ਮਈ ਦਿਵਸ: ਤਿੰਨ ਸ਼ਖ਼ਸੀਅਤਾਂ ਦਾ ਸਨਮਾਨ
ਅਮੋਲਕ ਸਿੰਘ
ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਪਹਿਲੀ ਮਈ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਸਾਲਾਨਾ ਸਮਾਗਮ ਦੌਰਾਨ ਮਾਣਮੱਤੇ ਕਵੀ ਸੁਰਿੰਦਰ ਧੰਜਲ, ਕਲਮ ਤੇ ਸੰਘਰਸ਼ ਦੇ ਸੰਗਰਾਮੀਏ ਬੂਟਾ ਸਿੰਘ ਮਹਿਮੂਦਪੁਰ ਅਤੇ ਜੁਝਾਰੂ ਰੰਗ ਕਰਮੀ ਸੁਮਨ ਲਤਾ ਨੂੰ ਗੁਰਸ਼ਰਨ ਕਲਾ ਸਨਮਾਨ ਨਾਲ ਸਨਮਾਨਿਤ ਕਰ ਰਿਹਾ ਹੈ।
ਇਨਕਲਾਬੀ ਪੰਜਾਬੀ ਕਾਵਿ-ਧਾਰਾ ਦੇ ਜਾਣੇ-ਪਛਾਣੇ ਕਵੀ, ਆਲੋਚਕ, ਨਾਟਕ ਨਿਰਦੇਸ਼ਕ, ਕਲਾਕਾਰ ਤੇ ਕੰਪਿਊਟਰ ਵਿਗਿਆਨੀ ਸੁਰਿੰਦਰ ਧੰਜਲ ਨੇ ਆਪਣੀ ਨਿਵੇਕਲੀ ਪਛਾਣ ਬਣਾਈ ਹੈ। ਉਹ ਕੈਮਲੂਪਸ (ਬ੍ਰਿਟਿਸ਼ ਕੋਲੰਬੀਆ, ਕੈਨੇਡਾ) ਦੀ ਯੂਨੀਵਰਸਿਟੀ ਵਿੱਚ ਕੰਪਿਊਟਿੰਗ ਸਾਇੰਸ ਦਾ ਅਧਿਆਪਕ ਅਤੇ ਪਾਸ਼ ਯਾਦਗਾਰੀ ਕੌਮਾਂਤਰੀ ਟਰਸਟ ਦਾ ਕਨਵੀਨਰ ਹੈ। ਉਨ੍ਹਾਂ ਖ਼ੁਦ ਅੱਗੇ ਲੱਗ ਕੇ ਪਾਸ਼ ਯਾਦਗਾਰੀ ਕੌਮਾਂਤਰੀ ਟਰਸਟ ਦੀ ਸਿਰਜਣਾ ਕੀਤੀ ਅਤੇ ਪਿੰਡ ਤਲਵੰਡੀ ਸਲੇਮ ਵਿੱਚ ਪਾਸ਼ ਹੰਸ ਰਾਜ ਯਾਦਗਾਰੀ ਕੰਪਲੈਕਸ ਦੀ ਉਸਾਰੀ ਕੀਤੀ।
ਸੁਰਿੰਦਰ ਧੰਜਲ ਦਾ ਜਨਮ 22 ਮਾਰਚ 1950 ਨੂੰ ਪਿੰਡ ਚੱਕ ਭਾਈਕਾ (ਜਿ਼ਲ੍ਹਾ ਲੁਧਿਆਣਾ) ਵਿੱਚ ਹੋਇਆ। ਉਨ੍ਹਾਂ 1971 ਵਿੱਚ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਲੁਧਿਆਣਾ ਤੋਂ ਇਲੈਕਟ੍ਰੀਕਲ ਇੰਜਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ। 