ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਰਪੰਚੀ ਦਾ ਉਹ ਦਿਨ

04:28 AM Apr 23, 2025 IST
featuredImage featuredImage
ਸੁਰਿੰਦਰ ਕੈਲੇ
Advertisement

ਖ਼ਾਲਸਾ ਸਕੂਲ ਵਿੱਚ ਪੜ੍ਹਦਿਆਂ ਧਰਮ ਦਾ ਮਾਨਵੀ ਪ੍ਰਭਾਵ, ਅਧਿਆਪਕਾਂ ਦੀ ਕਿਤਾਬੀ ਵਿਦਿਆ ਦੇ ਨਾਲ-ਨਾਲ ਸਮਾਜਿਕ ਸਿੱਖਿਆ ਤੇ ਲਾਇਬ੍ਰੇਰੀ ਨਾਲ ਜੁੜਨ ਕਰ ਕੇ ਚੜ੍ਹਦੀ ਉਮਰੇ ਚੰਗੇਰੀ ਸੋਚ ਦੇ ਬੀਜ ਤਾਂ ਪਹਿਲਾਂ ਹੀ ਬੀਜੇ ਗਏ ਸਨ ਜੋ ਕੋਲਕਾਤੇ ਜਾ ਕੇ ਪੁੰਗਰਨ ਲੱਗ ਪਏ ਸਨ। ਕਲਕੱਤਾ ਯੂਨੀਵਰਸਿਟੀ ਦਾ ਵਿਦਿਆਰਥੀ ਹੋਣ ਨਾਲ ਮਹਾਂਨਗਰ ਦਾ ਜੀਵਨ, ਭਾਸ਼ਾ, ਲੋਕਾਂ ਦਾ ਰਹਿਣ-ਸਹਿਣ, ਰੰਗਮੰਚ, ਕਲਾ ਤੇ ਸੰਗੀਤ ਨੇ ਜ਼ਿੰਦਗੀ ਦੇ ਅਰਥ ਸਮਝਣ ਦੇ ਨਵੇਂ ਰਾਹ ਖੋਲ੍ਹ ਦਿੱਤੇ। ਪੰਜਾਬੀਆਂ ਦਾ ਗੜ੍ਹ ਭਵਾਨੀਪੁਰ ਦਾ ਇਲਾਕਾ ਜਿੱਥੇ ਖ਼ਾਲਸਾ ਹਾਈ ਸਕੂਲ, ਪੰਜਾਬੀ ਸਾਹਿਤ ਸਭਾ ਪੱਛਮੀ ਬੰਗਾਲ, ‘ਦੇਸ ਦਰਪਣ’ ਅਖ਼ਬਾਰ ਨੇ ਸੋਚ ਮੌਲਣ ਵਿੱਚ ਸੋਨੇ ’ਤੇ ਸੁਹਾਗੇ ਦਾ ਕੰਮ ਕੀਤਾ। ‘ਦੇਸ ਦਰਪਣ’ ਅਖ਼ਬਾਰ ਲਈ ਸਮਾਜ ਸੁਧਾਰਕ ਲੇਖ ਲਿਖਣ ਨਾਲ ਸਾਹਿਤ ਰਚਨਾ ਦੀ ਪੌੜੀ ਦੇ ਪਹਿਲੇ ਡੰਡੇ ’ਤੇ ਪੈਰ ਰੱਖਿਆ। ਉਥੇ ਹੀ ਜੱਦੂ ਬਾਬੂ ਬਾਜ਼ਾਰ ਜਿਸ ਨੂੰ ਪੰਜਾਬੀ ਜੱਗੂ ਬਾਜ਼ਾਰ ਕਹਿੰਦੇ ਸਨ, ਦੀ ਇੱਕ ਦੁਕਾਨ ਤੋਂ ਪੰਜਾਬੀ ਰਸਾਲੇ, ਸਾਹਿਤ ਦੀਆਂ ਵੱਖੋ-ਵੱਖ ਵੰਨਗੀ ਦੀਆਂ ਕਿਤਾਬਾਂ ਕਿਰਾਏ ’ਤੇ ਲੈ ਕੇ ਅਤੇ ਖਰੀਦ ਕੇ ਪੜ੍ਹਨ ਦਾ ਮੌਕਾ ਮਿਲਿਆ। ਅਖ਼ਬਾਰ ਦਫ਼ਤਰ ਦੇ ਲਾਗੇ ਹੀ ਸ੍ਰੀ ਸ਼ੇਰ ਸਿੰਘ ਨੇ ਪੰਜਾਬੀ ਦੀ ਪ੍ਰਿੰਟਿੰਗ ਪ੍ਰੈੱਸ (ਸਕਿਉਰਟੀ ਪ੍ਰਿੰਟਰਜ਼) ਤਬਦੀਲ ਕਰ ਲਈ।

ਮੈਂ ਤੇ ਦੋਸਤ ਗੁਰਪਾਲ ਲਿੱਟ ਨੇ ਇਸੇ ਪ੍ਰੈੱਸ ਤੋਂ ਮਿੰਨੀ ਰਸਾਲਾ ‘ਅਣੂਰੂਪ’ (ਅਣੂ ਦਾ ਪਹਿਲਾ ਨਾਂ, 1972 ਵਿੱਚ ) ਛਪਵਾ ਕੇ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ। ਇਥੋਂ ਦੇ ਅਨੁਭਵਾਂ ਨੇ ਮਨ ਵਿੱਚ ਸਮਾਜ ਦੀ ਬਿਹਤਰੀ ਲਈ ਕੁਝ ਯਤਨ ਕਰਨ ਦੀ ਚਿਣਗ ਪੈਦਾ ਕਰ ਦਿੱਤੀ।

Advertisement

1973 ਵਿੱਚ ਵਾਪਸ ਪੰਜਾਬ ਆ ਕੇ ਆਪਣਾ ਉਦਯੋਗ ਸ਼ੁਰੂ ਕਰ ਕੇ ਪੈਰ ਜਮਾਉਣ ਮਗਰੋਂ ਲੋਕ ਭਲਾਈ ਲਈ ਕੰਮ ਕਰਨ ਦੀ ਭਾਵਨਾ ਹੋਰ ਤੇਜ਼ ਹੋ ਗਈ। ਧਨ ਤੋਂ ਬਿਨਾ ਸੇਵਾ ਕਿਵੇਂ ਕੀਤੀ ਜਾ ਸਕਦੀ ਹੈ? ਉਨ੍ਹਾਂ ਦਿਨਾਂ ਦੌਰਾਨ ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਫੌਜ ਦੇ ਜਨਰਲ ਮੋਹਨ ਸਿੰਘ ਦੇ ਪਰਿਵਾਰ ਨਾਲ ਮੇਲ-ਮਿਲਾਪ ਸੀ ਜੋ ਕਾਂਗਰਸੀ ਬਣ ਗਏ ਸਨ। ਕਾਂਗਰਸ ਦੇ ਤਤਕਾਲੀ ਉੱਘੇ ਨੇਤਾ ਸਤਪਾਲ ਮਿੱਤਲ ਸਾਡੇ ਗੁਆਂਢੀ ਸਨ। ਸਾਡਾ ਪਰਿਵਾਰ ਵੀ ਕਾਂਗਰਸ ਨਾਲ ਜੁੜਿਆ ਹੋਇਆ ਸੀ। ਇਸ ਸਭ ਦੇ ਪ੍ਰਭਾਵ ਤੋਂ ਮੈਨੂੰ ਜਾਪਿਆ, ਸਮਾਜ ਸੇਵਾ ਲਈ ਸਰਕਾਰ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ, ਫਿਰ ਧਨ ਦੀ ਸਮੱਸਿਆ ਨਹੀਂ ਰਹੇਗੀ। ਸੋ, ਸਿਆਸੀ ਪੌੜੀ ਦੇ ਪਹਿਲੇ ਡੰਡੇ ਉਪਰ ਪੈਰ ਰੱਖਦਿਆਂ ਗਰਾਮ ਪੰਚਾਇਤ ਵਿੱਚ ਸ਼ਾਮਿਲ ਹੋ ਗਿਆ। ਇਹ ਉਹ ਦਿਨ ਸਨ ਜਦ ਦਿਨੇ ਅਣਸਰਦੇ ਨੂੰ ਨਿਕਲਿਆ ਜਾਂਦਾ ਸੀ ਤੇ ਸੂਰਜ ਛੁਪਦਿਆਂ ਲੋਕ ਛਾਈਂ ਮਾਈਂ ਹੋ ਜਾਂਦੇ ਸਨ। ਇੱਕ ਪਾਸੇ ਖਾੜਕੂ, ਦੂਜੇ ਪਾਸੇ ਪੁਲੀਸ; ਜਨਤਾ ਚੱਕੀ ਦੇ ਪੁੜਾਂ ਵਿੱਚ ਪਿਸ ਰਹੀ ਸੀ। ਮਾਹੌਲ ਬੜਾ ਤਣਾਅ ਤੇ ਦਹਿਸ਼ਤ ਵਾਲਾ ਸੀ। ਸਰਪੰਚ ਕਈ ਕਾਰਨਾਂ ਕਰ ਕੇ ਥਾਣੇ ਨਾਲ ਸੰਪਰਕ ਬਣਾ ਕੇ ਰੱਖਦੇ ਪਰ ਮੈਨੂੰ ਅਜਿਹਾ ਕਰਨ ਦੀ ਲੋੜ ਨਹੀਂ ਸੀ ਲਗਦੀ, ਮੇਰਾ ਧਿਆਨ ਪਿੰਡ ਦੇ ਵਿਕਾਸ ਕੰਮਾਂ ਵੱਲ ਰਹਿੰਦਾ ਸੀ।

ਇੱਕ ਦਿਨ ਪਿੰਡ ਦੇ ਬਿਰਧ ਨੂੰ ਪੁਲੀਸ ਨੇ ਚੁੱਕ ਲਿਆ। ਗੁਲਜ਼ਾਰੀ ਨਾਂ ਦਾ ਉਹ ਸ਼ਖ਼ਸ ਨਹਿਰ ਦੀ ਪੁਲੀ ’ਤੇ ਚਾਹ ਦਾ ਖੋਖਾ ਲਾਉਂਦਾ ਸੀ। ਲੰਮੀ ਉਮਰ ਹੋਣ ਕਰ ਕੇ ਨਜ਼ਰ ਵੀ ਕਮਜ਼ੋਰ ਸੀ। ਗੁਜ਼ਰ-ਬਸਰ ਲਈ ਇਹ ਇੱਕ ਸਹਾਰਾ ਸੀ। ਹੋਇਆ ਇੰਝ ਕਿ ਨਹਿਰ ਖੜ੍ਹ ਗਈ (ਨਹਿਰ ਵਿੱਚ ਪਾਣੀ ਬੰਦ ਹੋਣ ’ਤੇ ਇੰਝ ਹੀ ਕਿਹਾ ਜਾਂਦਾ ਸੀ)। ਪਿੱਛਿਓਂ ਤਰਦੀ ਲਾਸ਼ ਪਾਣੀ ਘਟਣ ਕਾਰਨ ਪੁਲੀ ਕੋਲ ਫਸ ਗਈ। ਥਾਣੇ ਖ਼ਬਰ ਮਿਲਣ ’ਤੇ ਪੁਲੀਸ ਲਾਸ਼ ਕਢਵਾ ਕੇ ਲੈ ਗਈ ਅਤੇ ਪੁਲੀ ’ਤੇ ਚਾਹ ਬਣਾਉਣ ਵਾਲੇ ਗੁਲਜ਼ਾਰੀ ਨੂੰ ਵੀ ਚੁੱਕ ਲਿਆ।

ਇਹ ਮਨ ਨੂੰ ਪੀੜਤ ਕਰਨ ਵਾਲੀ ਖ਼ਬਰ ਸੀ। ਕਿਵੇਂ ਕੋਈ ਅਤਿ ਬਿਰਧ ਜ਼ਿੰਦਗੀ ਦੇ ਆਖਿ਼ਰੀ ਸਾਲਾਂ ਦੌਰਾਨ ਸਮੇਂ ਨਾਲ ਲੜ ਰਿਹਾ ਸੀ ਤੇ ਪੁਲੀਸ ਦਹਿਸ਼ਤ ਫੈਲਾ ਕੇ ਲੋਕਾਂ ਨੂੰ ਹੋਰ ਭੈਭੀਤ ਕਰ ਰਹੀ ਸੀ ਜੋ ਪਹਿਲਾਂ ਹੀ ਦੂਹਰੇ ਡਰ ਦਾ ਸ਼ਿਕਾਰ ਸਨ। ਅਜਿਹੇ ਹਾਲਾਤ ਵਿੱਚ ਮੇਰੀ ਜਿ਼ੰਮੇਵਾਰੀ ਹੋਰ ਵੀ ਵਧ ਗਈ। ਮੈਂ ਭਰਿਆ ਪੀਤਾ ਥਾਣੇ ਜਾ ਵੜਿਆ। ਥਾਣੇ ਦੇ ਬਾਹਰ ਹੋਰ ਬੰਦੀਆਂ ਨਾਲ ਗੁਲਜ਼ਾਰੀ ਦੇ ਸਿਰ ਉੱਪਰ ਮਿੱਟੀ ਦਾ ਭਰਿਆ ਭਾਰੀ ਟੋਕਰਾ ਚੁੱਕਿਆ ਹੋਇਆ ਸੀ। ਲੜਖੜਾਉਂਦਾ ਔਖਾ ਸੌਖਾ ਉਹ ਤੁਰਨ ਲਈ ਮਜਬੂਰ ਸੀ। ਮੈਨੂੰ ਦੇਖਦਿਆਂ ਉਹਦੇ ਸਾਹ ਵਿੱਚ ਸਾਹ ਆਏ। ਨੇੜੇ ਜਾਂਦਿਆਂ ਕਿਹਾ, “ਇਥੇ ਹੀ ਟੋਕਰਾ ਸੁੱਟ ਦੇ, ਤੇ ਬੈਠ ਜਾ।” ਜਕੋਤਕੀ ਵਿੱਚ ਉਹਨੇ ਟੋਕਰਾ ਸੁੱਟ ਦਿੱਤਾ। ਗੇਟ ’ਤੇ ਖੜ੍ਹਾ ਸੰਤਰੀ ਦੇਖ ਰਿਹਾ ਸੀ। ਮੈਂ ਬਗੈਰ ਉਸ ਨਾਲ ਅੱਖ ਮਿਲਾਏ ਅੰਦਰ ਚਲਾ ਗਿਆ।

