ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚਾਹ ਵਾਲੀ ਕੇਤਲੀ

05:40 AM Apr 28, 2025 IST
featuredImage featuredImage

ਗੋਪਾਲ ਸਿੰਘ ਕੋਟ ਫੱਤਾ
ਦੇਖਣ ਨੂੰ ਤਾਂ ਉਹ ਇੱਕ ਚਾਹ ਵਾਲੀ ਕੇਤਲੀ ਹੀ ਸੀ। ਬਿਲਕੁਲ ਚਿੱਟੀ। ਚੀਨੀ ਮਿੱਟੀ ਦੀ । ਦਾਦਾ ਉਸਨੂੰ ਵੱਡੀ ਸਭਾਤ ਦੀ ਉੱਪਰਲੀ ਕੱਚੀ ਕੰਸ ਦੇ ਵਿੱਚ ਭਾਂਡਿਆਂ ਦੇ ਪਿਛਲੇ ਪਾਸੇ ਲੁਕੋ ਕੇ ਰੱਖਦਾ । ਕਿਸੇ ਨੂੰ ਹੱਥ ਨਾ ਲਾਉਣ ਦਿੰਦਾ । ਕਈ ਵਾਰੀ ਅਸੀਂ ਇਕੱਠੇ ਹੋ ਕੇ ਇਸ ਚੀਨੀ ਦੀ ਕੇਤਲੀ ਵਿੱਚ ਚਾਹ ਪਾ ਕੇ ਪੀਣ ਦੀ ਕੋਸ਼ਿਸ਼ ਕੀਤੀ। ਪਰ ਦਾਦੇ ਨੇ ਕਦੇ ਹੱਥ ਨਾ ਲਾਉਣ ਦਿੱਤਾ। ਜਦੋਂ ਵੀ ਕੇਤਲੀ ਨੂੰ ਕੰਸ ਤੋਂ ਲਾਹੁਣ ਲੱਗਦੇ , ਦਾਦਾ ਗੁੱਸੇ ਹੋ ਕੇ ਸਾਨੂੰ ਉਥੋਂ ਭਜਾ ਦਿੰਦਾ।
ਸਾਲ 1947 ਤੇ ਮਹੀਨਾ ਅਗਸਤ। ਦੇਸ਼ ਵਿੱਚ ਹਫੜਾ ਦਫੜੀ ਮੱਚੀ। ਸਾਡੇ ਪਿੰਡ ਕੋਲ ਮਾਲ ਨਾਲ ਭਰੀ ਇਕ ਗੱਡੀ ਲੁੱਟੀ ਗਈ। ਬਹੁਤ ਸਾਰਾ ਕੀਮਤੀ ਸਮਾਨ ਲੁੱਟਿਆ ਗਿਆ। ਆਸੇ- ਪਾਸੇ ਦੇ ਪਿੰਡਾਂ ਦੇ ਲੋਕ ਵੀ ਇਸ ਲੁੱਟ ਵਿੱਚ ਸ਼ਾਮਿਲ ਹੋ ਗਏ। ਮੇਰੇ ਪਿੰਡ ਦੇ ਕੁਝ ਬੰਦੇ ਮਾਲ ਗੱਡੀ ਵਿੱਚੋਂ ਛੋਟਾ ਮੋਟਾ ਸਮਾਨ ਚੁੱਕ ਕੇ ਲੈ ਆਏ। ਇਸ ਸਾਮਾਨ ਵਿੱਚ ਕੁਛ ਚਾਹ ਦੀਆਂ ਪੇਟੀਆਂ ਵੀ ਸਨ। ਪਿੰਡ ਦਾ ਇੱਕ ਲੱਠਮਾਰ ਬੰਦਾ, ਜਿਸਦੀ ਪਿੰਡ ਵਿੱਚ ਪੂਰੀ ਧਾਂਕ ਸੀ ਅਤੇ ਪਿੰਡ ਦੇ ਲੋਕ ਉਸਦੀ ਦਬਸ਼ ਤੋਂ ਡਰਦੇ ਸਨ, ਇਸ ਲੁੱਟ ਦਾ ਮੋਹਰੀ ਸੀ। ਉਸਨੇ ਕੁਝ ਡਰੂ ਦਿਲ ਦੇ ਲੋਕਾਂ ਨੂੰ ਇਸ ਲੁੱਟ ਵਿੱਚ ਸ਼ਾਮਿਲ ਹੋਣ ਲਈ ਵੱਡੀਆਂ ਵੱਡੀਆਂ ਗੱਲਾਂ ਸੁਣਾ ਕੇ ਆਪਣੇ ਗਰੁੱਪ ਵਿੱਚ ਸ਼ਾਮਿਲ ਕਰ ਲਿਆ ਸੀ। ਪਿੰਡ ਦੇ ਘਰ ਵੀ ਲੁੱਟੇ ਗਏ। ਦਾਦੀ ਦੱਸਦੀ ਹੁੰਦੀ ਸੀ ਕਿ ਗੁਆਂਢ ਵਿੱਚੋਂ ਲੁੱਟੇ ਹੋਏ ਭਾਂਡਿਆਂ ‘ਚੋਂ, ਜਾਂਦੇ ਜਾਂਦੇ ਉਹ ਚੀਨੀ ਮਿੱਟੀ ਦੀ ਇੱਕ ਕੇਤਲੀ ਤੇਰੇ ਦਾਦੇ ਨੂੰ ਫੜਾ ਗਏ ਸੀ, ਕਹਿੰਦੇ ਸੀ, “ਰੱਖ ਲਾ- ਰੱਖ ਲਾ, ਨੰਦ ਸਿਆ ਚਾਹ ਪੀਆ ਕਰਾਂਗੇ ਇਹਦੇ ‘ਚ।” ਦਾਦੇ ਨੇ ਕੰਬਦੇ ਹੱਥਾਂ ਨਾਲ ਕੇਤਲੀ ਤਾਂ ਫੜ ਲਈ ਪਰ ਕਦੇ ਵੀ ਇਸ ਵਿੱਚ ਚਾਹ ਪਾ ਕੇ ਨਹੀਂ ਪੀਤੀ ਅਤੇ ਨਾ ਹੀ ਕਿਸੇ ਨੂੰ ਪੀਣ ਦਿੱਤੀ।
ਦਾਦਾ ਇਸ ਕੇਤਲੀ ਵਿੱਚ ਕੱਪੜੇ ਸਿਉਣ ਵਾਲੀਆਂ ਰੀਲਾਂ, ਛੋਟੀਆਂ ਛੋਟੀਆਂ ਸੂਈਆਂ ਜਾਂ ਵੱਡੀਆਂ ਵੱਡੀਆਂ ਗੁੰਦੂਈਆਂ- ਸੂਈਆਂ ਪਾ ਕੇ ਰੱਖਦਾ ਸੀ। ਉਤੋਂ ਕੇਤਲੀ ਦਾ ਢੱਕਣ ਬੰਦ ਕਰਕੇ ਸਾਡੀ ਨਿਆਣਿਆਂ ਦੀ ਪਹੁੰਚ ਤੋਂ ਦੂਰ ਧਰ ਦਿੰਦਾ। ਲੁੱਟ ਤੋਂ ਦੂਜੇ-ਤੀਜੇ ਦਿਨ ਪਿੰਡ ਵਿੱਚ ਫੌਜ ਆ ਧਮਕੀ। ਹੋਕਾ ਦਿੱਤਾ ਗਿਆ ਕਿ ਜਿਸ ਦੇ ਘਰੇ ਵੀ ਗੱਡੀ ‘ਚੋਂ ਲੁੱਟਿਆ ਸਮਾਨ ਪਿਆ ਹੈ, ਪਿੰਡ ਦੀ ਸਾਂਝੀ ਥਾਂ ‘ਤੇ ਰੱਖ ਦਿੱਤਾ ਜਾਵੇ। ਇੱਕ ਦਿਨ ਦੀ ਮੋਹਲਤ ਦਿੰਦੇ ਹੋਏ, ਇਹ ਵੀ ਤਾੜਨਾ ਕੀਤੀ ਕਿ ਜੇਕਰ ਬਾਅਦ ਵਿੱਚ ਕਿਸੇ ਦੇ ਘਰੋਂ ਲੁੱਟ ਦਾ ਸਮਾਨ ਮਿਲ ਗਿਆ ਤਾਂ ਸਰਕਾਰ ਉਸ ਦੇ ਖਿਲਾਫ ਸਖਤ ਕਾਰਵਾਈ ਕਰੇਗੀ। ਹੋਕਾ ਸੁਣ, ਰੱਬ ਦਾ ਭੈਅ ਮੰਨਣ ਵਾਲੇ ਪਿੰਡ ਦੇ ਕੁਝ ਲੋਕਾਂ ਨੇ, ਜੋ ਵੀ ਸਾਮਾਨ ਉਹਨਾਂ ਦੇ ਘਰਾਂ ਵਿੱਚ ਸੀ, ਰਾਤ ਬਰਾਤੇ, ਪਿੰਡ ਦੇ ਵੱਡੇ ਖੂਹ ਕੋਲ ਤੇ ਪਿੰਡ ਦੇ ਬਾਹਰ ਇੱਕ ਡੇਰੇ ਕੋਲ ਰੱਖ ਦਿੱਤਾ। ਸਾਡੇ ਬਾਬੇ ਨੇ ਕੇਤਲੀ ਕੱਪੜੇ ‘ਚ ਲਪੇਟ ਕੇ ਦੋ ਵਾਰੀ ਪਿੰਡੋਂ ਨਿਕਲਣ ਦੀ ਕੋਸ਼ਿਸ਼ ਕੀਤੀ । ਗਲੀ ਗਲੀ ਵਿੱਚ ਫਿਰਦੀ ਫੌਜ ਦੇ ਖੜਪ-ਖੜਪ ਵੱਜਦੇ ਬੂਟਾਂ ਨੇ ਉਸ ਦੀ ਕੋਈ ਵਾਹ ਨਹੀਂ ਸੀ ਜਾਣ ਦਿੱਤੀ।
ਸ਼ਾਮ ਨੂੰ ਮੀਂਹ ਨੇ ਜੋਰ ਫੜਿਆ। ਦਾਦੇ ਨੇ ਅੱਧੀ ਰਾਤ ਦਰਵਾਜ਼ਾ ਖੋਲ੍ਹਿਆ । ਘਰੋਂ ਕੇਤਲੀ ਚੁੱਕ ਬਾਹਰ ਨੂੰ ਚੱਲ ਪਿਆ। ਸਵੇਰ ਤੋਂ ਹੀ ਹੋ ਰਹੀ ਕਿਣ-ਮਿਣ ਕਰਕੇ ਹੁੰਮਸ ਬਣੀ ਹੋਈ ਸੀ। ਬਾਹਰ ਮੰਜੇ ਡਾਹ ਕੇ ਪੈਂਦੇ ਤਾਂ ਕਣੀਆਂ। ਜੇ ਅੰਦਰ ਪੈਂਦੇ ਤਾਂ ਹੁੰਮਸ ਭਰੀ ਗਰਮੀ। ਗੁਆਂਢ ਵਿੱਚ ਰਹਿੰਦਾ ਬਾਬਾ ਭਾਗ ਅੱਧਾ ਮੰਜਾ ਦਰਵਾਜ਼ੇ ਤੋਂ ਬਾਹਰ ਕੱਢੀ ਜਾਗਦਾ ਪਿਆ ਸੀ। ਦਾਦੇ ਦੇ ਪੈਰਾਂ ਦਾ ਖੜਾਕ ਸੁਣ ਬੋਲਿਆ “ ਕੌਣ ਆਂ ਬਈ “। ਦਾਦਾ ਪੁੱਠੇ ਪੈਰੀਂ ਘਰ ਨੂੰ ਮੁੜ ਆਇਆ। ਸਾਰੀ ਰਾਤ ਜਾਗਦੇ ਨੇ ਕੱਟੀ। ਪਰ ਸਵੇਰ ਹੋਣ ਤੱਕ ਵੀ ਉਹ ਕੇਤਲੀ ਨਾ ਸੁੱਟ ਸਕਿਆ।
ਰਾਤ ਦੇ ਦੋ ਵੱਜ ਚੁੱਕੇ ਸੀ। ਘਰ ਦੇ ਪਿਛਲੇ ਪਾਸੇ ਲੱਗੀ ਹੋਈ ਰੂੜੀ ਕੋਲ ਦੀ ਫੌਜੀ ਟੁਕੜੀ ਲੰਘੀ। ਰੂੜੀ ਕੋਲ ਹੋ ਰਹੇ ਖੜਕੇ ਨੂੰ ਭਾਂਪਦੇ, ਫੌਜ ਨੇ ਲਲਕਾਰਾ ਮਾਰਿਆ । ਨਾ ਬੋਲਣ ‘ਤੇ ਫੌਜ ਦੇ ਇੱਕ ਹੀ ਫਾਇਰ ਨਾਲ ਖੜਕਾ ਬੰਦ ਹੋ ਗਿਆ। ਕੋਈ ਬੰਦਾ ਚਾਹ ਦੀ ਪੇਟੀ ਰੂੜੀ ਵਿੱਚ ਨੱਪਣ ਆਇਆ ਮਾਰਿਆ ਗਿਆ। ਇਹ ਉਹੀ ਬੰਦਾ ਤਾਂ ਸੀ, ਜਿਸ ਬਾਰੇ ਦਾਦਾ ਕਈ ਵਾਰੀ ਗੱਲਾਂ ਕਰਦਾ ਹੁੰਦਾ ਸੀ। ਇਸ ਬੰਦੇ ਨੇ ਹੀ ਅਨਵਰ ਤੇ ਸਲੀਮ ਦਾ ਕਤਲ ਉਹਨਾਂ ਦੀ ਮਾਂ ਦੀਆਂ ਅੱਖਾਂ ਸਾਹਮਣੇ ਕੀਤਾ ਸੀ। ਅਨਵਰ ਦੀ ਮਾਂ, ਸ਼ਾਮੋ ਨੇ ਬੜਾ ਵਾਸਤਾ ਪਾਇਆ ਸੀ, “ ਨਾ ਮਾਰ ਵੇ ਹਾਏ ਹਾਏ ਨਾ ਮਾਰ ਵੇ।” ਦਾਦਾ ਦੱਸਦਾ ਹੁੰਦਾ ਸੀ, ਸ਼ਾਮੋ ਕਹਿੰਦੀ ਕਿ ਜੇ ਤੂੰ ਜਵਾਕ ਮਾਰਨੇ ਈ ਨੇ ਤਾਂ ਮੈਥੋਂ ਦੂਰ ਲਿਜਾ ਕੇ ਮਾਰੀਂ। ਪਰ ਉਸ ਨੇ ਦੋਵੇਂ ਬੱਚੇ ਮਾਂ ਦੀਆਂ ਅੱਖਾਂ ਸਾਹਮਣੇ ਹੀ ਕਤਲ ਕਰ ਦਿੱਤੇ ਸਨ। ਇਹ ਗੱਲ ਸੁਣਾਉਂਦੇ ਸੁਣਾਉਂਦੇ ਦਾਦੇ ਦਾ ਗੱਚ ਭਰ ਆਉਂਦਾ। ਫਿਰ ਮੁੜ ਮੁੜ ਕੇਤਲੀ ਵੱਲ ਵੇਖਦਾ।
