ਚੜ੍ਹਦੇ ਸੂਰਜ ਦਾ ਸੱਚ
ਜਪਾਨ ਨੂੰ ਚੜ੍ਹਦੇ ਸੂਰਜ ਦਾ ਦੇਸ਼ ਕਿਹਾ ਜਾਂਦਾ ਹੈ। ਪੁਰਾਣੇ ਜ਼ਮਾਨੇ ਵਿੱਚ ਅਜਿਹਾ ਸ਼ਾਇਦ ਇਸ ਕਰ ਕੇ ਕਿਹਾ ਜਾਂਦਾ ਹੋਵੇਗਾ ਕਿ ਗੋਲਾਕਾਰ ਧਰਤੀ ਉੱਤੇ ਪੂਰਬ ਤੇ ਪੱਛਮ ਦੀ ਜਿਹੜੀ ਪ੍ਰਚੱਲਤ ਧਾਰਨਾ ਹੈ, ਉਹਦੇ ਅਨੁਸਾਰ ਸੂਰਜ ਸਭ ਤੋਂ ਪਹਿਲਾਂ ਜਪਾਨ ਦੀ ਧਰਤੀ ’ਤੇ ਚੜ੍ਹਦਾ ਦਿਖਾਈ ਦਿੰਦਾ ਹੈ। ਜੇ ਜਪਾਨੀਆਂ ਵੱਲੋਂ ਆਪਣੇ ਦੇਸ਼ ਦੀ ਮਹਾਨਤਾ ਦਰਸਾਉਣ ਲਈ ਗਿਣਾਏ ਜਾਂਦੇ ਕਾਰਨਾਂ ਨੂੰ ਛੱਡ ਵੀ ਦੇਈਏ ਤਾਂ ਵੀ ਇਸ ਦੇਸ਼ ਨੂੰ ਚੜ੍ਹਦੇ ਸੂਰਜ ਦਾ ਦੇਸ਼ ਕਹਿਣ ਲਈ ਇਸ ਤੋਂ ਵੱਡਾ ਕਾਰਨ ਇਸ ਦੇਸ਼ ਦੀ ਪੂੰਜੀ ਦੀ ਚੜ੍ਹਤ ਵੀ ਰਿਹਾ ਹੋਵੇਗਾ। ਪਿਛਲੀ ਸਦੀ ਦੇ 70-80ਵਿਆਂ ਦੇ ਦਹਾਕੇ ਜਪਾਨ ਦੀ ਪੂੰਜੀ ਦੇ ‘ਅੰਬਰਾਂ ’ਚ ਲਾਉਂਦੀ ਏ ਉਡਾਰੀਆਂ’ ਵਾਲੇ ਦਹਾਕੇ ਸਨ। ਉਨ੍ਹਾਂ ਸਮਿਆਂ ਵਿੱਚ ਅਮਰੀਕੀ ਵੀ ਇਹਦੀ ਪੂੰਜੀ, ਤਕਨੀਕ ਅਤੇ ਮਾਲ ਤੋਂ ਭੈਅਭੀਤ ਸਨ। ਉਨ੍ਹਾਂ ਦਿਨਾਂ ਵਿੱਚ ਤਾਂ ਜਪਾਨੀਆਂ ਨੇ ਅਮਰੀਕੀ ਸਾਮਰਾਜੀ ਪੂੰਜੀ ਦੀ ਪ੍ਰਤੀਕ ‘ਅੰਪਾਇਰ ਸਟੇਟ ਬਿਲਡਿੰਗ’ ਨੂੰ ਵੀ ਖਰੀਦ ਲਿਆ ਸੀ; ਤੇ ਦੁਨੀਆ ਨੂੰ ‘ਖੁੱਲ੍ਹੀ ਮੰਡੀ’ ਦਾ ਪਾਠ ਪੜ੍ਹਾਉਣ ਵਾਲੇ ਅਮਰੀਕਾ ਨੂੰ ਖੁਦ ਦੀ ਮੰਡੀ ਬਚਾਉਣ ਲਈ ਜਪਾਨੀ ਪੂੰਜੀ ’ਤੇ ਰੋਕਾਂ ਲਾਉਣ ਦਾ ਸਹਾਰਾ ਲੈਣਾ ਪਿਆ ਸੀ।
ਉਂਝ, 90ਵਿਆਂ ਦੇ ਤੀਜੇ-ਚੌਥੇ ਸਾਲ ਵਿੱਚ ਜਪਾਨ ਬਾਰੇ ਪੜ੍ਹੇ ਇੱਕ ਰੌਚਕ ਕਿੱਸੇ ਨੇ ਮਨ ਵਿੱਚ ਜਪਾਨ ਦੇ ਚੜ੍ਹਦੇ ਸੂਰਜ ਦਾ ਦੇਸ਼ ਹੋਣ ’ਤੇ ਸਵਾਲੀਆ ਚਿੰਨ੍ਹ ਲਾ ਦਿੱਤਾ ਸੀ। ਉਹ ਕਿੱਸਾ ਸ਼ਾਇਦ ਕਿੱਸਾਕਾਰ ਨੇ ਚੜ੍ਹਦੇ ਸੂਰਜ ਦੇ ਦੇਸ਼ ਵਿੱਚ ਡਿੱਗਦੀ ਇਨਸਾਨੀਅਤ ਨੂੰ ਦਰਸਾਉਣ ਲਈ ਲਿਖਿਆ ਸੀ। ਕਿੱਸੇ ਵਿੱਚ ਉਨ੍ਹਾਂ ਦਿਨਾਂ ਵਿੱਚ ਟੀਵੀ ’ਤੇ ਚੱਲਦੇ ਕਿਸੇ ਸੀਰੀਅਲ ਦੇ ਵਚਿੱਤਰ ਪ੍ਰਸੰਗ ਨੂੰ ਦਰਸਾਇਆ ਗਿਆ ਸੀ।
ਉਹ ਪ੍ਰਸੰਗ ਇਉਂ ਸੀ: ਇੱਕ ਬੁੱਢੇ ਜੋੜੇ ਦਾ ਪੁੱਤਰ ਆਪਣੇ ਪਰਿਵਾਰ ਸਮੇਤ ਉਨ੍ਹਾਂ ਨੂੰ ਮਿਲਣ ਆਉਂਦਾ ਹੈ। ਬੁੱਢੇ ਜੋੜੇ ਲਈ ਇਹ ਬੇਹੱਦ ਖੁਸ਼ੀ ਦਾ ਮੌਕਾ ਹੈ। ਸਾਰੇ ਇਕੱਠੇ ਖਾਣਾ ਖਾਂਦੇ ਹਨ ਤੇ ਖੂਬ ਗੱਲਾਂਬਾਤਾਂ ਕਰਦੇ ਹਨ। ਸਿਹਤਮੰਦ ਤੇ ਜ਼ਿੰਦਾਦਿਲ ਪਰਿਵਾਰ ਦੇ ਮਿਲਣ, ਖਾਣਾ ਖਾਣ ਅਤੇ ਇਕੱਠੇ ਸਮਾਂ ਬਿਤਾਉਣ ਦਾ ਇਨਸਾਨੀਅਤ ਭਰਪੂਰ ਇਹ ਦ੍ਰਿਸ਼ ਬੜਾ ਸੁਭਾਵਿਕ ਲੱਗਦਾ ਹੈ। ਬਸ ਇੱਕ ਚੀਜ਼ ਦੀ ਘਾਟ ਹੈ। ਬੁੱਢੇ ਜੋੜੇ ਕੋਲ ਆਇਆ ਇਹ ਪੁੱਤਰ ਉਨ੍ਹਾਂ ਦਾ ਆਪਣਾ, ਅਸਲੀ ਪੁੱਤਰ ਨਹੀਂ। ਪੁੱਤਰ ਨਾਲ ਆਏ ਬਾਲ-ਬੱਚੇ ਵੀ ਉਨ੍ਹਾਂ ਦੇ ਆਪਣੇ ਨਹੀਂ। ਦਰਅਸਲ, ਆਉਣ ਵਾਲਿਆਂ ਨੂੰ ਉਸ ਬੁੱਢੇ ਜੋੜੇ ਨੇ ਪਹਿਲਾਂ ਕਦੇ ਦੇਖਿਆ ਤੱਕ ਨਹੀਂ ਸੀ। ਉਹ ਸਾਰੇ ਮਿਲ ਕੇ ਮਿਲਣ ਦਾ ਬਸ ਨਾਟਕ ਕਰ ਰਹੇ ਹਨ ਪਰ ਨਾਟਕ ਦੇ ਪਿੱਛੇ ਦਾ ਮਨੋਰੰਜਨ ਸਿਰਫ਼ ਮਨੋਰੰਜਨ ਨਹੀਂ, ਜਪਾਨੀ ਸਮਾਜ ਦੀ ਬੜੀ ਕੌੜੀ ਹਕੀਕਤ ਸੀ।
... ਇਹ ਪ੍ਰਾਹੁਣੇ ਪੇਸ਼ਾਵਾਰ ਪ੍ਰਾਹੁਣੇ ਹਨ; ਅਰਥਾਤ ਬੁੱਢੇ ਜੋੜੇ ਦੇ ਅਸਲੀ ਪੁੱਤਰ ਨੇ ਆਪਣੀ ਥਾਂ ਉਨ੍ਹਾਂ ਨੂੰ ਕਿਰਾਏ ’ਤੇ ਲੈ ਕੇ ਆਪਣੇ ਬੁੱਢੇ ਮਾਪਿਆਂ ਕੋਲ ਭੇਜਿਆ ਹੈ। ਬੁੱਢੇ ਮਾਂ ਬਾਪ ਦਾ ਦਿਲ ਬਹਿਲਾਉਣ ਲਈ, ਉਨ੍ਹਾਂ ਦੀ ਇਕੱਲਤਾ ਨੂੰ ਕੁਝ ਪਲ ਦੂਰ ਕਰਨ ਲਈ। ਅਸਲੀ ਪੁੱਤਰ ਹਾਲਾਂਕਿ ਉਸੇ ਸ਼ਹਿਰ ਵਿੱਚ ਰਹਿੰਦਾ ਹੈ ਪਰ ਉਹਨੂੰ ਤਾਂ ਸਿਰ ਖੁਰਕਣ ਦੀ ਵੀ ਵਿਹਲ ਨਹੀਂ, ਆਪਣੇ ਮਾਂ-ਬਾਪ ਕੋਲ ਮਿਲਣ ਆਉਣ ਦੀ ਤਾਂ ਗੱਲ ਹੀ ਛੱਡੋ। ਬਹੁ-ਕੌਮੀ ਕੰਪਨੀ ਦਾ ਅਫਸਰ ਹੋਣ ਕਾਰਨ ਉਹਦਾ ਸਮਾਂ ਬੇਹੱਦ ਕੀਮਤੀ ਹੈ... ਇਸੇ ਲਈ ਬੁੱਢੇ ਮਾਂ-ਬਾਪ ਦੀਆਂ ਭਾਵਨਾਤਮਕ ਲੋੜਾਂ ਦੀ ਪੂਰਤੀ ਲਈ ਉਹਨੇ ਕਿਰਾਏ ਦੇ ਐਕਟਰਾਂ ਨੂੰ ਆਪਣੇ ਮਾਂ-ਬਾਪ ਦਾ ਨੂੰਹ-ਪੁੱਤਰ ਵਗੈਰਾ ਬਣਾ ਕੇ ਭੇਜਿਆ ਹੈ। ਇਹ ਐਕਟਰ ਕੋਈ ਟਾਵੇਂ-ਟੱਲੇ ਐਕਟਰ ਨਹੀਂ ਜਿਹੜੇ ਜਪਾਨੀ ਬਜ਼ੁਰਗਾਂ ਦਾ ਦਿਲ ਬਹਿਲਾਉਣ ਦਾ ਕੰਮ ਕਰਦੇ ਹੋਣ। ਅਜਿਹੇ ਐਕਟਰਾਂ ਨੂੰ ਐਕਟਿੰਗ ਦੀ ਟ੍ਰੇਨਿੰਗ ਦੇਣ ਲਈ ਜਪਾਨ ਵਿੱਚ ਸੰਸਥਾਵਾਂ ਖੁੱਲ੍ਹੀਆਂ ਸਨ। ਇਨ੍ਹਾਂ ਐਕਟਰਾਂ ਦੀ ਏਨੀ ਮੰਗ ਹੈ! ਨਾਟਕ ਤਾਂ ਬੁੱਢੇ ਜੋੜੇ ਨੂੰ ਵੀ ਕਰਨਾ ਪੈਂਦਾ ਹੈ। ਉਹ ਜਾਣਦੇ ਹਨ ਕਿ ਮਿਲਣ ਆਉਣ ਵਾਲੇ ਉਨ੍ਹਾਂ ਦੇ ਸਕੇ ਨਹੀਂ, ਫਿਰ ਵੀ ਵਿਹਾਰ ਤਾਂ ਸਕਿਆਂ ਵਾਂਗ ਹੀ ਕਰਨਾ ਪੈਂਦਾ ਹੈ। ਅਜਿਹੇ ਬੁੱਢੇ ਜੋੜਿਆਂ ਨੂੰ ਐਕਟਿੰਗ ਸਿਖਾਉਣ ਦਾ ਪ੍ਰਬੰਧ ‘ਚੜ੍ਹਦੇ ਸੂਰਜ ਦੇ ਦੇਸ਼’ ਵਿੱਚ ਕਿਵੇਂ ਕੀਤਾ ਜਾਂਦਾ ਹੈ, ਇਹਦਾ ਜ਼ਿਕਰ ਸਬੰਧਿਤ ਟੀਵੀ ਪ੍ਰੋਗਰਾਮ ਜਾਂ ਕਿਸੇ ਕਿੱਸੇ ਵਿੱਚ ਨਹੀਂ ਸੀ; ਨਾ ਹੀ ਇਸ ਗੱਲ ’ਤੇ ਰੌਸ਼ਨੀ ਪਾਈ ਗਈ ਸੀ ਕਿ ਇਹ ਐਕਟਰ ਪ੍ਰਾਹੁਣੇ ਆਪਣੇ ਅਸਲ ਮਾਪਿਆਂ ਨੂੰ ਮਿਲਣ ਖੁਦ ਜਾਂਦੇ ਹਨ ਜਾਂ ਉਹ ਵੀ ਅੱਗੇ ਕਿਰਾਏ ਦੇ ਹੀ ਹੋਰ ਐਕਟਰਾਂ ਨੂੰ ਘੱਲਦੇ ਹਨ।
ਕਿੱਸੇ ਨੂੰ ਇੱਥੇ ਹੀ ਛੱਡਦੇ ਹੋਏ ਅੱਜ ਦੀ ਗੱਲ ਕਰਦੇ ਹਾਂ ਜਿਸ ਕਾਰਨ ਦਹਾਕਿਆਂ ਪੁਰਾਣਾ ਇਹ ਕਿੱਸਾ ਯਾਦ ਆਇਆ। ਅੱਜ ਜਪਾਨ ਵਿੱਚ ਬਜ਼ੁਰਗਾਂ ਦੀ ਇਕੱਲਤਾ ਦੀ ਕੀ ਹਾਲਤ ਹੈ? ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਪਾਨ ਸਭ ਤੋਂ ਲੰਮੀ ਉਮਰ ਭੋਗਣ ਵਾਲਿਆਂ ਦਾ ਦੇਸ਼ ਹੈ, ਜਪਾਨ ਵਿੱਚ ਬਜ਼ੁਰਗਾਂ ਦੀ ਸਿਹਤ ਸੰਭਾਲ ਲਈ ਵੀ ਬੜਾ ਕੁਝ ਹੈ, ਭਾਵੇਂ ਉਸ ਉੱਤੇ ਲਗਾਤਰ ਕੱਟ ਲਾਇਆ ਜਾ ਰਿਹਾ ਹੈ ਪਰ ਜਪਾਨ ਵਿੱਚ ਬਜ਼ੁਰਗਾਂ ਦੀ ਇਕੱਲਤਾ ਇੰਨੀ ਵਿਆਪਕ ਤੇ ਭਿਆਨਕ ਹੈ ਕਿ ਇਸ ਬਾਰੇ ਜਪਾਨ ਦੀ ਕੌਮੀ ਪੁਲੀਸ ਏਜੰਸੀ ਦੀ ਰਿਪੋਰਟ ਪੜ੍ਹ ਕੇ ਬੰਦਾ ਸੁੰਨ ਹੋ ਜਾਂਦਾ ਹੈ। ਲੱਖਾਂ ਬਜ਼ੁਰਗ ਸਾਲਾਂਬੱਧੀ ਇਕੱਲੇ ਰਹਿੰਦੇ ਹਨ ਤੇ ਇਕੱਲਤਾ ਵਿੱਚ ਹੀ ਮਰ ਜਾਂਦੇ ਹਨ। ‘ਕੋਡੋਕੂ ਸ਼ੀ’ ਭਾਵ ‘ਇਕੱਲਿਆਂ ਮੌਤ’ ਆਧੁਨਿਕ ਜਪਾਨੀ ਵਰਤਾਰਾ ਹੈ। ਹਰ ਸਾਲ ਹਜ਼ਾਰਾਂ ਬਜ਼ੁਰਗ ਇਕੱਲੇ ਰਹਿੰਦਿਆਂ ਮਰ ਜਾਂਦੇ ਹਨ ਤੇ ਹਫ਼ਤਿਆਂ/ਮਹੀਨਿਆਂ ਤੱਕ ਉਨ੍ਹਾਂ ਦੀ ਮੌਤ ਦਾ ਕਿਸੇ ਨੂੰ ਪਤਾ ਤੱਕ ਨਹੀਂ ਲੱਗਦਾ; ਉਰੇ ਪਰ੍ਹੇ ਰਹਿੰਦੇ ਆਪਣੇ ਸਕਿਆਂ ਨੂੰ ਤਾਂ ਕੀ, ਨਾਲ ਦੇ ਗੁਆਂਢੀਆਂ ਨੂੰ ਵੀ ਨਹੀਂ। ਜਪਾਨ ਦੀ ਕੌਮੀ ਪੁਲੀਸ ਏਜੰਸੀ ਦੀ 2024 ਦੀ ਪਹਿਲੀ ਛਿਮਾਹੀ ਦੀ ਰਿਪੋਰਟ ਦੱਸਦੀ ਹੈ ਕਿ ਛੇ ਮਹੀਨਿਆਂ ਵਿੱਚ 37227 ਸ਼ਖ਼ਸ ਘਰਾਂ ਵਿੱਚ ਮਰ ਗਏ ਜਿਨ੍ਹਾਂ ਦੀ ਮੌਤ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਿਆ। ਇਨ੍ਹਾਂ ਵਿੱਚੋਂ 70 ਫੀਸਦੀ 65 ਸਾਲ ਤੋਂ ਉੱਪਰ ਦੇ ਸਨ। ਇਨ੍ਹਾਂ ਵਿੱਚੋਂ 4000 ਦੇ ਮ੍ਰਿਤਕ ਸਰੀਰ ਇੱਕ ਮਹੀਨੇ ਤੋਂ ਵੱਧ ਸਮੇਂ ਬਾਅਦ ਮਿਲੇ; 130 ਦੇ ਤਾਂ ਇੱਕ ਸਾਲ ਬਾਅਦ। ਇਨ੍ਹਾਂ ਦਾ ਇਕਲਾਪਾ ਕਿੰਨਾ ਭਿਆਨਕ ਹੋਵੇਗਾ ਜਦੋਂ ਮਰਦੇ ਦੇ ਮੂੰਹ ਵਿੱਚ ਪਾਣੀ ਪਾਉਣ ਵਾਲਾ ਵੀ ਕੋਈ ਨਹੀਂ ਸੀ!
ਸੰਪਰਕ: 94175-88616