1972 ਵਿੱਚ ਕੈਨੇਡਾ ਪੁੱਜ ਕੇ ਵੀ ਪੜ੍ਹਾਈ ਜਾਰੀ ਰੱਖੀ ਅਤੇ 1980 ਵਿੱਚ ਯੂਨੀਵਰਸਿਟੀ ਆਫ ਵਿੰਡਜ਼ਰ (ਉਨਟੇਰੀਓ) ਤੋਂ ਮਾਸਟਰ ਆਫ ਅਪਲਾਈਡ ਸਾਇੰਸ (ਇਲੈਕਟ੍ਰੀਕਲ ਇੰਜਨੀਅਰਿੰਗ) ਦੀ ਡਿਗਰੀ ਲਈ। 1988 ਵਿੱਚ ਮੈਕਮਾਸਟਰ ਯੂਨੀਵਰਸਿਟੀ ਆਫ ਹੈਮਿਲਟਨ ਤੋਂ ਕੰਪਿਊਟਰ ਸਾਇੰਸ ਦੀ ਮਾਸਟਰਜ਼, 2005 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪੰਜਾਬੀ ਵਿੱਚ ਪੀਐੱਚਡੀ ਅਤੇ 2014 ਵਿੱਚ ਥਾਪਰ ਯੂਨੀਵਰਸਿਟੀ ਪਟਿਆਲਾ ਤੋਂ ਕੰਪਿਊਟਰ ਸਾਇੰਸ ਵਿੱਚ ਪੀਐੱਚਡੀ ਪ੍ਰਾਪਤ ਕੀਤੀ। 1985 ਵਿੱਚ ਉਹ ਯੂਨੀਵਰਸਿਟੀ ਆਫ ਅਲਬਰਟਾ, ਐਡਮੰਟਨ ਵਿੱਚ ਕੰਪਿਊਟਿੰਗ ਸਾਇੰਸ ਦੇ ਅਸਿਸਟੈਂਟ ਪ੍ਰੋਫੈਸਰ ਬਣੇ। ਇੱਥੇ ਉਨ੍ਹਾਂ 1989 ਤੱਕ ਪੜ੍ਹਾਇਆ। ਫਿਰ ਟਾਮਸਨ ਰਿਵਰਜ਼ ਯੂਨੀਵਰਸਿਟੀ, ਕੈਮਲੂਪਸ ਆ ਗਏ। ਉਦੋਂ ਤੋਂ 2017 ਤੱਕ ਇਸ ਯੂਨੀਵਰਸਿਟੀ ਵਿੱਚ ਪੜ੍ਹਾਇਆ। ਹੁਣ ਤੱਕ ਉਨ੍ਹਾਂ ਦੀਆਂ ਛੇ ਕਿਤਾਬਾਂ ਛਪ ਚੁੱਕੀਆਂ ਹਨ। ਕਵਿਤਾ ਦੀ ਪਹਿਲੀ ਕਿਤਾਬ ‘ਸੂਰਜਾਂ ਦੇ ਹਮਸਫਰ’ 1972 ਵਿੱਚ ਛਪੀ। ਉਹ ਕੈਨੇਡਾ ਦੇ ਸਾਹਿਤਕ ਤੇ ਸਭਿਆਚਾਰਕ ਰਸਾਲੇ ‘ਵਤਨੋਂ ਦੂਰ’ ਦੇ ਮੋਢੀ ਸੰਪਾਦਕ ਸਨ। ਇਹ ਰਸਾਲਾ 1973 ਤੋਂ ਅਪਰੈਲ 1986 ਤੱਕ ਚੱਲਿਆ। ਉਹ 1973 ਵਿੱਚ ਬਣੀ ਪੰਜਾਬੀ ਲਿਟਰੇਰੀ ਐਸੋਸੀਏਸ਼ਨ ਦੇ ਪਹਿਲੇ ਜਨਰਲ ਸਕੱਤਰ ਬਣੇ। ਉਨ੍ਹਾਂ ਦਸੰਬਰ 1970 ਵਿੱਚ ਵੈਨਕੂਵਰ (ਕੈਨੇਡਾ) ਵਿੱਚ ਪਹਿਲੀ ਵਾਰ ਹੋਏ ਪੰਜਾਬੀ ਨਾਟਕ ‘ਤੀਜੀ ਪਾਸ’ ਦਾ ਨਿਰਦੇਸ਼ਨ ਕੀਤਾ। ਫਿਰ 1984 ਵਿੱਚ ਇਕ ਹੋਰ ਨਾਟਕ ‘ਇਨਕਲਾਬ ਜ਼ਿੰਦਾਬਾਦ’ ਦਾ ਨਿਰਦੇਸ਼ਨ ਕੀਤਾ। ਉਨ੍ਹਾਂ ਦੀਆਂ ਹੋਰ ਕਿਤਾਬਾਂ ਦੇ ਨਾਂ ਹਨ: ‘ਤਿੰਨ ਕੋਣ’ (1979), ‘ਜ਼ਖ਼ਮਾਂ ਦੀ ਫ਼ਸਲ’ (1985), ‘ਪਾਸ਼ ਦੀ ਯਾਦ ਵਿੱਚ: ਦਸ ਕਵਿਤਾਵਾਂ’ (1991), ‘ਕਵਿਤਾ ਦੀ ਲਾਟ’ (2011), ‘ਨਾਟਕ, ਰੰਗਮੰਚ, ਆਤਮਜੀਤ ਅਤੇ ਕੈਮਲੂਪਸ ਦੀਆਂ ਮੱਛੀਆਂ’ (1998)।
ਸਾਥੀ ਬੂਟਾ ਸਿੰਘ ਮਹਿਮੂਦਪੁਰ ਦਹਾਕਿਆਂ ਤੋਂ ਸਾਬਤ ਕਦਮ ਅਤੇ ਸਿਦਕ ਦਿਲੀ ਨਾਲ ਕਿੰਨੇ ਹੀ ਮੁਹਾਜ਼ ’ਤੇ ਲੋਕ ਹੱਕਾਂ ਅਤੇ ਲੋਕ ਮੁਕਤੀ ਲਈ ਕੰਮ ਕਰ ਰਹੇ ਹਨ। ਉਹ ਨਵੀਂ ਆਜ਼ਾਦੀ, ਬਰਾਬਰੀ, ਸਾਂਝੀਵਾਲਤਾ ਅਤੇ ਨਵੇਂ ਸਮਾਜ ਦੀ ਸਿਰਜਣਾ ਦੇ ਆਸ਼ਕ ਸੰਗਰਾਮੀਏ ਹਨ। ਉਹ ਕਲਮ, ਕਲਾ ਅਤੇ ਸੰਗਰਾਮ ਦੇ ਗੂੜ੍ਹੇ ਜੋਟੀਦਾਰ ਹਨ। ਉਹ ਕਲਮ ਦੇ ਧਨੀ ਹਨ। ਉਹ ਜੋ ਲਿਖਦੇ ਹਨ, ਉਸ ’ਤੇ ਖੁਦ ਅਮਲ ਕਰਨ ਲਈ ਯਤਨਸ਼ੀਲ ਰਹਿੰਦੇ ਹਨ। ਉਨ੍ਹਾਂ ਨੂੰ ਬੋਧ ਹੈ ਕਿ ਇਸ ਨਿਜ਼ਾਮ ਨੂੰ ਮੁੱਢੋਂ-ਸੁੱਢੋਂ ਬਦਲੇ ਬਿਨਾਂ ਸਰਨਾ ਨਹੀਂ। ਉਹ ਹੁਣ ਤੱਕ 40 ਤੋਂ ਵੱਧ ਕਿਤਾਬਾਂ ਅਨੁਵਾਦ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਸ਼ਹੀਦ ਬਾਬਾ ਬੂਝਾ ਸਿੰਘ ਪ੍ਰਕਾਸ਼ਨ ਦਾ ਸੰਚਾਲਕ ਹੈ। ਉਨ੍ਹਾਂ ‘ਸਮਕਾਲੀ ਦਿਸ਼ਾ’, ‘ਸੁਲਗਦੇ ਪਿੰਡ’, ‘ਲੋਕ ਕਾਫ਼ਲਾ’ ਪਰਚਿਆਂ ਦਾ ਸੰਪਾਦਨ ਕੀਤਾ। ਜਮਹੂਰੀ ਅਧਿਕਾਰ ਸਭਾ ਪੰਜਾਬ, ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਆਦਿ ਜਥੇਬੰਦੀਆਂ ਵਿੱਚ ਉਨ੍ਹਾਂ ਅਹਿਮ ਭੂਮਿਕਾ ਨਿਭਾਈ। ਉਹ ਵੱਖ-ਵੱਖ ਅਖ਼ਬਾਰਾਂ ਰਸਾਲਿਆਂ ਲਈ ਲਗਾਤਾਰ ਲਿਖ ਰਹੇ ਹਨ।
