ਸੁੱਚਾ ਰਾਹ
ਰਸ਼ਪਿੰਦਰ ਪਾਲ ਕੌਰ
ਮਾਵਾਂ ਦਾਦੀਆਂ ਦੀ ਗੋਦ ਦਾ ਨਿੱਘ ਜ਼ਿੰਦਗੀ ਦਾ ਸਰਮਾਇਆ ਹੁੰਦਾ ਹੈ। ਗੋਦ ਵਿੱਚ ਬੈਠ ਸੁਣੇ ਬੋਲ ਜੀਵਨ ਰਾਹ ’ਤੇ ਤੁਰਦਿਆਂ ਪ੍ਰੇਰਨਾ ਬਣਦੇ ਹਨ। ਠੀਕ ਫੈਸਲੇ ਕਰਨ ਵਿੱਚ ਮਦਦਗਾਰ ਹੁੰਦੇ ਹਨ। ਮਿਲ ਕੇ ਤੁਰਨ, ਰਲ ਕੇ ਬਹਿਣ ਦਾ ਸਬਕ ਹੁੰਦੇ ਹਨ। ਗੁਜ਼ਰ ਗਈਆਂ ਉਨ੍ਹਾਂ ਛਾਵਾਂ ਦੀ ਠੰਢਕ ਮਨ ਦਾ ਸਕੂਨ ਬਣਦੀ ਹੈ। ਉਨ੍ਹਾਂ ਦੇ ਬੋਲ ਜ਼ਿੰਦਗੀ ਦੀ ਪੈੜ-ਚਾਲ ਨੂੰ ਰਾਹ ਦਿੰਦੇ ਨਜ਼ਰ ਆਉਂਦੇ ਹਨ। ਦਾਦੀ ਮਾਂ ਅਕਸਰ ਆਖਦੀ, “ਧੀਏ! ਮੁਸ਼ਕਿਲ ਵਿੱਚ ਹੋਰਾਂ ਦੀ ਮਦਦ ਕਰਨਾ ਬੰਦਾ ਹੋਣ ਦੀ ਪਛਾਣ ਹੁੰਦੀ। ਭਲਾ ਕਰ ਕੇ ਭੁੱਲ ਜਾਣਾ ਚੰਗਾ ਹੁੰਦਾ। ਆਪਣੇ ਚੰਗੇ ਕੰਮਾਂ ਦੀ ਚਰਚਾ ਖ਼ੁਦ ਕਰਨਾ ਹੋਛਾਪਣ ਹੁੰਦਾ। ਇਹ ਚਰਚਾ ਲੋਕਾਂ ਦੇ ਮੂੰਹੋਂ ਸੁਣਨ ਨੂੰ ਮਿਲੇ ਤਾਂ ਸੋਨੇ ’ਤੇ ਸੁਹਾਗਾ ਹੁੰਦਾ।”
ਅੱਜ ਕੱਲ੍ਹ ਸਰਕਾਰੀ ਸਕੂਲਾਂ ਵਿਚਲੇ ‘ਵਿਕਾਸ’ ਦੇ ਨੀਂਹ ਪੱਥਰਾਂ ਦੀ ਮੁਹਿੰਮ ਹਰ ਜ਼ੁਬਾਨ ’ਤੇ ਹੈ। ਨਾਲ ਹੀ ਪਿੰਡ-ਪਿੰਡ ਜੁੜਦੇ ਕਿਸਾਨਾਂ, ਮਜ਼ਦੂਰਾਂ ਦੇ ਇਕੱਠ ਜਾਗ ਰਹੀ ਲੋਕ ਚੇਤਨਾ ਦਾ ਪ੍ਰਤੀਕ ਬਣੇ ਹੋਏ ਹਨ। ਜਾਗਦੇ ਲੋਕਾਂ ਵੱਲੋਂ ਨੇਤਾਵਾਂ ਤੋਂ ਪੁੱਛੇ ਜਾ ਰਹੇ ਸਵਾਲ ਤੇ ਪ੍ਰਗਟਾਇਆ ਜਾ ਰਿਹਾ ਰੋਸ ਵਿਕਾਸ ਦੀ ਅਸਲੀਅਤ ਦਾ ਪਹਿਲੂ ਬਣੇ ਹੋਏ ਹਨ।
