ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੌਮਾਂਤਰੀ ਮਜ਼ਦੂਰ ਦਿਵਸ ਵਿੱਚ ਔਰਤਾਂ ਦੀ ਭੂਮਿਕਾ ਅਤੇ ਯੋਗਦਾਨ

04:24 AM May 01, 2025 IST
featuredImage featuredImage

ਕੰਵਲਜੀਤ ਕੌਰ ਗਿੱਲ

Advertisement

ਸ਼ਿਕਾਗੋ ਸ਼ਹਿਰ ਵਿੱਚ ਹੇਮਾਰਕੀਟ ਸਕੁਏਅਰ ’ਤੇ ਵਾਪਰੇ ਸਾਕੇ ਦੌਰਾਨ 4 ਮਈ 1886 ਨੂੰ ਆਪਣੀਆਂ ਹੱਕੀ ਮੰਗਾਂ ਲਈ ਮੁਜ਼ਾਹਰਾ ਕਰਦੇ ਹੋਏ ਮਜ਼ਦੂਰਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਹਰ ਸਾਲ ਪਹਿਲੀ ਮਈ ਨੂੰ ਮਜ਼ਦੂਰ ਦਿਵਸ ਵਜੋਂ ਯਾਦ ਕੀਤਾ ਜਾਂਦਾ ਹੈ। ਇਸ ਮਹਾਨ ਮਜ਼ਦੂਰ ਅੰਦੋਲਨ ਵਿੱਚ ਮਰਦ ਅਤੇ ਔਰਤਾਂ ਨੇ ਸਾਂਝੇ ਤੌਰ ’ਤੇ ਸ਼ਮੂਲੀਅਤ ਹੀ ਨਹੀਂ ਕੀਤੀ ਸਗੋਂ ਔਰਤਾਂ ਨੇ ਲੀਡਰਸ਼ਿਪ ਦੀ ਭੂਮਿਕਾ ਵੀ ਅਦਾ ਕੀਤੀ ਸੀ। ਇਹ ਉਹ ਸਮਾਂ ਸੀ ਜਦੋਂ ਔਰਤ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਕਮਜ਼ੋਰ ਸਮਝਿਆ ਜਾਂਦਾ ਸੀ। ਕੁਝ ਖਿੱਤਿਆਂ ਵਿੱਚ ਔਰਤ ਦਾ ਕੰਮ ਕਰਨਾ ਵੀ ਲਗਭਗ ਵਰਜਿਤ ਸੀ; ਜਿਵੇਂ ਕੋਲੇ ਦੀਆਂ ਖਾਣਾਂ, ਲੰਮੇ ਸਮੇਂ ਦੀਆਂ ਹਵਾਈ ਉਡਾਣਾਂ ਆਦਿ। ਪਰ ਸ਼ਿਕਾਗੋ ਦੀ ਇੰਟਰਨੈਸ਼ਨਲ ਵਰਕਿੰਗ ਪੀਪਲਜ਼ ਐਸੋਸੀਏਸ਼ਨ ਨੇ ਮਰਦ ਔਰਤ ਨਾ-ਬਰਾਬਰੀ ਨੂੰ ਨਕਾਰਦੇ ਹੋਏ ਸਾਰੇ ਵਰਕਰਾਂ ਨੂੰ ਹਰ ਪੱਖ ਤੋਂ ਬਰਾਬਰ ਕਰਾਰ ਦਿੱਤਾ। ਐਸੋਸੀਏਸ਼ਨ ਨਾਲ ਸਬੰਧਿਤ ਔਰਤਾਂ ਇਸ ਬਰਾਬਰੀ ਦੀ ਉਮੀਦ ’ਤੇ ਪੂਰੀਆਂ ਉਤਰਦੀਆਂ ਸਨ।