ਅਸੀਂ ਇਕੱਠੇ ਹੋ ਕੇ ਇਸ ਕੇਤਲੀ ਵਿੱਚ ਚਾਹ ਪੀਣ ਦੀ ਕਈ ਵਾਰੀ ਸਕੀਮ ਬਣਾਈ। ਪਰ ਕਦੇ ਸਿਰੇ ਨਾ ਚੜ੍ਹੀ। ਇੱਕ ਦਿਨ ਦਾਦੇ ਦੀ ਗ਼ੈਰਹਾਜ਼ਰੀ ਵਿੱਚ, ਮੰਜਾ ਟੇਢਾ ਕਰ ਕੰਧ ਨਾਲ ਲਾਇਆ। ਕੰਸ ਦੇ ਉੱਪਰ ਪਈ ਕੇਤਲੀ ਹੇਠਾਂ ਲਾਹੀ । ਕੇਤਲੀ ਵਿੱਚ ਦਾਦੇ ਦੀਆਂ ਰੱਖੀਆਂ ਧਾਗੇ ਵਾਲੀਆਂ ਰੀਲਾਂ, ਸੂਈਆਂ ਅਤੇ ਕੁੜਤਿਆਂ ‘ਤੇ ਲਾਉਣ ਵਾਲੇ ਬਟਨ ਇੱਕ ਪਾਸੇ ਬਾਟੀ ਵਿੱਚ ਰੱਖ ਦਿੱਤੇ। ਕੇਤਲੀ ਨੂੰ ਪਾਣੀ ਨਾਲ ਧੋਤਾ।
ਬੇਬੇ ਵੱਲੋਂ ਕੀਤੀ ਗਈ ਦੁਪਹਿਰ ਦੀ ਚਾਹ ਦੇ ਦੋ ਪਲੇ ਕੇਤਲੀ ਵਿੱਚ ਪਾ ਲਏ। ਜਦੋਂ ਹੀ ਕੇਤਲੀ ਵਿੱਚੋਂ ਚਾਹ ਬਾਟੀਆਂ ਵਿੱਚ ਪਾਈ। ਦਰਵਾਜ਼ਾ ਖੜਕਿਆ। ਦਾਦਾ ਅੰਦਰ ਆਇਆ। ਕੇਤਲੀ ਵਿੱਚੋਂ ਚਾਹ ਪੀਂਦੇ ਦੇਖ ਦਾਦੇ ਦਾ ਗੁੱਸਾ ਸੱਤਵੇਂ ਅਸਮਾਨ ‘ਤੇ ਚੜ੍ਹ ਗਿਆ। ਉਸਨੇ ਕੇਤਲੀ ਚੁੱਕੀ । ਘਰ ਦੇ ਇਕ ਕੋਨੇ ਵਿੱਚ ਜਾ ਕੇ ਰੋਂਦੇ ਰੋਂਦੇ ਦਾਦੇ ਨੇ ਸੱਬਲ ਨਾਲ ਕੇਤਲੀ ਕੀਚਰ ਕੀਚਰ ਕਰ ਦਿੱਤੀ। ਦਾਦਾ, ਟੁੱਟੀ ਹੋਈ ਕੇਤਲੀ ਦਾ ਕਚਰਾ ਇੱਕ ਬੱਠਲ ਵਿਚ ਪਾ, ਆਪਣੇ ਯਾਰ ਰਹਿਮਤ ਅਲੀ ਦੇ ਘਰ ਵਾਲੀ ਸੁੰਨਸਾਨ ਥਾਂ ‘ਤੇ ਸੁੱਟ ਆਇਆ। ਹੁਣ ਰਹਿਮਤ ਅਲੀ ਦੇ ਘਰ ਦਾ ਮਲਬਾ ਅਤੇ ਕੇਤਲੀ ਦਾ ਕਚਰਾ ਇੱਕ ਥਾਂ ਇਕੱਠੇ ਹੋ ਗਏ ਸਨ ਤੇ ਮੈਨੂੰ ਯਾਦ ਹੈ ਉਸ ਦਿਨ ਆਥਣ ਦਾਦੇ ਨੇ ਰੋਟੀ ਨਹੀਂ ਸੀ ਖਾਧੀ।
ਸੰਪਰਕ: 9780888780

Advertisement

Advertisement