ਦਹਾਕਿਆਂ ਤੋਂ ਸਰਕਾਰੀ ਸਕੂਲਾਂ ਦੀਆਂ ਨਵੀਆਂ ਇਮਾਰਤਾਂ ਬਣਦੀਆਂ ਆਈਆਂ ਹਨ। ਨਵੇਂ ਕਮਰੇ, ਲੈਬ, ਹਾਲ ਕਮਰੇ ਤੇ ਲਾਇਬ੍ਰੇਰੀਆਂ ਦੀ ਉਸਾਰੀ ਹੁੰਦੀ ਰਹੀ ਹੈ। ਬਹੁਤੇ ਪਿੰਡਾਂ ਵਿੱਚ ਲੋਕਾਂ ਵੱਲੋਂ ਆਪਣੇ ਵੱਡ-ਵਡੇਰਿਆਂ ਦੀ ਯਾਦ ਵਿੱਚ ਕਮਰੇ ਬਣਾਉਣ ਦਾ ਰੁਝਾਨ ਰਿਹਾ ਹੈ। ਸਕੂਲਾਂ ਵਿੱਚ ਬਣਾਏ ਕਮਰਿਆਂ ’ਤੇ ਉਹ ਆਪਣੇ ਨਾਂ ਵਾਲਾ ਬੋਰਡ ਲਾਉਣਾ ਵੀ ਮੁਨਾਸਿਬ ਨਹੀਂ ਸੀ ਸਮਝਦੇ। ਉਹ ਆਖਿਆ ਕਰਦੇ- ‘ਚੰਗੇ ਕੰਮ ਲਈ ਬੋਰਡਾਂ ਦੀ ਲੋੜ ਨਹੀਂ ਹੁੰਦੀ। ਭਲੇ ਦੇ ਕੰਮ ਨੂੰ ‘ਕੋਠੇ ਚੜ੍ਹ ਕੇ ਦੱਸਣ’ ਦੀ ਲੋੜ ਨਹੀਂ ਹੁੰਦੀ’ ਪਰ ਹੁਣ ਬਦਲੇ ਵਕਤ ਵਿੱਚ ਸਭ ਉਲਟ ਹੋ ਗਿਆ ਹੈ। ਉਹ ਕੰਮ ਹੀ ਕੀ ਹੋਇਆ ਜਿਹੜਾ ਕਰਨ ਵਾਲੇ ਨੂੰ ਕੋਈ ‘ਖੱਟੀ ਕਮਾਈ’ ਨਾ ਦੇਵੇ?
ਕਰੀਬ ਦੋ ਦਹਾਕੇ ਪਹਿਲਾਂ ਇੱਕ ਸਰਕਾਰੀ ਸਕੂਲ ਵਿੱਚ ਬਣੀ ਲਾਇਬ੍ਰੇਰੀ ਦੇ ਸਮਾਗਮ ਦੀ ਅਨੂਠੀ ਯਾਦ ਕਦੇ ਨਹੀਂ ਭੁੱਲਦੀ। ਆਪਣੇ ਕਾਲਜ ਜਾਣ ਤੋਂ ਛੁੱਟੀ ਕਰ ਕੇ ਮੈਂ ਆਪਣੇ ਅਧਿਆਪਕ ਪਾਪਾ ਨਾਲ ਉਨ੍ਹਾਂ ਦੇ ਸਕੂਲ ਗਈ ਸਾਂ। ਸਕੂਲ ਦੇ ਵਿਹੜੇ ਵਿੱਚ ਸਕੂਲ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਇਕੱਠ ਜੁੜਿਆ ਸੀ। ਨਾ ਕੋਈ ਉਚੇਚ ਨਾ ਦਿਖਾਵਾ। ਸਾਰਿਆਂ ਦੇ ਚਿਹਰੇ ਖੁਸ਼ੀ ਨਾਲ ਖਿੜੇ ਹੋਏ ਸਨ। ਸਕੂਲ ਦੇ ਸਾਹਿਤਕ ਰੁਚੀਆਂ ਵਾਲੇ ਪ੍ਰਿੰਸੀਪਲ ਦੀ ਖੁਸ਼ੀ ਦਾ ਕੋਈ ਅੰਤ ਨਹੀਂ ਸੀ। ਛਾਂ ਦਾਰ ਰੁੱਖਾਂ ਹੇਠਾਂ ਛੋਟੇ ਮੈਦਾਨ ਵਿੱਚ ਪੰਡਾਲ ’ਤੇ ਮੰਚ ਸਜਿਆ ਸੀ। ਸਾਰੇ ਜਣੇ ਆਉਣ ਵਾਲੇ ਮਹਿਮਾਨ ਦੀ ਉਡੀਕ ਵਿੱਚ ਸਨ।
