ਜਗਦੀਸ਼ ਪਾਪੜਾਬਹੁਤ ਦੂਰ ਦੀ ਨਹੀਂ, 2017 ਦੀ ਗੱਲ ਹੈ। ਮੈਂ ਨਵਾਂ ਘਰ ਬਣਾਉਣ ਦੀ ਸਕੀਮ ਬਣਾ ਰਿਹਾ ਸੀ। ਇੱਕ ਦਿਨ ਮੇਰੇ ਜ਼ਿਹਨ ਵਿੱਚ ਇੱਕ ਖਿਆਲ (ਆਈਡੀਆ) ਆਇਆ। ਮੇਰੇ ਕਈ ਦੋਸਤ ਰਿਟਾਇਰ ਹੋ ਚੁੱਕੇ ਸਨ ਜਾਂ ਹੋਣ ਵਾਲੇ ਸਨ। ਉਨ੍ਹਾਂ ਵਿੱਚੋਂ ਬਹੁਤਿਆਂ ਦੇ ਬੱਚੇ ਬਾਹਰਲੇ ਮੁਲਕਾਂ ਵਿੱਚ ਜਾ ਚੁੱਕੇ ਹਨ ਜਾਂ ਦੂਰ ਦੁਰਾਡੇ ਸ਼ਹਿਰਾਂ ਵਿੱਚ ਨੌਕਰੀਆਂ ਕਰਦੇ ਹਨ। ਕੁੜੀਆਂ ਵਿਆਹੀਆਂ ਹੋਈਆਂ ਹਨ।ਮੈਂ ਆਪਣੇ ਹਮਖਿਆਲ ਦੋਸਤਾਂ ਨਾਲ ਆਪਣਾ ਉਹ ਵਿਚਾਰ ਸਾਂਝਾ ਕੀਤਾ ਜੋ ਹਰ ਵੇਲੇ ਮੇਰੇ ਦਿਮਾਗ਼ ਵਿੱਚ ਘੁੰਮਦਾ ਰਹਿੰਦਾ ਸੀ ਅਤੇ ਲੰਮੇ ਸਮੇਂ ਦੀ ਸੋਚ ਵਿਚਾਰ ਤੋਂ ਬਾਅਦ ਮੈਂ ਇਸ ਦਾ ਖ਼ਾਕਾ ਵੀ ਤਿਆਰ ਕਰ ਲਿਆ ਹੋਇਆ ਸੀ। ਮੈਂ ਦੋਸਤਾਂ ਨੂੰ ਕਿਹਾ ਕਿ ਆਪਣੀ ਉਮਰ, ਹਾਲਾਤ ਅਤੇ ਭਵਿੱਖ ਦੀਆਂ ਚੁਣੌਤੀਆਂ ਦੇ ਮੱਦੇਨਜ਼ਰ ਆਪਾਂ ਨੂੰ ਇੱਕ ਦੂਜੇ ਦੇ ਨੇੜੇ ਰਹਿਣ ਦੀ ਬਹੁਤ ਜ਼ਰੂਰਤ ਹੈ, ਮੈਂ ਇਸ ਬਾਰੇ ਮੋਟਾ ਜਿਹਾ ਵਿਜ਼ਨ ਤਿਆਰ ਕੀਤਾ ਹੈ। ਬਾਕੀ ਤੁਸੀਂ ਵੀ ਇਸ ਬਾਰੇ ਹੋਰ ਸਲਾਹ ਮਸ਼ਵਰਾ ਕਰ ਸਕਦੇ ਹੋ। ਉਹ ਵਿਜ਼ਨ ਇਹ ਹੈ ਕਿ ‘ਆਪਾਂ ਦਸ ਜਾਂ ਘੱਟ ਵੱਧ ਪਰਿਵਾਰ ਰਲ ਕੇ ਸ਼ਹਿਰ ਤੋਂ ਬਾਹਰ ਮੇਨ ਰੋਡ ਤੋਂ ਥੋੜ੍ਹੀ ਜਿਹੀ ਹਟਵੀਂ ਇੱਕ ਏਕੜ ਜ਼ਮੀਨ ਖਰੀਦੀਏ (ਉਦੋਂ ਇੱਕ ਏਕੜ ਜ਼ਮੀਨ ਦੀ ਕੀਮਤ ਵੀਹ ਲੱਖ ਰੁਪਏ ਦੇ ਆਸ-ਪਾਸ ਸੀ)। ਉਸ ਵਿੱਚ ਆਪਾਂ ਇੱਕੋ ਨਕਸ਼ੇ ਮੁਤਾਬਿਕ ਸੋਹਣੇ ਘਰ ਬਣਾਈਏ। ਘਰ ਚਾਰ ਦੀਵਾਰੀ ਦੇ ਅੰਦਰ ਹੋਣਗੇ। ਚਾਰੇ ਪਾਸੇ ਸੀਸੀ ਕੈਮਰੇ ਲੱਗੇ ਹੋਣਗੇ। ਇੱਕ ਪਾਸੇ ਸਾਂਝੀ ਖੁੱਲ੍ਹੀ ਕਾਰ ਪਾਰਕਿੰਗ ਹੋਵੇਗੀ। ਗੇਟ ਉੱਤੇ ਚੌਵੀ ਘੰਟੇ ਸਕਿਓਰਟੀ ਦਾ ਇੰਤਜ਼ਾਮ ਹੋਵੇਗਾ। ਸਾਂਝਾ ਜੈਨਰੇਟਰ ਹੋਵੇਗਾ। ਸਾਂਝਾ ਥੀਏਟਰ ਹਾਲ/ਮੀਟਿੰਗ ਹਾਲ/ਪਾਰਟੀ ਹਾਲ ਹੋਵੇਗਾ। ਸਾਂਝੇ ਸਫ਼ਾਈ ਸੇਵਕ ਅਤੇ ਮਾਲੀ ਹੋਵੇਗਾ। ਕਿਸੇ ਤਸੱਲੀਬਖ਼ਸ਼ ਡੇਅਰੀ ਫਾਰਮ ਤੋਂ ਅਸਲੀ ਦੁੱਧ ਲਵਾਂਗੇ। ਇੱਕ ਪਾਰਕ ਅਤੇ ਫ਼ਲਦਾਰ ਬੂਟੇ ਹੋਣਗੇ।’ਮੇਰਾ ਇੱਕ ਦੋਸਤ ਵੱਡੀਆਂ ਇਮਾਰਤਾਂ ਉਸਾਰਨ ਵਾਲਾ ਠੇਕੇਦਾਰ ਸੀ। ਉਹਨੇ ਛੇ ਮਹੀਨਿਆਂ ਵਿੱਚ ਕੰਪਲੈਕਸ ਤਿਆਰ ਕਰਨ ਦਾ ਠੇਕਾ ਲੈਣ ਲਈ ਹਾਂ ਕਰ ਦਿੱਤੀ ਸੀ। ਥੋਕ ਰੇਟ ਉੱਤੇ ਇੱਟਾਂ, ਸੀਮਿੰਟ, ਰੇਤਾ, ਬਜਰੀ ਅਤੇ ਸਰੀਆ ਲੈਣਾ ਸੀ। ਇਸੇ ਤਰ੍ਹਾਂ ਲੱਕੜ, ਸ਼ੀਸ਼ੇ ਆਦਿ ਦਾ ਕੰਮ ਹੋਣਾ ਸੀ। ਉਸਾਰੀ ਦੇ ਕੰਮ ਦੀ ਨਿਗਰਾਨੀ ਲਈ ਸਮਾਂ ਦੇਣ ਦੀ ਜ਼ਿੰਮੇਵਾਰੀ ਵੀ ਅਸੀਂ ਦੋ ਦੋਸਤ ਲੈਣ ਲਈ ਤਿਆਰ ਸਾਂ। ਇੱਕ ਸੋਚ ਸੀ ਕਿ ਜਦੋਂ ਬਾਹਰ ਰਹਿੰਦੇ ਬੱਚੇ ਕੁਝ ਸਮੇਂ ਲਈ ਆਇਆ ਕਰਨਗੇ ਤਾਂ ਚੰਗੇ ਵਾਤਾਵਰਨ ਵਿੱਚ ਰਹਿ ਸਕਣਗੇ। ਜਦੋਂ ਕਿਸੇ ਨੇ ਸਾਲ ਛਿਮਾਹੀ ਲਈ ਬਾਹਰਲੇ ਮੁਲਕ ਬੱਚਿਆਂ ਕੋਲ ਜਾਣਾ ਹੋਵੇ ਤਾਂ ਪਿੱਛੇ ਸੁੰਨੇ ਘਰ ਦੀ ਚਿੰਤਾ ਨਹੀਂ ਹੋਵੇਗੀ। ਮਨ ਵਿੱਚ ਕਮਿਊਨ ਵਰਗੇ ਵਸੇਬ ਦਾ ਸਕਾਰਾਤਮਕ ਚਾਅ ਸੀ।ਮੇਰਾ ਇਹ ਆਈਡੀਆ ਮਹਿਜ਼ ਖ਼ਿਆਲੀ ਨਹੀਂ ਸੀ, ਹਕੀਕਤ ਮੁਖੀ ਸੀ ਕਿਉਂਕਿ ਇਹ ਹਰ ਪਹਿਲੂ ਉੱਤੇ ਡੂੰਘੀ ਸੋਚ ਵਿਚਾਰ ਦਾ ਨਤੀਜਾ ਸੀ ਪਰ ਇਸ ਨੂੰ ਹਕੀਕਤ ਵਿੱਚ ਬਦਲਣ ਲਈ ਪਹਿਲ ਕਦਮੀ ਅਤੇ ਫੈਸਲਾ ਕਰਨ ਦੀ ਜੁਰਅਤ ਦੀ ਲੋੜ ਸੀ। ਮੇਰੇ ਦੋਸਤਾਂ ਦਾ ਸਭ ਤੋਂ ਪਹਿਲਾ ਸਵਾਲ ਇਹ ਸੀ ਕਿ ਆਈਡੀਆ ਤਾਂ ਠੀਕ ਹੈ ਪਰ ਥੋੜ੍ਹਾ ਜਿਹਾ ਲੇਟ ਆਇਆ ਹੈ। ਇਸ ਉਮਰ ਵਿੱਚ ਬਣੇ ਬਣਾਏ ਵੱਡੇ-ਵੱਡੇ ਘਰਾਂ ਦਾ ਕੀ ਕਰਾਂਗੇ। ਮੇਰੇ ਕੋਲ ਇਸ ਦਾ ਢੁਕਵਾਂ ਜਵਾਬ ਸੀ ਕਿ ‘ਤੁਸੀਂ ਘਰ ਵਿਕਾਊ ਕਰੋ। ਤੁਹਾਡੀ ਉਮੀਦ ਤੋਂ ਘੱਟ ਵੀ ਜੇ ਕੋਈ ਖਰੀਦਦਾ ਹੈ ਤਾਂ ਬੇਝਿਜਕ ਪੂਣੀਆਂ ਵੱਟ ਦਿਓ। ਚੰਗੇ ਸੋਹਣੇ ਘਰ ਬਣਾ ਕੇ ਵੀ ਤੁਹਾਡੇ ਕੋਲ ਪੈਸੇ ਬਚ ਜਾਣਗੇ। ਸਾਰੀਆਂ ਸਹੂਲਤਾਂ ਨਾਲ ਨਵਾਂ ਘਰ ਬਣੇਗਾ।’ਇਹ ਵਿਹਾਰਕ (ਪਰੈਕਟੀਕਲ) ਪ੍ਰਾਜੈਕਟ ਸੀ ਜਿਸ ਦਾ ਇੱਕ ਦੋ ਦੋਸਤਾਂ ਨੇ ਹੁੰਗਾਰਾ ਤਾਂ ਭਰਿਆ ਪਰ ਦੋ ਟੁੱਕ ਫੈਸਲਾ ਕਰਨ ਵਿੱਚ ਝਿਜਕ ਦਿਖਾਈ। ਬਾਕੀਆਂ ਨੇ ਇਸ ਨੂੰ ਮਹਿਜ਼ ਖਿਆਲੀ ਪੁਲਾਅ ਦੱਸਿਆ ਅਤੇ ਇਸ ਦਾ ਮਜ਼ਾਕ ਉਡਾਇਆ। ਮੈਨੂੰ ਪਤਾ ਲੱਗਾ ਕਿ ਪਿੱਠ ਪਿੱਛੇ ਮੇਰੀ ਇਸ ਯੋਜਨਾ ਦਾ ਖ਼ੂਬ ਮਜ਼ਾਕ ਉਡਾਇਆ ਜਾ ਰਿਹਾ ਹੈ; ਇੱਥੋਂ ਤੱਕ ਕਿ ਕੁਝ ਮਿੱਤਰਾਂ ਨੇ ਮੇਰਾ ਨਾਂ ਹੀ ‘ਆਈਡੀਆ’ ਰੱਖ ਲਿਆ ਹੈ। ਜਦੋਂ ਮੈਂ ਮਿੱਤਰਾਂ ਦੀ ਟੋਲੀ ਵੱਲ ਆ ਰਿਹਾ ਹੁੰਦਾ ਤਾਂ ਕੋਈ ਕਹਿ ਰਿਹਾ ਹੁੰਦਾ- ‘ਆ ਗਿਆ ਬਈ ਆਈਡੀਆ’ ਹਾਲਾਂਕਿ ਮੈਨੂੰ ਇਹ ਗੱਲ ਸਪੱਸ਼ਟ ਸੀ ਕਿ ਮੇਰੇ ਇਸ ਵਿਜ਼ਨ ਨੂੰ ਹੁੰਗਾਰਾ ਨਾ ਮਿਲਣ ਅਤੇ ਮਖ਼ੌਲ ਉਡਾਉਣ ਦਾ ਕਾਰਨ ਉਨ੍ਹਾਂ ਦੀ ਨਕਾਰਾਤਮਕ ਸੋਚ, ਪਹਿਲਕਦਮੀ ਦੀ ਘਾਟ ਅਤੇ ਡਰ ਦੀ ਭਾਵਨਾ ਸੀ।