ਰੰਗ ਕਰਮੀ ਸੁਮਨ ਲਤਾ ਦਾ ਜਨਮ 27 ਮਈ 1956 ਨੂੰ ਪਿੰਡ ਸਲੋਹ (ਹਿਮਾਚਲ ਪ੍ਰਦੇਸ਼) ਵਿੱਚ ਵਿਦਿਆ ਦੇਵੀ ਅਤੇ ਰਾਮਾ ਨੰਦ ਦੇ ਘਰ ਹੋਇਆ। ਮੁਢਲੀ ਸਿੱਖਿਆ ਪਟਿਆਲਾ ਅਤੇ ਐੱਮਏ (ਹਿੰਦੀ) ਖ਼ਾਲਸਾ ਕਾਲਜ ਜਲੰਧਰ ਤੋਂ ਕੀਤੀ। 1976 ਦੇ ਅਖ਼ੀਰ ਵਿੱਚ ਪਹਿਲਾ ਨਾਟਕ ਲੋਹੀਆਂ ਨਾਟਕ ਕਲਾ ਕੇਂਦਰ ਵੱਲੋਂ ਰਵੇਲ ਸਿੰਘ ਲੋਹੀਆਂ ਦੀ ਨਿਰਦੇਸ਼ਨਾ ਹੇਠ ਨਾਟਕ ‘ਨੰਗਾ ਬੰਦਾ’ ਖੇਡਿਆ। ਗੁਰਸ਼ਰਨ ਭਾਅ ਦੇ ਨਾਟਕ ‘ਧਮਕ ਨਗਾਰੇ ਦੀ’ ਵਿੱਚ ਦੁੱਲੇ ਦੀ ਮਾਂ ਲੱਧੀ ਦੀ ਭੂਮਿਕਾ ਨਿਭਾਈ। ਸੁਮਨ ਦੀ ਕਲਮ ਤੋਂ ਕਾਵਿ ਸੰਗ੍ਰਹਿ ‘ਵੇਦਨਾ’, ‘ਬੁੱਤ ਜਾਗ ਪਿਆ’, ‘ਤਾਰਿਆਂ ਦੀ ਛਾਵੇਂ’ ਤੇ ‘ਅੰਦਰਲੀ ਔਰਤ’, ਗੀਤ ਸੰਗ੍ਰਹਿ ‘ਸਵੇਰਿਆਂ ਦੇ ਗੀਤ’, ਨਾਟ ਸੰਗ੍ਰਹਿ ‘ਜਾਗ੍ਰਤੀ ਦੀ ਲੋਅ’, ਵਿਅੰਗ ਨਾਟ ‘ਭਾਰਤ ਦੇਸ਼ ਮਹਾਨ’, ਨਾਟਕ ‘ਸ਼ਹੀਦ ਊਧਮ ਸਿੰਘ’ ਦੀ ਰਚਨਾ ਹੋਈ। ਮਹਿੰਦਰ ਪਾਲ ਭੱਠਲ ਦੀ ਨਾਟ ਰਚਨਾ ‘ਪੁੱਤ ਦਾ ਮੁੱਲ’ (ਮੋਗਾ ਗੋਲੀ ਕਾਂਡ ਬਾਰੇ) ਨਾਟਕ, ‘ਵੋਟ ਕੀਹਨੂੰ ਪਾਈਏ’, ‘ਮੀਲ ਪੱਥਰ’, ‘ਅੰਨ੍ਹੇ ਨਿਸ਼ਾਨਚੀ’ ਵਿਚ ਉਨ੍ਹਾਂ ਦੀ ਭੂਮਿਕਾ ਲੋਕ ਮਨਾਂ ’ਤੇ ਅੱਜ ਵੀ ਉੱਕਰੀ ਹੋਈ ਹੈ।
ਉਨ੍ਹਾਂ ਦੇ ਜੀਵਨ ਸਾਥੀ ਤਰਸੇਮ ਲੋਹੀਆਂ, ਉਨ੍ਹਾਂ ਦਾ ਪੁੱਤਰ ਰਾਕੇਸ਼ ਵੀ ਇਸ ਰੰਗ-ਮੰਚ ਨਾਲ ਆਖ਼ਿਰੀ ਸਾਹ ਤੱਕ ਜੁੜੇ ਰਹੇ। ਉਨ੍ਹਾਂ ਦੀ ਧੀ ਨਿਸ਼ਾ ਅਤੇ ਦੋਹਤੀ ਸ਼ੀਆ ਰੰਗ-ਮੰਚ ਨਾਲ ਸਰਗਰਮੀ ਨਾਲ ਜੁੜੀਆਂ ਹੋਈਆਂ ਹਨ। ਉਹ ਔਰਤ ਭਲਾਈ ਸਭਾ ਵਿੱਚ ਵੀ ਆਗੂ ਵਜੋਂ ਕੰਮ ਕਰਦੇ ਰਹੇ। ਸੁਮਨ ਲਤਾ ਨੇ ਪਲਸ ਮੰਚ ਦੀ ਉਸਾਰੀ ਅਤੇ ਪੰਜਾਬ ਨਾਟਕ ਕਲਾ ਸੰਗਮ ਫਗਵਾੜਾ ਦੀ ਨਿਰਦੇਸ਼ਕ ਵਜੋਂ ਕੰਮ ਕੀਤਾ। ਪਲਸ ਮੰਚ ਦੇ ਪਰਚੇ ‘ਸਰਦਲ’ ਵਿੱਚ ਵੀ ਉਨ੍ਹਾਂ ਆਗੂ ਸਫ਼ਾਂ ਵਿਚ ਕੰਮ ਕੀਤਾ।
ਸੰਪਰਕ: 98778-68710