ਯੁੱਗ ਕਵੀ ਪਾਸ਼ ਦੀ ਯਾਦ ’ਚ ਉਸਾਰੀ ਲਾਇਬ੍ਰੇਰੀ ਦਾ ਉਦਘਾਟਨ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਨੇ ਕਰਨਾ ਸੀ। ਮਿਥੇ ਵਕਤ ਪਾਤਰ ਜੀ ਸਕੂਲ ਦੇ ਸਟਾਫ ਅਤੇ ਪਿੰਡ ਦੇ ਪਤਵੰਤਿਆਂ ਨਾਲ ਮੰਚ ’ਤੇ ਪਹੁੰਚੇ। ਤਾੜੀਆਂ ਦੀ ਗੂੰਜ ਖੁਸ਼ੀ ਬਣ ਸਕੂਲ ਦੀ ਫਿਜ਼ਾ ਵਿੱਚ ਰਚ ਗਈ। ਮੇਰੇ ਲਈ ਪੰਜਾਬੀ ਮਾਂ ਬੋਲੀ ਦੇ ਪ੍ਰਸਿੱਧ ਕਵੀ ਨੂੰ ਨੇੜਿਓਂ ਦੇਖਣ, ਸੁਣਨ ਦਾ ਪਹਿਲਾ ਅਵਸਰ ਸੀ। ਭਰੇ ਪੰਡਾਲ ਵਿੱਚ ਬੈਠੇ ਵਿਦਿਆਰਥੀ, ਮਾਪੇ, ਪਤਵੰਤੇ ਤੇ ਅਧਿਆਪਕ ਕਈ ਘੰਟੇ ਸ਼ਬਦ, ਕਲਾ ਤੇ ਸਾਹਿਤ ਦੀਆਂ ਰੌਚਿਕ ਗੱਲਾਂ ਗਹੁ ਨਾਲ ਸੁਣਦੇ ਰਹੇ।
ਅਸੀਂ ਸਾਰਿਆਂ ਨੇ ਪਾਤਰ ਸਾਹਿਬ ਦੀ ਤਰੰਨੁਮ ’ਚ ਗਾਈ ਸ਼ਾਇਰੀ ਨੂੰ ਰੂਹ ਨਾਲ ਮਾਣਿਆ। ਉਨ੍ਹਾਂ ਆਖਿਆ, “ਤੁਸੀਂ ਪਾਸ਼ ਯਾਦਗਾਰੀ ਲਾਇਬ੍ਰੇਰੀ ਦੇ ਉਦਘਾਟਨ ਸਮਾਰੋਹ ’ਚ ਮੈਨੂੰ ਬੁਲਾ ਕੇ ਮੇਰੇ ’ਤੇ ਅਹਿਸਾਨ ਕੀਤਾ ਹੈ। ਪੰਡਾਲ ਵਿੱਚ ਬੈਠੀਆਂ ਧੀਆਂ, ਮਾਵਾਂ ਤੇ ਮਾਪੇ ਮੇਰੀਆਂ ਕਵਿਤਾਵਾਂ ਦੀ ਸੁੱਚੀ ਭੋਇੰ ਹਨ ਜਿਨ੍ਹਾਂ ਦੀਆਂ ਨਿਰਛਲ ਨਜ਼ਰਾਂ ਵਿੱਚੋਂ ਮੈਂ ਮਾਂ ਬੋਲੀ ਦਾ ਸੁਨਿਹਰਾ ਭਵਿੱਖ ਦੇਖਦਾ ਹਾਂ। ਕਲਾ, ਕਲਮ ਨੂੰ ਏਨਾ ਮਾਣ ਦੇਣ ਅਤੇ ਪੰਜਾਬੀ ਸੱਭਿਆਚਾਰ ਨੂੰ ਜਿਊਂਦਾ ਰੱਖਣ ਲਈ ਮੈਂ ਪ੍ਰਿੰਸੀਪਲ ਸਾਹਿਬ ਤੇ ਤੁਹਾਡੇ ਸਾਰਿਆਂ ਦੇ ਉੱਦਮ ਨੂੰ ਸਲਾਮ ਕਰਦਾ ਹਾਂ।”
