਾਈ... ਜੋ ਅਸੀਂ ਸਹਿਜੇ ਹੀ ਅਣਗੌਲਿਆ ਕਰ ਰਹੇ ਹਾਂ।...
ਸੰਪਰਕ: 98158-97878