ਘਟਨਾ ਕ੍ਰਮ ਅਨੁਸਾਰ ਦੇਖਿਆ ਜਾਵੇ ਤਾਂ 25 ਅਪਰੈਲ ਤੋਂ 4 ਮਈ 1886 ਦੇ 10 ਦਿਨਾਂ ਦੌਰਾਨ ਸ਼ਹਿਰ ਦੇ ਸਾਧਾਰਨ ਵਰਕਰ, ਸਮਾਜ ਸੁਧਾਰਕ, ਸਮਾਜਵਾਦੀ ਤੇ ਅਰਾਜਕਤਾਵਾਦੀ, ਸਾਰੇ ਇਕੱਠੇ ਹੋ ਕੇ ਬਾਹਰ ਸੜਕਾਂ ਉੱਪਰ ਨਿਕਲ ਆਏ। ਉਨ੍ਹਾਂ ਆਪਣੇ ਕੰਮ ਦੇ ਹਾਲਾਤ ਵਿੱਚ ਸੁਧਾਰ ਅਤੇ ਤਬਦੀਲੀ ਲਈ ਕਰੀਬ 19 ਮੀਟਿੰਗਾਂ ਕੀਤੀਆਂ। ਪਹਿਲੀ ਮਈ ਤੋਂ 35000 ਵਰਕਰ ਹੋਰ ਉਨ੍ਹਾਂ ਵਿੱਚ ਸ਼ਾਮਿਲ ਹੋ ਗਏ। ਇਸੇ ਦੌਰਾਨ 3-4 ਮਈ ਨੂੰ 10 ਹਜ਼ਾਰ ਦੇ ਲਗਭਗ ਹੋਰ ਹੁਨਰਮੰਦ ਅਤੇ ਗੈਰ-ਹੁਨਰਮੰਦ ਵਰਕਰਾਂ ਦੇ ਸ਼ਾਮਲ ਹੋਣ ਨਾਲ ਕਾਫ਼ਲਾ ਵਧਦਾ ਗਿਆ। ਉਨ੍ਹਾਂ 8 ਘੰਟੇ ਪ੍ਰਤੀ ਦਿਨ ਕੰਮ ਦੀ ਮੰਗ ਉਭਾਰ ਕੇ ਰੱਖੀ, ਇਹ ਵਰਕਰ ਪਹਿਲਾਂ 10 ਤੋਂ 12 ਘੰਟੇ ਪ੍ਰਤੀ ਦਿਨ ਕੰਮ ਕਰ ਰਹੇ ਸਨ। ਇਸ ਦੌਰਾਨ ਅੰਦੋਲਨਕਾਰੀਆਂ ਅਤੇ ਪੁਲੀਸ ਵਿਚਕਾਰ ਘੱਟੋ-ਘੱਟ 12 ਵਾਰ ਝੜਪਾਂ ਹੋਈਆਂ ਜਿਸ ਵਿੱਚ ਪੁਲੀਸ ਨੇ ਗੋਲੀ ਵੀ ਚਲਾਈ।
ਮੈਕ ਕੌਰਮਿਕ ਰੀਪਰ ਪਲਾਂਟ ਵਿੱਚ ਵੀ ਹੜਤਾਲ ਚੱਲ ਰਹੀ ਸੀ ਜਿਸ ਵਿੱਚ 3 ਮਈ ਨੂੰ ਹਿੰਸਾ ਭੜਕ ਉੱਠੀ। ਪੁਲੀਸ ਗੋਲੀ ਨਾਲ ਦੋ-ਤਿੰਨ ਮਜ਼ਦੂਰ ਮਾਰੇ ਗਏ। ਇਸ ਦਾ ਵਿਰੋਧ ਕਰਨ ਲਈ ਹੇਮਾਰਕੀਟ ਸਟਰੀਟ ’ਤੇ ਮਜ਼ਦੂਰਾਂ ਦਾ ਇਕੱਠ ਕੀਤਾ ਗਿਆ ਤੇ ਵੱਡੀ ਪੱਧਰ ’ਤੇ ਹੜਤਾਲ ਦਾ ਸੱਦਾ ਦਿੱਤਾ। 