ਉਹ ਦਿਨ ਮੇਰੀ ਜੀਵਨ ਡਾਇਰੀ ਦਾ ਪਹਿਲਾ ਸੁਨਿਹਰਾ ਪੰਨਾ ਸੀ ਜਿਸ ’ਤੇ ਸੁੱਚੇ ਸ਼ਬਦਾਂ ਦੀ ਇਬਾਰਤ ਲਿਖੀ ਗਈ। ਸਕੂਲਾਂ ਵਿੱਚ ਕਮਰਿਆਂ ਦੇ ਉਦਘਾਟਨ ਦੀ ਇੱਕ ਹੋਰ ਨਿਵੇਕਲੀ ਪਿਰਤ ਚੇਤਿਆਂ ਵਿੱਚ ਹੈ। ਫਾਜ਼ਿਲਕਾ ਸਰਹੱਦ ਨੇੜਲਾ ਕੁੜੀਆਂ ਦਾ ਪੇਂਡੂ ਸਕੂਲ ਜਿਸ ਨੇ ਆਪਣੇ ਪ੍ਰਿੰਸੀਪਲ ਮਰਹੂਮ ਵਿਅੰਗ ਲੇਖਕ ਬਲਦੇਵ ਸਿੰਘ ਆਜ਼ਾਦ ਦੀ ਅਗਵਾਈ ਵਿੱਚ ਨਵੇਂ ਦਿਸਹੱਦੇ ਕਾਇਮ ਕੀਤੇ। ਸਕੂਲ ਵਿੱਚ ਬਣਾਏ ਵੱਖ-ਵੱਖ ਬਲਾਕਾਂ ਦੇ ਨਾਂ ਪੰਜਾਬੀ ਅਦੀਬਾਂ, ਕਵੀਆਂ ਤੇ ਲੇਖਕਾਂ ਦੇ ਨਾਂ ’ਤੇ ਰੱਖੇ। ਖੁਸ਼ੀ ਤੇ ਮਾਣ ਦਾ ਸਬੱਬ ਇਹ ਵੀ ਬਣਿਆ ਕਿ ਉਦਘਾਟਨ ਲਈ ਨਾਟਕਕਾਰ ਗੁਰਸ਼ਰਨ ਸਿੰਘ, ਨਾਵਲਕਾਰ ਗੁਰਦਿਆਲ ਸਿੰਘ, ਬਲਦੇਵ ਸਿੰਘ ਸੜਕਨਾਮਾ ਤੇ ਵਰਿਆਮ ਸਿੰਘ ਸੰਧੂ ਜਿਹੇ ਅਨੇਕ ਨਾਮਵਰ ਸਾਹਿਤਕਾਰ ਸਕੂਲ ਦੇ ਸਮਾਰੋਹਾਂ ਵਿੱਚ ਮੁੱਖ ਮਹਿਮਾਨਾਂ ਵਜੋਂ ਸ਼ਾਮਲ ਹੋਏ।
ਦਾਖਲਾ ਫੀਸ ਭਰਨ ਸਕੂਲ ਆਏ ਮਜ਼ਦੂਰ ਆਗੂ ਦੇ ਬੋਲ ਸੁਣਦੀ ਹਾਂ, “ਸਕੂਲਾਂ ਵਿੱਚ ‘ਵਿਕਾਸ’ ਦੇ ਨਾਂ ਤੇ ‘ਆਪਣੇ ਮੂੰਹੋਂ ਮੀਆਂ ਮਿੱਠੂ ਬਣਨ’ ਵਾਲਾ ਰਾਹ ਵੀ ਚੱਲ ਰਿਹਾ ਜਿਸ ਵਿੱਚ ਚਾਕਰੀ, ਮਜਬੂਰੀ, ਦਿਖਾਵਾ ਤੇ ਰੋਅਬ-ਦਾਬ ਸਾਫ ਨਜ਼ਰ ਆਉਂਦਾ ਹੈ। ਦੂਜਾ ਰਾਹ ਸਿੱਖਿਆ ਨੂੰ ਸ਼ਬਦ, ਕਲਾ ਤੇ ਜ਼ਿੰਦਗੀ ਨਾਲ ਜੋੜ ਕੇ ਇਹ ਸਨਮਾਨ ਲੋਕਾਂ ਦੇ ਸ਼ਾਇਰਾਂ, ਸਾਹਿਤਕਾਰਾਂ ਨੂੰ ਦੇਣ ਦਾ ਹੈ ਜਿਸ ਵਿੱਚ ਸਿਆਣਪ, ਖੁਸ਼ੀ, ਮਾਣ, ਬਰਾਬਰੀ ਤੇ ਮਿਲਵਰਤਣ ਦੀ ਪਹੁੰਚ ਹੈ। ਇਹ ਸੁੱਚਾ ਰਾਹ ਹੀ ਸਕੂਲਾਂ ਦੀ ਪਛਾਣ ਬਣਨਾ ਚਾਹੀਦਾ ਹੈ।”
ਸੰਪਰਕ: rashpinderpalkaur@gmail.com