ਜੈਤੋ ਨਗਰ ਕੌਂਸਲ ਦਾ ਪ੍ਰਧਾਨ ਗੱਦੀਓਂ ਲਾਹਿਆ
ਸ਼ਗਨ ਕਟਾਰੀਆ
ਜੈਤੋ, 1 ਦਸੰਬਰ
ਨਗਰ ਕੌਂਸਲ ਜੈਤੋ ਦੇ ਪ੍ਰਧਾਨ ਨੂੰ ਅਹੁਦੇ ਤੋਂ ਲਾਹੁਣ ਲਈ ਅੱਜ ਵੱਖ-ਵੱਖ ਸਿਆਸੀ ਪਾਰਟੀਆਂ ਦੇ ਕੌਂਸਲਰ ਇਕਜੁੱਟ ਹੋ ਗਏ ਜਿਨ੍ਹਾਂ ਨੇ ਬੇ-ਭਰੋਸਗੀ ਮਤੇ ਰਾਹੀਂ ਕਾਂਗਰਸ ਪਾਰਟੀ ਨਾਲ ਸਬੰਧਤ ਪ੍ਰਧਾਨ ਨੂੰ ਕੁਰਸੀ ਤੋਂ ਲਾਹ ਦਿੱਤਾ। ਅੱਜ ਦੀ ਬੈਠਕ ਦੇ ‘ਬਾਈਕਾਟ’ ਦਾ ਹੋਕਾ ਦੇਣ ਵਾਲੀ ਭਾਜਪਾ ਨੇ ਵੀ ਸਦਨ ਅਤੇ ਵੋਟਿੰਗ ’ਚ ਹਿੱਸਾ ਲਿਆ ਜਦਕਿ ਨਗਰ ਕੌਂਸਲ ਦੇ ਪ੍ਰਧਾਨ ਸੁਰਜੀਤ ਸਿੰਘ ਬਾਬਾ, ਉਨ੍ਹਾਂ ਦੀ ਪਤਨੀ ਕੌਂਸਲਰ ਜਸਪਾਲ ਕੌਰ ਤੇ ਇਕ ਹੋਰ ਕੌਂਸਲਰ ਸਤਨਾਮ ਸਿੰਘ ਸੱਤਾ ਇਸ ਮੌਕੇ ਨਾਦਾਰਦ ਰਹੇ। ਦੱਸ ਦੇਈਏ ਕਿ 2021 ’ਚ ਹੋਈਆਂ ਨਗਰ ਕੌਂਸਲ ਦੀਆਂ ਚੋਣਾਂ ’ਚ ਕਾਂਗਰਸ ਦੇ 7, ਆਜ਼ਾਦ 4, ਸ਼੍ਰੋਮਣੀ ਅਕਾਲੀ ਦਲ ਦੇ 3, ‘ਆਪ’ ਦੇ 2 ਤੇ ਭਾਜਪਾ ਦਾ 1 ਕੌਂਸਲਰ ਜਿੱਤਿਆ ਸੀ। ਇਨ੍ਹਾਂ 17 ਕੌਂਸਲਰਾਂ ਸਮੇਤ ਵੋਟਿੰਗ ਲਈ ਸਬੰਧਤ ਹਲਕੇ ਦਾ ਵਿਧਾਇਕ ਵੀ ਵੋਟ ਕਰਨ ਦਾ ਹੱਕਦਾਰ ਹੁੰਦਾ ਹੈ। ਅੱਜ ਦੀ ਮੀਟਿੰਗ ਵਿੱਚ ਵੀ ਵਿਧਾਇਕ ਅਮੋਲਕ ਸਿੰਘ ਹਾਜ਼ਰ ਸਨ।
ਕੁਝ ਦਿਨ ਪਹਿਲਾਂ ਅਕਾਲੀ ਕੌਂਸਲਰ ਨਰਿੰਦਰਪਾਲ ਸਿੰਘ ਰਾਮੇਆਣਾ ‘ਆਪ’ ਵਿੱਚ ਸ਼ਾਮਲ ਹੋਣ ਨਾਲ ਸੱਤਾਧਾਰੀ ਧਿਰ ਦੇ ਕੌਂਸਲਰਾਂ ਦੀ ਗਿਣਤੀ 3 ਹੋ ਗਈ ਸੀ। ਕੌਂਸਲ ਪ੍ਰਧਾਨ ਦੀ ਗ਼ੈਰ ਮੌਜੂਦਗੀ ਵਿੱਚ ਮੀਟਿੰਗ ਦੀ ਕਾਰਵਾਈ ‘ਆਪ’ ਕੌਂਸਲਰ ਨਰਿੰਦਰਪਾਲ ਸਿੰਘ ਨੇ ਚਲਾਈ। ਹਾਜ਼ਰ ਮੈਂਬਰਾਂ ਨੇ ਬੇ-ਭਰੋਸਗੀ ਮਤੇ ਦੇ ਹੱਕ ’ਚ ਹੱਥ ਖੜ੍ਹੇ ਕਰ ਕੇ ਵੋਟ ਪਾਈ। ਬੈਠਕ ’ਚ ਹਾਜ਼ਰ ਕਾਰਜਸਾਧਕ ਅਫ਼ਸਰ (ਈ.ਓ) ਨਰਿੰਦਰ ਕੁਮਾਰ ਅਤੇ ਹੋਰ ਅਧਿਕਾਰੀਆਂ ਨੇ ਕੌਂਸਲਰਾਂ ਦੇ ਦਸਤਖ਼ਤਾਂ ਵਾਲਾ ਪਾਸ ਕੀਤਾ ਮਤਾ ਹਾਸਲ ਕੀਤਾ। ਦਿਲਚਸਪ ਗੱਲ ਇਹ ਰਹੀ ਕਿ ਅਹੁਦੇ ਤੋਂ ਹਟਾਏ ਗਏ ਕਾਂਗਰਸ ਪਾਰਟੀ ਨਾਲ ਸਬੰਧਤ ਪ੍ਰਧਾਨ ਸੁਰਜੀਤ ਸਿੰਘ ਬਾਬਾ ਖ਼ਿਲਾਫ਼ ਆਏ ਬੇਭਰੋਸਗੀ ਦੇ ਮਤੇ ਨੂੰ ਖਾਰਜ ਕਰਨ ਲਈ ਵੀ ਕਿਸੇ ਕਾਂਗਰਸੀ ਜ਼ਿਲ੍ਹਾ ਪ੍ਰਧਾਨ ਵੱਲੋਂ ਪਾਰਟੀ ਕੌਂਸਲਰਾਂ ਨੂੰ ਕੋਈ ਹਦਾਇਤ ਨਹੀਂ ਦਿੱਤੀ ਗਈ। ਦੂਜੇ ਪਾਸੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗਗਨਦੀਪ ਸੁਖੀਜਾ ਨੇ ਦੋ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਬੀਜੇਪੀ ਬੇ-ਭਰੋਸਗੀ ਮਤੇ ਮੌਕੇ ਬਾਈਕਾਟ ਕਰੇਗੀ ਪਰ ਬੀਜੇਪੀ ਵੱਲੋਂ ਅੱਜ ਦੀ ਵੋਟਿੰਗ ’ਚ ਸਪੱਸ਼ਟ ਰੂਪ ’ਚ ਭਾਗੀਦਾਰੀ ਨਿਭਾਈ ਗਈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰਾਂ ਨੇ ਵੀ ਖੁੱਲ੍ਹੇਆਮ ਮਤੇ ਦੇ ਹੱਕ ’ਚ ਫ਼ਤਵਾ ਦਿੱਤਾ।