4 ਮਈ ਨੂੰ ਸ਼ਾਂਤਮਈ ਹੜਤਾਲ ਚੱਲ ਰਹੀ ਸੀ, ਤਕਰੀਰਾਂ ਆਦਿ ਹੋ ਰਹੀਆਂ ਸਨ। ਉਧਰ ਮੇਅਰ, ਸੀਐੱਚ ਹੈਰੀਸਨ ਨੇ ਪੁਲੀਸ ਕਰਮਚਾਰੀਆਂ ਨੂੰ ਮੀਟਿੰਗ ਵਿੱਚ ਕਿਸੇ ਪ੍ਰਕਾਰ ਦੀ ਗੜਬੜੀ ਆਦਿ ਨਾ ਕਰਨ ਦੀ ਹਦਾਇਤ ਦਿੱਤੀ ਹੋਈ ਸੀ। ਅਚਾਨਕ ਭੀੜ ਵਿੱਚੋਂ ਪੁਲੀਸ ਵੱਲ ਬੰਬ ਡਿੱਗਣ ਦੀ ਆਵਾਜ਼ ਆਈ। ਉੱਧਰੋਂ ਪੁਲੀਸ ਨੇ ਵੀ ਅੰਨ੍ਹੇਵਾਹ ਗੋਲੀਆਂ ਦੀ ਵਾਛੜ ਕਰ ਦਿੱਤੀ। ਲਗਭਗ 60 ਦੇ ਕਰੀਬ ਪੁਲੀਸ ਕਰਮਚਾਰੀ ਜ਼ਖਮੀ ਹੋਏ ਅਤੇ 8 ਦੀ ਮੌਤ ਹੋ ਗਈ। ਵਰਕਰਾਂ ਵਿੱਚੋਂ ਕਿੰਨੇ ਜ਼ਖਮੀ ਹੋਏ ਤੇ ਕਿੰਨੇ ਮਾਰੇ ਗਏ, ਉਨ੍ਹਾਂ ਦੀ ਗਿਣਤੀ ਬਾਰੇ ਕਿਸੇ ਅਖ਼ਬਾਰ ਆਦਿ ਵਿੱਚ ਰਿਪੋਰਟਿੰਗ ਨਹੀਂ ਹੋਈ। ਇਸ ਨਾਲ ਵੱਡੀ ਪੱਧਰ ’ਤੇ ਇਨਕਲਾਬੀ ਵਿਚਾਰਧਾਰਾ ਤੋਂ ਪ੍ਰਭਾਵਿਤ ਮਜ਼ਦੂਰ ਅੰਦੋਲਨ ਖੜ੍ਹੇ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਜਿਸ ਨੇ ਬਾਅਦ ਵਿੱਚ ਜਲਦੀ ਹੀ ਵੱਡੇ ਅੰਦੋਲਨ ਦਾ ਰੂਪ ਧਾਰ ਲਿਆ। ਪੁਲੀਸ ਨੇ ਅਨੇਕ ਗ੍ਰਿਫਤਾਰੀਆਂ ਵੀ ਕੀਤੀਆਂ ਪਰ ਬੰਬ ਕਿਸ ਨੇ ਸੁੱਟਿਆ, ਇਸ ਦਾ ਅੰਤ ਤੱਕ ਪਤਾ ਨਾ ਲੱਗ ਸਕਿਆ। ਭਾਸ਼ਣਾਂ ਅਤੇ ਲਿਖਤਾਂ ਦੇ ਆਧਾਰ ਉੱਪਰ ਹੀ 8 ਵਰਕਰਾਂ ਉੱਪਰ ਮੁਕੱਦਮਾ ਦਰਜ ਹੋ ਗਿਆ। ਇਨ੍ਹਾਂ ਵਿੱਚੋਂ ਸੱਤ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਬਾਕੀ ਸਾਥੀਆਂ ਦੀ ਅਪੀਲ ’ਤੇ ਕੋਈ ਗੌਰ ਨਾ ਕੀਤਾ ਗਿਆ। ਇਨ੍ਹਾਂ ਵਿੱਚੋਂ ਚਾਰ ਵਰਕਰਾਂ ਨੂੰ ਕੁੱਕ ਕਾਊਂਟੀ ਦੀ ਜੇਲ੍ਹ ਵਿੱਚ 11 ਨਵੰਬਰ 1887 ਵਾਲੇ ਦਿਨ ਫਾਂਸੀ ’ਤੇ ਲਟਕਾ ਦਿੱਤਾ ਗਿਆ ਅਤੇ ਇੱਕ ਨੇ ਆਤਮ-ਹੱਤਿਆ ਕਰ ਲਈ। ਬਾਕੀ ਤਿੰਨਾਂ ਵਿਰੁੱਧ ਕੋਈ ਠੋਸ ਸਬੂਤ ਨਾ ਹੋਣ ਕਰ ਕੇ ਉਨ੍ਹਾਂ ਨੂੰ ਛੱਡ ਦਿੱਤਾ ਗਿਆ।
ਮਜ਼ਦੂਰ ਦਿਵਸ ਵਿੱਚ ਔਰਤਾਂ ਦੀ ਅਹਿਮ ਭੂਮਿਕਾ ਰਹੀ ਹੈ। ਚੇਤਨ ਔਰਤਾਂ ਨੇ ਔਰਤ ਮਜ਼ਦੂਰਾਂ ਨੂੰ ਵੀ ਹੋਰ ਮਜ਼ਦੂਰਾਂ ਵਾਂਗ ਆਪਣੇ ਹੱਕਾਂ ਲਈ ਪ੍ਰੇਰਨ, ਮਜ਼ਦੂਰ ਯੂਨੀਅਨ ਨਾਲ ਜੁੜਨ ਅਤੇ ਆਪਣੇ ਕੰਮਕਾਜ ਦੇ ਹਾਲਾਤ ਵਿੱਚ ਸੁਧਾਰ ਲਈ ਇਕੱਠੇ ਹੋ ਕੇ ਆਵਾਜ਼ ਉਠਾਉਣ ਲਈ ਜਾਗਰੂਕ ਕੀਤਾ। ਮੈਰੀ ਜੌਹਨ ਪਹਿਲੀ ਔਰਤ ਸੀ ਜਿਸ ਨੇ ਵਰਕਰਾਂ ਦੇ ਹੱਕਾਂ ਲਈ ਆਵਾਜ਼ ਉਠਾਈ। ਲੂਸੀ ਪਾਰਸਨ, ਅਲਾਈਸ ਪਾਲ, ਹੈਰੀਅਟ ਸਟੈਨਟਨ ਆਦਿ ਵਰਗੀਆਂ ਔਰਤਾਂ ਨੇ ਇਸ ਅੰਦੋਲਨ ਦੌਰਾਨ ਆਪਣੇ ਮਰਦ ਸਾਥੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ। ਲੂਸੀ ਪਾਰਸਨ ਪਹਿਲੀ ਔਰਤ ਸੀ ਜਿਸ ਨੇ ਮਈ ਦਿਵਸ ਵਿੱਚ ਅਹਿਮ ਭੂਮਿਕਾ ਨਿਭਾਈ। ਉਹ ਇੰਟਰਨੈਸ਼ਨਲ ਲੇਡੀਜ਼ ਗਾਰਮੈਂਟ ਵਰਕਰ ਯੂਨੀਅਨ ਦੀ ਪ੍ਰਧਾਨ ਸੀ ਜਿਸ ਨੇ ਸਭ ਤੋਂ ਪਹਿਲਾਂ ਉਦਯੋਗਾਂ ਵਿੱਚ ਰੋਜ਼ਾਨਾ 8 ਘੰਟੇ ਕੰਮ ਦੀ ਮੰਗ ਕੀਤੀ ਸੀ। ਲੂਸੀ ਪਾਰਸਨ ਅਤੇ ਲਿਜੀ ਹੋਲਮਸ ਅਜਿਹੀਆਂ ਔਰਤਾਂ ਸਨ ਜਿਨ੍ਹਾਂ ਨੇ ਨਾ ਕੇਵਲ ਆਪਣੇ ਹੱਕਾਂ ਲਈ ਹੋਰ ਔਰਤਾਂ ਨੂੰ ਸੁਚੇਤ ਕੀਤਾ ਸਗੋਂ ਉਹ ਲੁਕ ਛਿਪ ਕੇ ਇਨਕਲਾਬੀ ਸਹਿਤ ਵੀ ਵੰਡਦੀਆਂ ਸਨ। ਰੈਲੀਆਂ ਦੌਰਾਨ ਉਹ ਦੋਵੇਂ ਸਪਸ਼ਟ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਭਾਸ਼ਣ ਆਦਿ ਵੀ ਕਰਦੀਆਂ। ਦ੍ਰਿੜਤਾ ਅਤੇ ਦਲੇਰੀ ਵਾਲੀਆਂ ਤਕਰੀਰਾਂ ਸਦਕਾ ਉਨ੍ਹਾਂ ਨੂੰ ਪੁਲੀਸ ਅਤੇ ਹਾਕਮਾਂ ਦੀਆਂ ਜ਼ਿਆਦਤੀਆਂ ਦਾ ਸਾਹਮਣਾ ਕਰਨਾ ਪੈਂਦਾ। ਉਨ੍ਹਾਂ ਨੂੰ ਕਈ ਵਾਰ ਡਰਾਇਆ ਧਮਕਾਇਆ ਵੀ ਗਿਆ। ਫਾਂਸੀ ’ਤੇ ਲਟਕਾਏ ਅਲਬਰਟ ਪਾਰਸਲ ਦੀ ਪਤਨੀ ਲੂਸੀ ਪਾਰਸਲ ਕੋਲ ਕਢਾਈ ਵਾਲਾ ਲਾਲ ਰੰਗ ਦਾ ਝੰਡਾ ਸੀ ਜਿਹੜਾ ਰੋਸ ਪ੍ਰਦਰਸ਼ਨ ਦੌਰਾਨ ਉਹ ਹਮੇਸ਼ਾ ਆਪਣੇ ਕੋਲ ਰੱਖਦੀ। ਉਸ ਨੇ ਆਪਣੇ ਪਤੀ ਦੀ ਦੇਹ ਇਸ ਝੰਡੇ ਵਿਚ ਲਪੇਟ ਦਿੱਤੀ। ਮੇਅਰ ਨੇ ਭਾਵੇਂ ਅੰਤਿਮ ਯਾਤਰਾ ਦੌਰਾਨ ਲਾਲ ਰੰਗ ਜਾਂ ਲਾਲ ਰੰਗ ਦੇ ਝੰਡੇ ਦੀ ਵਰਤੋਂ ਤੋਂ ਗੁਰੇਜ਼ ਕਰਨ ਦੇ ਹੁਕਮ ਦਿੱਤੇ ਸਨ ਪਰ ਉਹ ਦ੍ਰਿੜ ਸੀ ਕਿ ਲਾਲ ਝੰਡਾ ਉਸ ਦੇ ਪਤੀ ਦੀ ਕਬਰ ਤੱਕ ਜਾਵੇਗਾ। ਇਹ ਅੰਤਿਮ ਯਾਤਰਾ 1,25,000 ਦੇ ਕਰੀਬ ਮਜ਼ਦੂਰਾਂ ਨਾਲ ਸ਼ਾਂਤਮਈ ਢੰਗ ਨਾਲ ਸ਼ਿਕਾਗੋ ਦੀਆਂ ਗਲੀਆਂ ਵਿੱਚੋਂ ਨਿਕਲੀ। ਬਾਅਦ ਵਿੱਚ ਲੂਸੀ ਪਾਰਸਨ ਨੇ ਆਪਣੀਆਂ ਸਹਿਯੋਗੀ ਔਰਤ ਵਰਕਰਾਂ ਦੀ ਸਹਾਇਤਾ ਨਾਲ 1887 ਵਿੱਚ ਅਲਬਰਟ ਪਾਰਸਨ ਦੀ ਕਿਤਾਬ ਛਪਵਾਈ ਜਿਸ ਦੀਆਂ 300 ਕਾਪੀਆਂ ਵੰਡੀਆਂ ਗਈਆਂ, ਬਾਕੀ ਪੁਲੀਸ ਨੇ ਜ਼ਬਤ ਕਰ ਲਈਆਂ।
ਇਹ ਔਰਤਾਂ ਦੇ ਅਣਥੱਕ ਯਤਨਾਂ ਦਾ ਨਤੀਜਾ ਸੀ ਕਿ ਉਹ ਆਪਣੇ ਮਰਦ ਸਾਥੀਆਂ ਦੇ ਸਹਿਯੋਗ ਨਾਲ ਆਪਣੇ ਰੁਜ਼ਗਾਰ ਨਾਲ ਸਬੰਧਿਤ ਮੰਗਾਂ ਮਨਵਾਉਣ ਵਿੱਚ ਕਾਮਯਾਬ ਹੋਈਆਂ। 1911 ਵਿੱਚ ਨਿਊਯਾਰਕ ਦੀ ਸ਼ਰਟਵੇਸਟ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ ਅਤੇ ਸੁਰੱਖਿਆ ਪ੍ਰਬੰਧਾਂ ਦੀ ਅਣਹੋਂਦ ਕਾਰਨ 150 ਦੇ ਕਰੀਬ ਔਰਤ ਮਜ਼ਦੂਰ ਝੁਲਸ ਗਈਆਂ। ਇਸ ਘਟਨਾ ਕਾਰਨ 1913 ਵਿੱਚ ਅਮਰੀਕਾ ਦਾ ਕਿਰਤ (ਲੇਬਰ) ਵਿਭਾਗ ਹੋਂਦ ਵਿੱਚ ਆਇਆ ਜਿਸ ਦਾ ਮੁੱਖ ਕਾਰਜ ਅਮਰੀਕਾ ਦੀ ਸਰਕਾਰ ਨੂੰ ਮਜ਼ਦੂਰਾਂ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਜਾਣੂ ਕਰਵਾਉਣਾ ਸੀ। ਮਜ਼ਦੂਰ ਔਰਤਾਂ ਦੇ ਕਾਨੂੰਨੀ ਅਧਿਕਾਰਾਂ ਦੀ ਸੁਰੱਖਿਆ ਵਾਸਤੇ ਅਮਰੀਕੀ ਕਾਂਗਰਸ ਨੇ 1913 ਵਿੱਚ ਲੇਬਰ ਵਿਮੈੱਨ ਬਿਊਰੋ ਬਣਾਇਆ। 1920 ਵਿੱਚ ਸੰਵਿਧਾਨਿਕ ਸੋਧ ਤੋਂ ਬਾਅਦ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਵੀ ਮਿਲ ਗਿਆ। ਉਥੋਂ ਦੀ ਸੁਪਰੀਮ ਕੋਰਟ ਨੇ ਔਰਤਾਂ ਨੂੰ ਮਜ਼ਦੂਰ ਯੂਨੀਅਨ ਵਿੱਚ ਸ਼ਮੂਲੀਅਤ ਵਾਸਤੇ ਅਤੇ ਵੱਖਰੀਆਂ ਯੂਨੀਅਨਾਂ ਬਣਾਉਣ ਦਾ ਅਧਿਕਾਰ ਵੀ ਦਿੱਤਾ।
ਮਜ਼ਦੂਰ ਦਿਵਸ ਤੋਂ ਸਬਕ ਲੈਂਦੇ ਹੋਏ ਅੱਜ ਸਾਰੀਆਂ ਜਾਗਰੂਕ ਜਥੇਬੰਦੀਆਂ, ਸੰਸਥਾਵਾਂ, ਖਾਸ ਤੌਰ ’ਤੇ ਔਰਤ ਜਥੇਬੰਦੀਆਂ ਨੂੰ ਗੁਜ਼ਾਰਿਸ਼ ਹੈ ਕਿ ਉਹ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਸਾਂਝੇ ਤੌਰ ’ਤੇ ਕਦਮ ਚੁੱਕਣ। ਆਓ ਪ੍ਰਣ ਕਰੀਏ ਕਿ ਹੁਣ ਜਿਹੜੇ ਵੀ ਸੰਘਰਸ਼ ਜਾਂ ਅੰਦੋਲਨ ਕੀਤੇ ਜਾਣਗੇ, ਉਹ ਕਿਸੇ ਖਾਸ ਹੁਕਮਰਾਨ ਪਾਰਟੀ ਦੇ ਇਸ਼ਾਰਿਆਂ ’ਤੇ ਨਹੀਂ ਹੋਣਗੇ ਅਤੇ ਨਾ ਹੀ ਫਿਰਕੂ ਫਸਾਦਾਂ ਨੂੰ ਭੜਕਾਉਣ ਲਈ। ਇਹੀ ਮਈ ਦਿਵਸ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਸੰਪਰਕ: 98551-22857

Advertisement
Advertisement