ਵਿਹੜੇ ਵਿੱਚ ਥਾਣੇਦਾਰ ਦਫ਼ਤਰ ਲਾਈ ਬੈਠਾ ਸੀ। ਦੋ ਬੰਦੇ ਉਸ ਕੋਲ ਬੈਠੇ ਸਨ ਜੋ ਮੈਨੂੰ ਖ਼ਾਸ ਆਦਮੀ ਸਮਝਦਿਆਂ ਕੁਰਸੀਆਂ ਛੱਡ ਖੜ੍ਹੇ ਹੋ ਗਏ। “ਮੈਂ ਬੁਟਾਹਰੀ ਦਾ ਸਰਪੰਚ ਆਂ।” ਆਪਣੀ ਜਾਣ-ਪਛਾਣ ਕਰਵਾਈ।... ਥਾਣੇ ਵਿੱਚ ਤਾਂ ਬਗੈਰ ਆਗਿਆ ਚਿੜੀ ਨਹੀਂ ਫੜਕ ਸਕਦੀ, ਸਰਪੰਚ ਤਾਂ ਮੁਲਾਕਾਤ ਦੀ ਆਗਿਆ ਲੈਣ ਲਈ ਗੇਟ ’ਤੇ ਖੜ੍ਹੇ ਰਹਿੰਦੇ ਨੇ, ਇਹ ਕਿਵੇਂ ਸਿੱਧਾ ਆ ਵੜਿਆ?... ਸ਼ਾਇਦ ਉਹ ਸੋਚਦਾ ਹੋਵੇ।

“ਤੁਸੀਂ ਮੇਰੇ ਪਿੰਡ ਦੇ ਬਜ਼ੁਰਗ ਨੂੰ ਨਹਿਰ ਵਿੱਚ ਫਸੀ ਲਾਸ਼ ਦੇ ਸਬੰਧ ਵਿੱਚ ਫੜ ਕੇ ਲਿਆਏ ਹੋ... ਮੈਂ ਉਹਨੂੰ ਲੈਣ ਆਇਆਂ।” ਬਗੈਰ ਕਿਸੇ ਭੂਮਿਕਾ ਮੈਂ ਆਪਣੀ ਗੱਲ ਰੱਖ ਦਿਤੀ। ਉਹਨੇ ਕਿਹਾ, “ਮੈਂ ਤਾਂ ਤੈਨੂੰ ਕਦੇ ਥਾਣੇ ਆਏ ਨੂੰ ਦੇਖਿਆ ਨਹੀਂ।” ਜਵਾਬ ਵਿੱਚ ਮੈਂ ਕਿਹਾ, “ਮੈਨੂੰ ਥਾਣੇ ਨਾਲ ਕੋਈ ਕੰਮ ਨਹੀਂ ਪੈਂਦਾ... ਇਹਨੂੰ ਤੁਸੀਂ ਨਾਜਾਇਜ਼ ਫੜਿਐ, ਇਸ ਲਈ ਮੈਨੂੰ ਆਉਣਾ ਪਿਆ।

“ਮੈਂ ਨ੍ਹੀਂ ਛੱਡਦਾ।” ਉਹਨੇ ਦਬਕਾ ਮਾਰਿਆ।

“ਚੰਗਾ ਫਿਰ ਮੈਂ ਚੱਲਿਆਂ, ਹੁਣ ਤੂੰ ਛੱਡੀਂ ਨਾ।” ਮੋੜਵੇਂ ਲਹਿਜੇ ਵਿੱਚ ਉਹਨੂੰ ‘ਤੂੰ’ ਕਹਿੰਦਿਆਂ ਮੈਂ ਬਾਹਰ ਨੂੰ ਚੱਲ ਪਿਆ। ਜਿਵੇਂ ਹੀ ਗੇਟ ਤੋਂ ਬਾਹਰ ਨਿਕਲਿਆ, ਸੰਤਰੀ ਨੇ ਆਵਾਜ਼ ਮਾਰੀ, “ਸਾਬ੍ਹ ਬੁਲਾ ਰਹੇ ਨੇ।” ਮੇਰੇ ਅੰਦਰ ਵੜਦਿਆਂ ਦੂਰੋਂ ਹੀ ਥਾਣੇਦਾਰ ਨੇ ਕਿਹਾ, “ਜਾਹ ਲੈ ਜਾ ਆਪਣੇ ਬੰਦੇ ਨੂੰ।”

ਸੰਪਰਕ: 98725-91653

Advertisement