ਅਸੀਂ ਕੁਝ ਨਵਾਂ, ਬਦਲਵਾਂ, ਲੀਹ ਤੋਂ ਹਟਵਾਂ ਅਤੇ ਅਸਲੋਂ ਨਿਵੇਕਲਾ ਕੰਮ ਕਰਨ ਤੋਂ ਡਰਦੇ ਹਾਂ ਤੇ ਹਮੇਸ਼ਾ ਕਿਸੇ ਵੀ ਨਵੇਂ ਕਾਰਜ ਦਾ ਪੂਰਾ ਸੂਰਾ ਨਤੀਜਾ ਅਗਾਊਂ ਜਾਨਣ ਦੀ ਆਸ ਰਖਦੇ ਹਾਂ; ਸਚਾਈ ਇਹ ਹੈ ਕਿ ਅਕਸਰ ਜੋ ਅਸੀਂ ਸੋਚਿਆ ਹੁੰਦਾ ਹੈ, ਉਹ ਹੋਣਾ ਨਹੀਂ ਹੁੰਦਾ ਅਤੇ ਜੋ ਹੋ ਜਾਂਦਾ ਹੈ, ਉਹ ਅਸੀਂ ਸੋਚਿਆ ਨਹੀਂ ਹੁੰਦਾ; ਇਹ ਵੀ ਹੈ ਕਿ ਅਸੀਂ ਆਪਣੇ ਹੱਥੀਂ ਬਣਾਏ ਘਰ ਨਾਲ ਜਿਊਂਦੇ ਜੀਆਂ ਵਰਗਾ ਮੋਹ ਪਾ ਲੈਂਦੇ ਹਾਂ ਅਤੇ ਉਹਨੂੰ ਛੱਡ ਕੇ ਜਾਣ ਬਾਰੇ ਸੋਚ ਕੇ ਵੀ ਸਾਨੂੰ ਹੌਲ ਪੈਂਦੇ ਹਨ। ਅਗਾਂਹਵਧੂ ਖਿਆਲਾਂ ਵਾਲੇ ਲੋਕ ਵੀ ਰਿਸਕ ਲੈਣ ਤੋਂ ਡਰਦੇ ਹਨ।ਖ਼ੈਰ! ਜਦੋਂ ਕਿਸੇ ਪਾਸਿਓਂ ਕੋਈ ਹੁੰਗਾਰਾ ਨਾ ਮਿਲਿਆ ਤਾਂ ਅਸੀਂ ਦੋ ਦੋਸਤਾਂ ਨੇ ਇੱਕ ਪਲਾਟ ਵਿੱਚ ਨਵੇਂ ਘਰ ਬਣਾ ਲਏ।ਫਿਰ ਕਈ ਸਾਲ ਬਾਅਦ ਸਾਨੂੰ ਇਹ ਰਮਜ਼ਾਂ ਮਿਲਣੀਆਂ ਸ਼ੁਰੂ ਹੋ ਗਈਆਂ ਕਿ ਯਾਰ... ਗੱਲ ਤਾਂ ਜਗਦੀਸ਼ ਦੀ ਠੀਕ ਸੀ, ਆਪਣੇ ਕੋਲੋਂ ਹੀ ਫੈਸਲਾ ਨਹੀਂ ਕਰ ਹੋਇਆ। ਹੁਣ ਉਹੋ ਦੋਸਤ ਜੋ ਮੇਰੇ ਆਈਡੀਏ ਦਾ ਮਜ਼ਾਕ ਉਡਾ ਰਹੇ ਸਨ, ਮੇਰੀ ਸਲਾਹ ਨਾ ਮੰਨ ਕੇ ਪਛਤਾ ਰਹੇ ਹਨ।ਕਹਿੰਦੇ ਨੇ ਕਿ ਸਮੇਂ ਦੇ ਮੱਥੇ ਉੱਤੇ ਵਾਲਾਂ ਦੀ ਬੋਦੀ ਹੁੰਦੀ ਹੈ ਅਤੇ ਪਿੱਛਿਉਂ ਸਿਰ ਗੰਜਾ। ਜੇ ਆਉਂਦੇ ਸਮੇਂ ਨੂੰ ਬੋਦੀਉਂ ਫੜ ਲਈਏ ਤਾਂ ਠੀਕ ਹੈ, ਨਹੀਂ ਤਾਂ ਸਮੇਂ ਦੇ ਗੰਜ ਉੱਤੋਂ ਹੱਥ ਤਿਲਕ ਜਾਂਦੇ ਹਨ। ਫਿਰ ਸਮਾਂ ਡਾਹ ਨਹੀਂ ਦਿੰਦਾ।ਸੰਪਰਕ: 98155-94795